ਮੰਗਾਂ ਪੂਰੀਆਂ ਨਾ ਹੋਣ ’ਤੇ ਹੈੱਡਮਾਸਟਰਾਂ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 1ਜੂਨ 2025: ਹੈੱਡਮਾਸਟਰ ਐਸੋਸੀਏਸ਼ਨ, ਪੰਜਾਬ ਦੇ ਜਨਰਲ ਇਜਲਾਸ ਵਿੱਚ ਹੈਡਮਾਟਰ ਕਾਡਰ ਦੀਆਂ ਮੰਗਾਂ ਪੂਰੀਆਂ ਨਾਂ ਹੋਣ ਕਰਨ ਸੰਘਰਸ਼ ਦੇ ਰਾਹ ਪੈਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਣਗੌਲੇ ਕੀਤੇ ਹੈੱਡਮਾਸਟਰ ਕਾਡਰ ਵਿੱਚ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਭਾਰੀ ਰੋਸ ਹੈ ਜਿਸ ਦੇ ਚੱਲਦਿਆਂ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਅਣਦੇਖੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਰਣਨੀਤੀ ਘੜੀ ਗਈ ਹੈ। ਐਸੋਸੀਏਸ਼ਨ ਦੀ ਜਨਰਲ ਸਕੱਤਰ ਰਾਜਵੰਤ ਕੌਰ ਨੇ ਕਿਹਾ ਕਿ 2019 ਵਿੱਚ ਨਿਕਲੀ ਭਰਤੀ ਦੌਰਾਨ ਪਹਿਲਾਂ ਹੀ ਸਾਲਾਂ ਬੱਧੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਪੀ. ਪੀ. ਐੱਸ. ਸੀ. ਦਾ ਇਮਤਿਹਾਨ ਪਾਸ ਕਰਕੇ ਜਨਵਰੀ 2020 ਵਿੱਚ ਹੈੱਡਮਾਸਟਰਾਂ ਵਜੋਂ ਜੁਆਇੰਨ ਕੀਤਾ ਅਤੇ ਦਿਨਾਂ ਵਿੱਚ ਹੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।
ਉਹਨਾਂ ਕਿਹਾ ਕਿ ਇਸ ਦੇ ਬਦਲੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਹਾਇਰ ਰਿਸਪਾਂਸੀਬਿਲਟੀ ਇੰਕਰੀਮੈਂਟ ਦੇਣ ਤੋਂ ਵੀ ਬਿਨਾਂ ਕਿਸੇ ਕਾਰਨ ਦੇ ਹੱਥ ਪਿੱਛੇ ਖਿੱਚ ਲਿਆ ਹੈ ਇਸ ਹੁਣ ਹੈੱਡਮਾਸਟਰ ਕਾਡਰ ਚੁੱਪ ਨਹੀਂ ਬੈਠੇਗਾ। ਉਹਨਾ ਕਿਹਾ ਕਿ ਇਸ ਤਹਿਤ ਹਰ ਮੁਹਾਜ਼ ’ਤੇ ਸੰਘਰਸ਼ ਲਈ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ ਅਤੇ ਕਾਨੂੰਨ ਦਾ ਸਹਾਰਾ ਵੀ ਲਿਆ ਜਾਵੇਗਾ। ਇਸ ਮੌਕੇ ਬਠਿੰਡਾ ਤੋਂ ਸਟੇਟ ਕਮੇਟੀ ਮੈਂਬਰ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਕਟਾਰੀਆ ਨੇ ਹੈੱਡਮਾਸਟਰ ਕਾਡਰ ਦੇ ਗਰੇਡ ਪੇ ਵਿੱਚ ਵਾਧਾ ਕਰਨ, ਹਾਇਰ ਰਿਸਪਾਂਸੀਬਿਲਟੀ ਇਨਕਰਮੈਂਟ ਦੇਣ, ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆਂ ਤਰੱਕੀਆਂ ਅਤੇ ਪ੍ਰਮੋਸ਼ਨ ਕੋਟੇ ਵਿੱਚ ਵਾਧੇ ਦੀਆਂ ਬਿਲਕੁਲ ਜਾਇਜ਼, ਹੱਕੀ ਤੇ ਤਰਕਸੰਗਤ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਦਿਵਾਉਣ ਅਤੇ ਪਹਿਲ ਦੇ ਅਧਾਰ ’ਤੇ ਇਹ ਮੰਗਾ ਪੂਰੀਆਂ ਕਰਕੇ ਕਾਡਰ ਨਾਲ ਇਨਸਾਫ਼ ਕਰਨ ਦੀ ਮੰਗ ਕੀਤੀ।
ਉਹਨਾਂ ਨੇ ਹੈੱਡਮਾਸਟਰ ਕਾਡਰ ਨੂੰ ਹਰ ਪੱਖ ਤੋਂ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਵੱਡਾ ਐਕਸ਼ਨ ਪਲਾਨ ਕੀਤਾ ਜਾਵੇਗਾ। ਇਸ ਮੌਕੇ ਹੈੱਡਮਾਸਟਰ ਹਰਮੇਸ਼ ਕਟਾਰੀਆ, ਸੁਸ਼ੀਲ ਕੁਮਾਰ, ਹਰਪ੍ਰੀਤ ਸਿੰਘ, ਗੁਰਵਰਿੰਦਰ ਸਿੰਘ, ਸੰਜੀਵ ਕੁਮਾਰ, ਅਰੁਣ ਕੁਮਾਰ, ਹਰਸ਼ ਦੇਵ, ਗੁਰਪ੍ਰੀਤ ਕੌਰ, ਡਾ. ਨੀਤੂ, ਹਰਪ੍ਰੀਤ ਕੌਰ, ਰੀਤੂ ਚੌਧਰੀ, ਗਗਨਦੀਪ ਕੌਰ, ਅਮਨਜੀਤ ਕੌਰ ਅਤੇ ਡਾ. ਹਰਪਿੰਦਰ ਕੌਰ ਨੇ ਪ੍ਰਿੰਸੀਪਲ ਪ੍ਰਮੋਸ਼ਨ ਲਈ ਹੈੱਡਮਾਸਟਰ ਕਾਡਰ ਦਾ ਬਣਦਾ ਬੈਕਲਾਗ ਦੇਣ ਅਤੇ ਜਲਦ ਤਰੱਕੀਆਂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਹੈਡਮਾਟਸਰ ਰੋਸ ਮੁਜ਼ਾਹਰਿਆਂ ਅਤੇ ਧਰਨਿਆਂ ਵਗੈਰਾ ਦੇ ਰਾਹ ਪੈਣਾ ਨਹੀਂ ਚਾਹੁੰਦੇ ਸਨ ਇਹ ਤਾਂ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਇਸ ਰਸਤੇ ਚੱਲਣ ਲਈ ਮਜਬੂਰ ਕਰ ਰਹੀਆਂ ਹਨ।