ਔਕਲੈਂਡ: ਹੌਸਪਿਸ ਟੋਟਾਰਾ ਵੱਲੋਂ ਭਾਰਤੀ ਕਮਿਊਨਿਟੀ ਦੇ ਨਾਲ ਤਾਲਮੇਲ ਮਿਲਣੀ-ਦੱਸੀ ਕਾਰਜ ਪ੍ਰਣਾਲੀ
-ਬੁਝ ਰਹੇ ਜੀਵਨ ਜਗਦੇ ਰੱਖਣ ਲਈ ਕਰਦੇ ਹਨ ਦੇਖਭਾਲ
-ਭਾਰਤੀ ਮੂਲ ਦੇ ਵਲੰਟੀਅਰਜ਼ ਨੂੰ ਅੱਗੇ ਆਉਣ ਦਾ ਸੱਦਾ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 01 ਜੂਨ 2025 -ਅੱਜ ਹੌਸਪਿਸ ਟੋਟਾਰਾ ਵਿਖੇ ਸਮੂਹ ਮੈਨੇਜਮੈਂਟ ਵੱਲੋਂ ਭਾਰਤੀ ਕਮਿਊਨਿਟੀ ਦੇ ਨਾਲ ਇਕ ਤਾਲਮੇਲ ਮਿਲਣੀ ਕੀਤੀ ਗਈ। ਇਸ ਖਾਸ ਮਿਲਣੀ ਦਾ ਮਕਸਦ ਐਨਾ ਸੀ ਕਿ ਭਾਰਤੀ ਕਮਿਊਨਿਟੀ ਦਾ ਇਥੇ ਵੱਡਾ ਕਾਰੋਬਾਰੀ ਅਧਾਰ ਹੈ, ਵਧਦੀ ਜਨਸੰਖਿਆ ਹੈ ਅਤੇ ਵਲੰਟੀਅਰ ਸੇਵਾਵਾਂ ਦੇ ਵਿਚ ਐਨੀ ਭਾਗੀਦਾਰੀ ਨਹੀਂ ਜਿੰਨੀ ਦਾ ਯੋਗਦਾਨ ਹੋ ਸਕਦਾ ਹੈ। ਇਸਦਾ ਕਾਰਨ ਸ਼ਾਇਦ ਕਮਿਊਨਿਟੀ ਦੇ ਨਾਲ ਕਮਿਉਨੀਕੇਸ਼ਨ ਥੋੜ੍ਹਾ ਘੱਟ ਹੋ ਸਕਦਾ ਹੈ, ਪਰ ਫਿਰ ਵੀ ਕੁਝ ਅਜਿਹੇ ਪੰਜਾਬੀ ਵਲੰਟੀਅਰ ਹਨ ਜੋ ਕਿ ਹੌਸਪਿਸ ਵਰਗੀ ਸੰਸਥਾ ਦੇ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਵਰਲਡ ਵਾਈਡ ਇਮੀਗ੍ਰੇਸ਼ਨ ਵਾਲੇ ਸੰਨੀ ਸਿੰਘ ਹਰ ਹਫਤੇ ਇਥੇ ਸੇਵਾ ਕਰਦੇ ਹਨ ਅਤੇ ਅੱਜ ਦੀ ਇਸ ਮਿਲਣੀ ਦੇ ਵਿਚ ਉਨ੍ਹਾਂ ਦੇ ਸੱਦੇ ਕਾਫੀ ਮਹਿਮਾਨ ਸਨ। ਮੇਜ਼ਬਾਨ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਆਖਿਆ। ਸੰਨੀ ਸਿੰਘ ਅਤੇ ਅੰਮ੍ਰਿਤਾ ਕੌਰ ਹੋਰਾਂ ਨੇ ਵੀ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਟੀ ਦੇ ਹੋਰ ਮੈਂਬਰਾਂ ਦੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਇਥੇ ਕੁਝ ਘੰਟੇ ਬਿਤਾਉਣ ਦੇ ਨਾਲ ਅਲੱਗ ਤਰ੍ਹਾਂ ਦਾ ਅਹਿਸਾਸ ਤੁਹਾਨੂੰ ਹੋਵੇਗਾ।
ਮੈਡੀਕਲ ਡਾਇਰੈਕਟਰ ਡਾ. ਜੇਮਜ਼ ਜੈਪ ਨੇ ਹੌਸਪਿਸ ਦੀ ਡਾਕਟਰੀ ਕਾਰਜ ਪ੍ਰਣਾਲੀ ਬਾਰੇ ਦੱਸਿਆ ਅਤੇ ਬਹੁਤ ਸਾਰੇ ਅਜਿਹੇ ਜੀਵਨ ਤਜ਼ਰਬੇ ਸਾਂਝੇ ਕੀਤੇ ਜਦੋਂ ਜੀਵ ਆਪਣੇ ਅੰਤਲੇ ਦਿਨਾਂ ਦੇ ਵਿਚ ਹੁੰਦਾ ਹੈ ਤਾਂ ਕਿਹੋ ਜਿਹੀ ਉਨ੍ਹਾਂ ਨੂੰ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਪਰਿਵਾਰ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਸੀ.