ਪਿੰਡ ਸੰਧਵਾਂ ਦੀ ਖੂਨੀ ਲੜਾਈ ਦਾ ਮਾਮਲਾ: ਸਰਪੰਚੀ ਚੋਣਾਂ ਹਾਰਨ ਵਾਲਿਆਂ 'ਤੇ ਹਮਲੇ ਦਾ ਦੋਸ਼ ਲਗਾਇਆ ਸੀ ਸਰਪੰਚ ਨੇ, ਦੂਜੀ ਧਿਰ ਵੀ ਆਈ ਸਾਹਮਣੇ
- ਕਿਹਾ ਮਾਮਲਾ ਬਿਲਕੁਲ ਉਲਟ ,ਸਰਪੰਚ ਨੇ ਕੀਤਾ ਸੀ ਦਰਜਨ ਤੋਂ ਵੱਧ ਸਾਥੀਆਂ ਸਮੇਤ ਹਮਲਾ, ਸੀਸੀਟੀਵੀ ਕੀਤੀ ਪੇਸ਼
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 1 ਜੂਨ 2025 - ਪੁਲਿਸ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਸੰਧਵਾਂ ਵਿੱਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਗੁਰਜੀਤ ਕੌਰ ਤੇ ਉਸ ਦੇ ਪਰਿਵਾਰ ਨੇ ਦੂਸਰੀ ਧਿਰ ਉੱਪਰ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਸੀ । ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਜਦੋਂ ਦੂਜੀ ਧਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਵੀ ਕੈਮਰੇ ਦੇ ਸਾਹਮਣੇ ਆਏ ਹਨ ਅਤੇ ਕਿਹਾ ਕਿ ਉਹਨਾਂ ਦਾ ਵੱਡਾ ਭਰਾ ਇੱਕ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਮੀਡੀਆ ਦਾ ਸਹਾਰਾ ਲੈ ਕੇ ਮੌਜੂਦਾ ਸਰਪੰਚ ਗੁਰਜੀਤ ਕੌਰ ਨੇ ਬਿਲਕੁਲ ਝੂਠੀ ਕਹਾਣੀ ਪੇਸ਼ ਕੀਤੀ ਹੈ। ਉਸਨੇ ਦੋਸ਼ ਲਗਾਇਆ ਕਿ ਸਰਪੰਚ ਅਤੇ ਉਸਦੇ ਪਰਿਵਾਰਿਕ ਮੈਂਬਰ ਆਪ ਸੱਟਾ ਲਗਾ ਕੇ ਹਸਪਤਾਲ ਦਾਖਲ ਹੋ ਗਏ ਜਦਕਿ ਅਸਲੀਅਤ ਇਹ ਹੈ ਕਿ ਉਹਨਾਂ ਵੱਲੋਂ ਇੱਕ ਦਰਜਨ ਤੋਂ ਵੱਧ ਪਰਿਵਾਰਕ ਮੈਂਬਰਾਂ ਤੇ ਅਣਪਛਾਤੇ ਵਿਅਕਤੀਆਂ ਨਾਲ ਉਹਨਾਂ ਦੇ ਫਾਰਮ ਤੇ ਆ ਕੇ ਹਮਲਾ ਕੀਤਾ ਗਿਆ ਸੀ ਜਿਸ ਹਮਲੇ ਵਿੱਚ ਉਹਨਾਂ ਦੇ ਚਾਰ ਪਰਿਵਾਰਕ ਮੈਂਬਰ ਗੰਭੀਰ ਜਖਮੀ ਹੋਏ ਸਨ ਜਦਕਿ ਉਹਨਾਂ ਦਾ ਭਰਾ ਗੁਰਸ਼ਰਨ ਸਿੰਘ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਉਹਨਾਂ ਕਿਹਾ ਕਿ ਸਰਪੰਚੀ ਚੋਣਾਂ ਜਿੱਤਣ ਤੋਂ ਬਾਅਦ ਹੀ ਵਿਰੋਧੀ ਧਿਰ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਪਹਿਲਾਂ ਵੀ ਇੱਕ ਵਾਰ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸ਼ਿਕਾਇਤ ਵੀ ਉਹਨਾਂ ਵੱਲੋਂ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਹਮਲੇ ਨਾਲ ਸੰਬੰਧਿਤ ਸੀਸੀਟੀਵੀ ਵੀਡੀਓ ਅਤੇ ਮੌਕੇ ਦੀਆਂ ਵੀਡੀਓ ਵੀ ਮੀਡੀਆ ਨੂੰ ਜਾਰੀ ਕੀਤੀਆਂ ਹਨ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪੂਰੀ ਅਸਲੀਅਤ ਸਾਹਮਣੇ ਆ ਸਕੇ।
ਦੂਜੇ ਪਾਸੇ ਮਾਮਲੇ ਵਿੱਚ ਸੰਬੰਧਿਤ ਥਾਣੇ ਦੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਹਾਂ ਧਿਰਾਂ ਦੀ ਸ਼ਿਕਾਇਤਾਂ ਮਿਲੀਆਂ ਹਨ। ਜਾਂਚ ਤੋਂ ਬਾਅਦ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ।