ਸਰਪੰਚ ਗੁਰਪ੍ਰੀਤ ਸਿੰਘ ਨੇ ਨਿੱਜੀ ਖਰਚੇ ਤੇ ਸਜਾਵਟੀ ਅਤੇ ਛਾਂਦਾਰ ਬੂਟੇ ਲਗਾ ਕੇ ਬੀਂਬੜ ਪਿੰਡ ਦੀ ਨੁਹਾਰ ਬਦਲਣ ਦੀ ਕੀਤੀ ਸ਼ੁਰੂਆਤ
- ਸ਼ਾਇਰ ਇੰਜੀ ਸਤਨਾਮ ਸਿੰਘ ਮੱਟੂ ਵੱਲੋਂ100 ਬੂਟੇ ਦੇਣ ਅਤੇ ਸਾਂਭ ਸੰਭਾਲ ਕਰਨ ਵਾਲੇ ਨੂੰ ਵੀ ਮਿਹਨਤਾਨਾ ਦੇਣ ਦਾ ਐਲਾਨ ਕੀਤਾ ਹੈ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਫਰਵਰੀ 2025:-ਹਰੀ ਕ੍ਰਾਂਤੀ ਦੇ ਆਉਣ ਨਾਲ ਫਸਲਾਂ ਦੇ ਵੱਧ ਤੋਂ ਵੱਧ ਝਾੜ ਲੈਣ ਦੀ ਆੜ ਵਿੱਚ ਖੇਤਾਂ, ਰਸਤਿਆਂ ਅਤੇ ਬੰਨਿਆਂ ਤੇ ਖੜੇ ਦਰੱਖਤਾਂ ਨੂੰ ਅੜਿੱਕਾ ਮੰਨਦਿਆਂ ਬੇਰਹਿਮੀ ਨਾਲ ਕੱਟ ਕੇ ਪੰਜਾਬ ਵਾਸੀਆਂ ਨੇ ਪਿੰਡਾਂ, ਖੇਤਾਂ ਅਤੇ ਰਸਤਿਆਂ ਨੂੰ ਬਿਲਕੁਲ ਸਾਫ਼ ਕਰ ਦਿੱਤਾ ਸੀ।ਇਸ ਨਾਲ ਗਲੋਬਲ ਵਾਰਮਿੰਗ ਦੀ ਗੰਭੀਰ ਉਤਪੰਨ ਹੋ ਗਈ।ਗਰਮੀ ਚ ਵਾਧੇ ਅਤੇ ਆਕਸੀਜਨ ਦੀ ਘਾਟ ਨੇ ਮਨੁੱਖ ਨੂੰ ਦਰੱਖਤਾਂ ਅਤੇ ਬੂਟਿਆਂ ਦੀ ਲੋੜ ਮਹਿਸੂਸ ਕਰਵਾਈ ਅਤੇ ਲੋਕਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ ਆਦਿ ਦਾ ਧਿਆਨ ਇਸ ਪਾਸੇ ਆਕਰਸ਼ਿਤ ਕੀਤਾ ਹੈ। ਇਸਦੇ ਮੱਦੇਨਜ਼ਰ ਨੇੜਲੇ ਪਿੰਡ ਬੀਂਬੜ ਦੀ ਸਰਬਸੰਮਤੀ ਨਾਲ ਚੁਣੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਪ੍ਰੀਤ ਸਿੰਘ ਸਰਪੰਚ ਨੇ ਪਿੰਡ ਨੂੰ ਫਿਰ ਤੋਂ ਹਰਿਆ ਭਰਿਆ ਬਣਾਉਣ ਦਾ ਬੀੜਾ ਚੁੱਕਿਆ ਹੈ।
ਨਰੇਗਾ ਦੇ ਅਧਿਕਾਰ ਖੇਤਰ ਤੋਂ ਬਾਹਰ ਪਿੰਡ ਦੇ ਰਸਤਿਆਂ ਨੂੰ ਸਜਾਵਟੀ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਆਰੰਭ ਦਿੱਤੀ ਹੈ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਪ੍ਰੀਤ ਸਿੰਘ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਅਫਸਰਾਂ,ਮੋਹਤਬਰ ਵਿਆਕਤੀਆਂ,ਸਾਬਕਾ ਸਰਪੰਚਾਂ ਸਮੇਤ ਰਾਜਨੀਤਕ ਸ਼ਖ਼ਸੀਅਤਾਂ ਬਿਨਾਂ ਕਿਸੇ ਭੇਦਭਾਵ ਦੇ ਬੂਟੇ ਉਪਲਬਧ ਕਰਾ ਕੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ। ਬੂਟਿਆਂ ਦੀ ਪਹਿਲੀ ਖੇਪ ਨੂੰ ਲਗਾਉਣ ਦੀ ਮੁਹਿੰਮ ਵਿੱਚ ਗੁਰਪ੍ਰੀਤ ਸਿੰਘ ਸਰਪੰਚ,ਸਾਬਕਾ ਸਰਪੰਚ ਬਲਕਾਰ ਸਿੰਘ ਸੰਧੂ, ਨੌਜਵਾਨ ਲੀਡਰ ਰੂਪੀ ਸਿੰਘ ਸੰਧੂ, ਗਿਆਨ ਸਿੰਘ ਸਾਬਕਾ ਪੰਚ, ਗੁਰਮੁਖ ਸਿੰਘ ਪੰਚ, ਮੋਹਨ ਸਿੰਘ ਸੰਧੂ ਸਾਬਕਾ ਫੌਜੀ,ਪਰਗਟ ਸਿੰਘ ਪੰਚ, ਨਿਰਮਲ ਸਿੰਘ ਸੰਧੂ ਚੇਅਰਮੈਨ, ਜਸਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ,ਬਲਵਿੰਦਰ ਸਿੰਘ ਸੰਧੂ ਪੁਲਿਸ ਅਧਿਕਾਰੀ ਆਦਿ ਨੇ ਅੱਗੇ ਹੋਕੇ ਸ਼ੁਭ ਹੱਥਾਂ ਨਾਲ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ। ਪਿੰਡ ਦੇ ਜੰਮਪਲ ਲੇਖਕ ,ਸ਼ਾਇਰ ਅਤੇ ਮੌਜੂਦਾ ਐਸ ਡੀ ਓ ਇੰਜੀ ਸਤਨਾਮ ਸਿੰਘ ਮੱਟੂ ਨੇ ਬੂਟੇ 100 ਆਪਣੇ ਵੱਲੋਂ ਦੇਣ ਅਤੇ ਬੂਟਿਆਂ ਦੀ ਸਾਂਭ ਸੰਭਾਲ ਕਰਕੇ ਬੂਟਿਆਂ ਨੂੰ ਪਾਲਣ ਵਾਲੇ ਨੂੰ ਵੀ ਮਿਹਨਤਾਨਾ ਦੇਣ ਦਾ ਐਲਾਨ ਕੀਤਾ ਹੈ। ਹੋਰਨਾਂ ਤੋਂ ਇਲਾਵਾ ਇਸ ਸਮੇਂ ਦਿਲਬਾਗ ਸਿੰਘ,ਜੱਗੀ ਸਿੰਘ, ਸੁਖਦੇਵ ਸਿੰਘ ਡਾਕਟਰ, ਧਰਮਿੰਦਰ ਸਿੰਘ ਪੰਚ ,ਹੈਪੀ,ਨੀਟਾ ਆਦਿ ਵੀ ਹਾਜਰ ਸਨ।