ਸਿਹਤ ਵਿਭਾਗ ਬਠਿੰਡਾ ਨੇ ਜੱਚਾ-ਬੱਚਾ ਹਸਪਤਾਲ ‘ਚ ਟੀਕਾਕਰਨ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2025: ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮਨਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਟੀਕਾਕਰਨ ਹਫ਼ਤੇ ਦੇ ਤਹਿਤ ਜੱਚਾ-ਬੱਚਾ ਹਸਪਤਾਲ ਵਿਖੇ ਮਾਪਿਆਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਮਾਪਿਆਂ ਨੂੰ ਬੱਚਿਆਂ ਲਈ ਸਮੇਂ-ਸਿਰ ਟੀਕਾਕਰਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਅੰਕੁਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ ਘਾਤਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਇਸ ਮੌਕੇ ਮਾਪਿਆਂ ਨੂੰ ਬੱਚਿਆਂ ਦੇ ਜਨਮ ਤੋਂ ਲੈ ਕੇ ਪੰਜ ਸਾਲ ਦੀ ਉਮਰ ਤੱਕ ਲੱਗਣ ਵਾਲੇ ਸਾਰੇ ਟੀਕਿਆਂ ਦੀ ਸੂਚੀ, ਉਨ੍ਹਾਂ ਦਾ ਸਮਾਂ ਅਤੇ ਲਾਭ ਬਾਰੇ ਸਮਝਾਇਆ ਗਿਆ।
ਇਸ ਦੌਰਾਨ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਮੁਕੰਮਲ ਟੀਕਾਕਰਨ ਨਾ ਸਿਰਫ਼ ਬੱਚੇ ਦੀ ਸਿਹਤ ਲਈ ਜ਼ਰੂਰੀ ਹੈ, ਸਗੋਂ ਸਮਾਜ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਵੀ ਮਹੱਤਵਪੂਰਨ ਹੈ। ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ ਨੇ ਸਾਂਝੇ ਤੌਰ ‘ਤੇ ਮੁਕੰਮਲ ਟੀਕਾਕਰਨ ਲਈ ਹਦਾਇਤ ਦਿੱਤੀ ਤਾਂ ਜੋ ਹਰ ਬੱਚਾ ਸੁਰੱਖਿਅਤ ਅਤੇ ਤੰਦਰੁਸਤ ਭਵਿੱਖ ਵੱਲ ਵਧ ਸਕੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਸੰਬੰਧੀ ਕਿਸੇ ਵੀ ਗਲਤਫ਼ਹਿਮੀ ਤੋਂ ਬਚਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਸਾਰੇ ਟੀਕੇ ਸਮੇਂ-ਸਿਰ ਲਗਵਾਉਣ। ਉਨ੍ਹਾਂ ਦੱਸਿਆ ਕਿ ਨਿਰਧਾਰਤ ਟੀਕਾਕਰਨ ਸੂਚੀ ਅਨੁਸਾਰ ਟੀਕਾਕਰਨ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਪਰ ਕਿਸੇ ਵੀ ਕਾਰਨ ਕਰਕੇ ਛੁੱਟ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਸਮੇਂ ਸਮੇਂ ਸਿਰ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈਆਂ ਜਾਂਦੀਆਂ ਹਨ ਤਾਂ ਸਿਹਤ ਵਿਭਾਗ ਦੇ ਅਜਿਹੇ ਉਪਰਾਲਿਆਂ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਇਸ ਮੌਕੇ ਸਿਹਤ ਸਟਾਫ਼ ਗੁਰਪ੍ਰੀਤ ਕੌਰ ਅਤੇ ਸਵਰਨ ਕੌਰ ਆਦਿ ਹਾਜ਼ਰ ਸਨ।