Babushahi Special: ਸੱਪ ਤੋਂ ਨਾਂ ਡਰਦੀ ਸ਼ੀਂਹ ਤੋਂ ਨਾਂ ਡਰਦੀ ਸੰਗਤ ਮੰਡੀ ਨੂੰ ਡਰਾਇਆ ਸੀਵਰੇਜ਼ ਦੇ ਗੰਦੇ ਪਾਣੀ ਨੇ
ਅਸ਼ੋਕ ਵਰਮਾ
ਸੰਗਤ ਮੰਡੀ, 3 ਜੁਲਾਈ 2025: ਕਿਸੇ ਵੇਲੇ ਨਰਮੇ ਕਪਾਹ ਦੀ ਖਰੀਦ ਵਜੋਂ ਅਹਿਮ ਵਪਾਰਕ ਕੇਂਦਰ ਰਹੀ ਬਠਿੰਡਾ ਜਿਲ੍ਹੇ ’ਚ ਪੈਂਦੀ ਸੰਗਤ ਮੰਡੀ ਦੇ ਲੋਕਾਂ ਨੇ ਬਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਰਾਹੀਂ ਇਹ ਸੁਨੇਹਾ ਦਿੱਤਾ ਕਿ ਉਹ ਹੁਣ ਸ਼ਹਿਰ ਦੀਆਂ ਗਲੀਆਂ ਬਜ਼ਾਰਾਂ ’ਚ ਮੇਲ੍ਹਦੇ ਫਿਰ ਰਹੇ ਸੀਵਰੇਜ਼ ਦੇ ਗੰਦੇ ਪਾਣੀ ਤੋਂ ਨਿਜਾਤ ਪਾਉਣ ਲਈ ਟਿਕ ਕੇ ਨਹੀਂ ਬੈਠਣਗੇ। ਸ਼ਹਿਰ ਦੀ ਸੰਘਰਸ਼ ਕਮੇਟੀ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਪਾਰੀਆਂ ਅਤੇ ਆਮ ਲੋਕਾਂ ਨੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਿਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਇਸ ਮੁੱਦੇ ਨੂੰ ਲੈਕੇ ਲਗਾਤਾਰ ਦਿੱਤੀਆਂ ਗਈਆਂ ਸ਼ਕਾਇਤਾਂ ਅਤੇ ਦਲੀਲਾਂ ਤੇ ਗੌਰ ਨਾਂ ਕਰਨ ਪ੍ਰਤੀ ਪ੍ਰਸ਼ਾਸ਼ਨ ਦੀ ਆਲੋਚਨਾ ਵੀ ਕੀਤੀ। ਆਗੂਆਂ ਨੇ ਸਾਫ਼ ਕੀਤਾ ਕਿ ਉਹ ਲੰਮੇਂ ਸਮੇਂ ਤੋਂ ਗੰਦਗੀ ਦੇ ਛੱਪੜ ਦਾ ਦਰਦ ਹੰਢਾ ਰਹੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਬੇਰਾਂ ਵੱਟੇ ਵੀ ਨਹੀਂ ਪੁੱਛਿਆ ਹੈ।

ਓਧਰ ਮੰਡੀ ਵਿੱਚ ਲੱਗੇ ਧਰਨੇ ਕਾਰਨ ਆਵਾਜਾਈ ਜਾਮ ਵਰਗੀ ਸਥਿਤੀ ਬਣੀ ਰਹੀ ਜਿਸ ਨੂੰ ਨਿਰਵਿਘਨ ਚਲਾਈ ਰੱਖਣ ਲਈ ਮੌਕੇ ਤੇ ਪੁੱਜੀ ਪੁਲਿਸ ਨੂੰ ਬਦਲਵੇਂ ਰਸਤੇ ਤਲਾਸ਼ਣੇ ਪਏ ਫਿਰ ਵੀ ਲੰਮਾਂ ਸਮਾਂ ਹਫੜਾ ਦਫੜੀ ਵਾਲਾ ਮਹੌਲ ਬਣਿਆ ਰਿਹਾ । ਰੋਸ ਨਾਲ ਭਰੇ ਲੋਕਾਂ ਨੇ ਸਵਾਲ ਕੀਤਾ ਕਿ ਸਰਕਾਰ ਦੱਸੇ ਸੰਗਤ ਮੰਡੀ ਦੇ ਲੋਕ ਕਿਸ ਖੂਹ ਖਾਤੇ ਪੈਣ ਤਾਂ ਜੋ ਉਨ੍ਹਾਂ ਦਾ ਬਦਬੂਦਾਰ ਮਹੌਲ ਤੋਂ ਖਹਿੜਾ ਛੁੱਟ ਜਾਏ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸੰਗਤ ਮੰਡੀ ਵਾਸੀਆਂ ਨੂੰ ਕਿਸੇ ਸੱਪ ਸਲੂਤੀ ਤੋਂ ਓਨਾ ਡਰ ਨਹੀਂ ਲੱਗਦਾ ਜਿੰਨ੍ਹਾਂ ਖੌਫ ਇਸ ਗੰਦੇ ਪਾਣੀ ਦਾ ਬਣਿਆ ਹੋਇਆ ਹੈ। ਮੰਡੀ ਵਾਸੀ ਆਖਦੇ ਹਨ ਕਿ ਪਿਛਲੇ ਦਿਨੀਂ ਜਦੋਂ ਬੰਬਾਂ ਅਤੇ ਮਿਜ਼ਾਇਲਾਂ ਨੇ ਸਹਿਮ ਦਾ ਮਹੌਲ ਬਣਾਇਆ ਹੋਇਆ ਸੀ ਤਾਂ ਵੀ ਉਨ੍ਹਾਂ ਨੂੰ ਡਰ ਨਹੀਂ ਲੱਗਿਆ ਸੀ ਪਰ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਨੇ ਤਾਂ ਲੋਕਾਂ ਨੂੰ ਬੁਰੀ ਤਰਾਂ ਡਰਾਇਆ ਹੋਇਆ ਹੈ।
ਲੋਕਾਂ ਨੇ ਕਿਹਾ ਕਿ ਕੁੱਝ ਦਿਨ ਦੀ ਗੱਲ ਹੋਵੇ ਤਾਂ ਉਹ ਬਰਦਾਸ਼ਤ ਕਰ ਲੈਣ ਪਰ ਸੀਵਰੇਜ਼ ਸਿਸਟਮ ਤਾਂ ਉਨ੍ਹਾਂ ਦੇ ਜੀਅ ਦਾ ਜੰਜਾਲ ਬਣ ਗਿਆ ਹੈ। ਹਾਲਾਂਕਿ ਹਾਕਮ ਧਿਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਮੰਡੀ ਵਾਸੀਆਂ ਨੂੰ ਭਰੋਸਾ ਦਿਵਾਕੇ ਧਰਨਾ ਖਤਮ ਕਰਵਾਉਣ ’ਚ ਸਫਲ ਹੋ ਗਏ ਪਰ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾਂ ਹੋਇਆ ਤਾਂ ਉਹ ਮੁੜ ਸੜਕਾਂ ਤੇ ਉੱਤਰਨਗੇ। ਸੰਗਤ ਮੰਡੀ ਦੀ ਤਾਜਾ ਸਥਿਤੀ ਇਹ ਹੈ ਕਿ ਗੰਦੇ ਪਾਣੀ ਕਾਰਨ ਨਾਂ ਕੇਵਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਬਲਕਿ ਪਾਣੀ ਖਲੋਣ ਕਾਰਨ ਕਾਰੋਬਾਰ ਨੂੰ ਵੀ ਵੱਡੀ ਸੱਟ ਵੱਜਣ ਲੱਗੀ ਹੈ। ਭਾਜਪਾ ਦੇ ਜਿਲ੍ਹਾ ਜਰਨਲ ਸਕੱਤਰ ਮੁਨੀਸ਼ ਕੁਮਾਰ ਟਿੰਕੂ ਦੀ ਅਗਵਾਈ ਹੇਠ ਇਕੱਤਰ ਲੋਕਾਂ ਦਾ ਦਰਦ ਹੈ ਕਿ ਸਥਿਤੀ ਐਨੀ ਤਰਸਯੋਗ ਹੈ ਕਿ ਹੁਣ ਤਾਂ ਰਿਸ਼ਤੇਦਾਰ ਵੀ ਸੰਗਤ ਮੰਡੀ ’ਚ ਆਉਣ ਤੋਂ ਗੁਰੇਜ਼ ਕਰਨ ਲੱਗੇ ਹਨ।