ਈ.ਓ ਟੀਨਾ ਮੈਕ ਕੈਫਿਰਟੀ ਨੇ ਆਪਣੇ ਸੰਬੋਧਨ ਦੇ ਵਿਚ ਭਾਵੁਕ ਹੁੰਦਿਆ ਦੱਸਿਆ ਕਿ ਹੌਸਪਿਸ ਕਿਵੇਂ ਲੋਕਾਂ ਦੇ ਲਈ ਕੰਮ ਕਰ ਰਿਹਾ ਹੈ। ਅੱਜ ਦੀ ਮੀਟਿੰਗ ਦਾ ਮਤਲਬ ਦੱਸਣਾ ਸੀ ਕਿ ਅਸੀਂ ਕਿਉਂ ਦੇਖਭਾਲ ਕਰਦੇ ਹਾਂ, ਇਹ ਸਾਰਾ ਕੁਝ ਸੁਣ ਕੇ ਸਾਰੇ ਭਾਵੁਕ ਵੀ ਹੋਏ। ਕਮਿਊਨਿਟੀ ਨੈਟਵਰਕਿੰਗ ਲੀਡਰ ਤੂਈਗਾਮਾਲਾ ਨੇ ਨੈਟਵਰਕਿੰਗ ਬਾਰੇ ਚਾਨਣਾ ਪਾਇਆ। ਫੰਡ ਰੇਜਿੰਗ ਮੈਨੇਜਰ ਸ਼ੀਓ ਜਾਂਗ ਨੇ ਏਸ਼ੀਅਨ ਕਲਚਰ ਅਤੇ ਵੱਖ-ਵੱਖ ਭਾਸ਼ਾਵਾਂ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ। ਏਸ਼ੀਅਨ ਕਲਚਰਲ ਲਾਇਜਨ ਆਫੀਸਰ ਅੰਮ੍ਰਿਤਾ ਕੌਰ ਨੇ ਵੀ ਭਾਰਤੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਵਰਨਣਯੋਗ ਹੈ ਕਿ ਹੌਸਪਿਸ ਟੋਟਾਰਾ ਵਿਖੇ ਅੰਦਰ ਹੀ ਸ਼ਾਪਿੰਗ ਸੈਂਟਰ ਵੀ ਹੈ ਜਿੱਥੇ ਦਾਨ ਦਿੱਤੀਆਂ ਵਸਤਾਂ ਦੀ ਖਰੀਦੋ-ਫਰੋਖਤ ਹੁੰਦੀ ਹੈ। ਇਸ ਹੌਸਪਿਸ ਦੇ ਕੋਲ 100 ਦੇ ਕਰੀਬ ਸਟਾਫ ਹੈ ਜਿਸ ਦੇ ਵਿਚ 60 ਕਲੀਨੀਕਲੀ, 40 ਨਾਨ ਕਲੀਨੀਕਲੀ ਅਤੇ ਬਾਕੀ ਵਲੰਟੀਅਰਜ਼ ਹਨ। 360 ਦੇ ਕਰੀਬ ਉਹ ਮਰੀਜ਼ ਹਨ ਜਿਨ੍ਹਾਂ ਜੀਵਨ ਦੇ ਆਖਰੀ ਪਲਾਂ ਦੇ ਵਿਚ ਜੀਵਨ ਦੀ ਲੋਅ ਨੂੰ ਜਗਦਾ ਰੱਖਣ ਦੇ ਲਈ ਹੌਸਪਿਸ ਦੀ ਦੇਖਰੇਖ ਵਿਚ ਹਨ। ਇਥੇ ਭਾਰਤੀ ਮਰੀਜ਼ਾਂ ਦੀ ਵੀ ਗਿਣਤੀ ਹੈ। ਟੋਟਾਰਾ ਹੌਸਪਿਸ ਦੇ ਅੰਦਰ 12 ਦੇ ਕਰੀਬ ਬੈਡ ਹਨ ਜਦ ਕਿ ਬਾਕੀਆਂ ਦੀ ਘਰਾਂ ਦੇ ਵਿਚ ਸਟਾਫ ਵੱਲੋਂ ਦੇਖਭਾਲ ਕੀਤੀ ਜਾਂਦੀ ਹੈ। ਸ. ਖੜਗ ਸਿੰਘ ਅਤੇ ਸ੍ਰੀ ਮਾਰਸ਼ਲ ਵਾਲੀਆ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਚੰਗੇ ਕੰਮਾਂ ਦੀ ਸਰਾਹਣਾ ਕੀਤੀ।
ਪੰਜਾਬੀ ਮੀਡੀਆ ਤੋਂ ਸ. ਹਰਜਿੰਦਰ ਸਿੰਘ ਬਸਿਆਲਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਹਾਰਕੋਟ ਮੈਨੁਰੇਵਾ ਤੋਂ ਗੈਰੀ ਬੱਲ, ਦਲਜਿੰਦਰ ਸਿੰਘ ਅਤੇ ਹੋਰ ਟੀਮ, ਲੀਗਲ ਐਸੋਸੀਏਟਸ ਤੋਂ ਸ੍ਰੀ ਰਾਜ ਪ੍ਰਦੀਪ, ਕਾਰੋਬਾਰੀ ਮੰਦੀਪ ਸਿੰਘ, ਇੰਡੀਅਨ ਈਟਰੀ ਤੋਂ ਪਰਮਿੰਦਰ ਬਾਵਾ ਪਹੁੰਚੇ ਸਨ।