ਨਸ਼ਾ ਤਸਕਰੀ ਵਿੱਚ ਜਿਸ ਦਾ ਵੀ ਨਾਮ ਆਇਆ ਉਸ ਵਿਰੁੱਧ ਸਖਤ ਕਾਰਵਾਈ ਯਕੀਨੀ ਹੋਵੇਗੀ - ਅਮਨ ਅਰੋੜਾ
- ਜਿੰਨਾ ਵੱਡਾ ਤਸਕਰ- ਉਨੀ ਵੱਡੀ ਹੋਵੇਗੀ ਕਾਰਵਾਈ
- ਮੈਡੀਕਲ ਸਟੋਰਾਂ ਅਤੇ ਆਰ ਐਮ ਪੀ ਦੀ ਵੀ ਕੀਤੀ ਜਾਵੇ ਚੈਕਿੰਗ- ਧਾਲੀਵਾਲ
- ਓਟ ਸੈਂਟਰਾਂ ਉੱਤੇ ਵੀ ਨਜ਼ਰ ਰੱਖਣ ਦੀ ਵੱਡੀ ਲੋੜ- ਈਟੀਓ
ਅੰਮ੍ਰਿਤਸਰ, 17 ਮਾਰਚ 2025: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਨਸ਼ਾ ਤਸਕਰਾਂ ਅਤੇ ਉਨਾਂ ਦੇ ਅਕਾਵਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਧੰਦੇ ਵਿੱਚ ਜੋ ਵੀ ਵਿਅਕਤੀ ਸ਼ਾਮਿਲ ਹੋਇਆ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ, ਚਾਹੇ ਉਹ ਰਾਜਸੀ ਵਿਅਕਤੀ ਹੋਵੇ ਪੁਲਿਸ ਦਾ ਵਿਅਕਤੀ ਹੋਵੇ ਜਾਂ ਕੋਈ ਹੋਰ ਵੱਡੀ ਹਸਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ 1 ਮਾਰਚ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ ਲੋਕਾਂ ਦੀ ਮੁਹਿੰਮ ਬਣ ਗਈ ਹੈ। ਉਹ ਲੋਕ ਜੋ ਨਸ਼ੇ ਨੂੰ ਲੈ ਕੇ ਬੇਵਸ ਸਨ, ਉਹਨਾਂ ਵਿੱਚ ਆਸ ਦੀ ਕਿਰਨ ਪੈਦਾ ਹੋਈ ਹੈ ਅਤੇ ਲੋਕ ਹੁਣ ਨਸ਼ੇ ਸਬੰਧੀ ਜਾਣਕਾਰੀ ਪੁਲਿਸ ਕੋਲ ਸਾਂਝੀ ਕਰਨ ਲੱਗੇ ਹਨ
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜਾਇਜ਼ਾ ਲੈਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਅਤੇ ਮੰਗ ਨੂੰ ਖਤਮ ਕਰਨ ਲਈ ਇਨਫਾਰਸਮੈਂਟ, ਪ੍ਰੀਵੈਂਨਸ਼ਨ ਅਤੇ ਰੀਹੈਬਿਲੀਟੇਸ਼ਨ ਦੀ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 1651 ਕੇਸ ਦਰਜ ਕਰਕੇ 2575 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 1322 ਕਿੱਲੋ ਨਸ਼ਾ ਫੜਿਆ ਗਿਆ ਹੈ,ਜਦਕਿ 64.26 ਲੱਖ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਪਿਛਲੀਆਂ ਸਰਕਾਰਾਂ ਦਰਮਿਆਨ ਨਸ਼ਾ ਤਸਕਰਾਂ ਵਲੋਂ ਸਿਆਸੀ ਪੁਸ਼ਤਪਨਾਹੀ ਦੇ ਆਸਰੇ ਖੜ੍ਹੇ ਕੀਤੇ ਮਹਿਲ ਢਾਹ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਸ ਸਰਹੱਦੀ ਪੱਟੀ ਵਿੱਚ ਨਸ਼ੇ ਦੀ ਤਸਕਰੀ ਸਰਹੱਦ ਪਾਰ ਤੋਂ ਵੱਡੀ ਮਾਤਰਾ ਵਿੱਚ ਹੋ ਰਹੀ ਹੈ ਪਰ ਅਸੀਂ ਇਸ ਨੂੰ ਹਰ ਹਾਲਤ ਰੋਕ ਕੇ ਵਿਖਾਵਾਂਗੇ।
ਨਸ਼ਾ ਪੀੜ੍ਹਤਾਂ ਦੇ ਮੁੜ ਵਸੇਬੇ ਲਈ ਯਤਨਾਂ ਬਾਰੇ ਬੋਲਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਰੋਜ਼ਗਾਰ ਬਿਊਰੋ ਵਲੋਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇਲ੍ਹਾਂ ਅੰਦਰ ਬੰਦੀਆਂ ਨੂੰ ਵੀ ਹੁਨਰਮੰਦ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਜ਼ਾ ਪੂਰੀ ਕਰਨ ਪਿੱਛੋਂ ਸਮਾਜ ਦੀ ਤਰੱਕੀ ਵਿਚ ਹਿੱਸੇਦਾਰ ਬਣ ਸਕਣ।
ਉਨ੍ਹਾਂ ਦੱਸਿਆ ਕਿ ਪੰਚਾਇਤਾਂ, ਸਮਾਜ ਸੇਵੀ ਸੰਗਠਨਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਭਾਗੀਦਾਰ ਬਣਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਕਰਨ ਤਾਂ ਜੋ ਰਲ ਕੇ ਪੰਜਾਬ ਨੂੰ ਇਸ ਅਲਾਮਤ ਤੋਂ ਛੁਟਕਾਰਾ ਦਵਾਇਆ ਜਾ ਸਕੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵਿੱਦਿਅਕ ਅਦਾਰਿਆਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ।
ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ੇ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮੈਡੀਕਲ ਸਟੋਰਾਂ ਅਤੇ ਆਰਐਮਪੀ ਦੀ ਵੀ ਨਿਰੰਤਰ ਜਾਂਚ ਕਰਨ ਦੀ ਹਦਾਇਤ ਕੀਤੀ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਓਟ ਸੈਂਟਰ ਉੱਤੇ ਚਲਦੀ ਬਲੈਕ ਦਾ ਮੁੱਦਾ ਉਠਾਉਂਦੇ ਇਨਾਂ ਓਟ ਸੈਂਟਰਾਂ ਉੱਤੇ ਸਖਤ ਨਜ਼ਰ ਰੱਖਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਹੁਣ ਤੱਕ ਕੀਤੀ ਗਈ ਕਾਰਵਾਈ, ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਅਤੇ ਡੀ ਆਈ ਜੀ ਸ੍ਰੀ ਸਤਿੰਦਰ ਸਿੰਘ ਨੇ ਪਿਛਲੇ 16 ਦਿਨਾਂ ਵਿੱਚ ਹੋਈ ਰਿਕਵਰੀ ਬਾਬਤ ਵਿਸਥਾਰ ਵਿੱਚ ਦੱਸਿਆ।
ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਸ: ਦਲਬੀਰ ਸਿੰਘ ਟੌਂਗ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਅਜੈ ਗੁਪਤਾ, ਮੇਅਰ ਸ: ਜਤਿੰਦਰ ਸਿੰਘ ਮੋਤੀ ਭਾਟੀਆ, ਐਸ.ਐਸ.ਪੀ. ਦਿਹਾਤੀ ਸ: ਮਨਿੰਦਰ ਸਿੰਘ, ਚੇਅਰਮੈਨ ਸ: ਬਲਦੇਵ ਸਿੰਘ ਮਿਆਦੀਆਂ, ਚੇਅਰਮੈਨ ਜਸਪ੍ਰੀਤ ਸਿੰਘ, ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ,ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਮਨੀਸ਼ ਅਗਰਵਾਲ, ਦਿਹਾਤੀ ਪ੍ਰਧਾਨ ਸ: ਬਲਜਿੰਦਰ ਸਿੰਘ ਢਿੱਲੋਂ, ਸ੍ਰੀ ਪ੍ਰਭਬੀਰ ਬਰਾੜ, ਗੁਰਸ਼ਰਨ ਸਿੰਘ ਛੀਨਾ, ਜੱਗਾ ਮਜੀਠੀਆ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।