ਉਨ੍ਹਾਂ ਆਖਿਆ ਕਿ ਜੇਕਰ ਮਸਲਾ ਨਾਂ ਸੁਲਝਿਆ ਤਾਂ ਮੰਡੀ ਦੇ ਮੁੰਡੇ ਕੁੜੀਆਂ ਦੇ ਵਿਆਹ ਸ਼ਾਦੀਆਂ ਤੇ ਸੰਕਟ ਬਣਨ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਇੱਕ ਮੰਡੀ ਵਾਸੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਘਰ ਸੰਗਤ ਮੰਡੀ ਵਿੱਚ ਆਈ ਇੱਕ ਲੜਕੀ ਆਪਣੀ ਮਾਤਾ ਨਾਲ ਕੋਈ ਸਮਾਨ ਖਰੀਦਣ ਲਈ ਇਸ ਕਰਕੇ ਦੁਕਾਨਾਂ ਤੇ ਨਾਂ ਜਾ ਸਕੀ ਕਿਉਂਕਿ ਬਜ਼ਾਰ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਮੁਸ਼ਕ ਭਰਿਆ ਸਮੁੰਦਰ ਬਣੇ ਹੋਏ ਸਨ। ਇੱਕ ਨੌਜਵਾਨ ਦਾ ਕਹਿਣਾ ਸੀ ਕਿ ਅਗਰ ਸੀਵਰੇਜ਼ ਬੰਦ ਰਹਿੰਦਾ ਹੈ ਤਾਂ ਬਰਸਾਤਾਂ ਦੇ ਮੌਸਮ ਦੌਰਾਨ ਮੰਡੀ ਨੂੰ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਡੀ ਦੇ ਆਗੂ ਰਜਿੰਦਰ ਕੁਮਾਰ ਦਾ ਪ੍ਰਤੀਕਰਮ ਸੀ ਕਿ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਦੀਆਂ ਨੀਤੀਆਂ ਅਤੇ ਨੀਅਤ ’ਚ ਖੋਟ ਕਾਰਨ ਮੰਡੀ ਵਿੱਚ ਇਹ ਸਥਿਤੀ ਬਣੀ ਹੈ ਜੋ ਹਮੇਸ਼ਾ ਫੰਡ ਨਾਂ ਹੋਣ ਦਾ ਰੋਣਾ ਰੋਂਦੇ ਰਹਿੰਦੇ ਹਨ।
ਜਿਆਦਾਤਰ ਇਲਾਕਾ ਪ੍ਰਭਾਵਿਤ
ਦੁਖਦਾਇਕ ਪਹਿਲੂ ਹੈ ਕਿ ਬਜ਼ਾਰਾਂ ਵਿੱਚ ਦੂਰ ਦੂਰ ਤੱਕ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਨਜ਼ਰ ਆਉਂਦਾ ਹੈ । ਆਮ ਲੋਕਾਂ ਨੂੰ ਸੀਵਰੇਜ਼ ਦੇ ਪਾਣੀ ’ਚੋਂ ਲੰਘਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਇੱਕ ਦਿਨ ਤਾਂ ਇੱਕ ਬਜ਼ੁਰਗ ਮਹਿਲਾ ਗੰਦੇ ਪਾਣੀ ’ਚ ਡਿਗਦੀ ਡਿਗਦੀ ਮਸਾਂ ਬਚੀ। ਜਦੋਂ ਬਜ਼ਾਰ ਨਰਕ ਬਣੇ ਹੋਣ ਤਾਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਕਿ ਲੋਕ ਕਿੋ ਜਿਹੀ ਗੰਭੀਰ ਅਵਸਥਾ ਚੋਂ ਲੰਘ ਰਹੇ ਹਨ। ਮਹਿਲਾ ਨਸੀਬ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਏਨੇ ਮਾੜੇ ਦਿਨ ਦਿਖਾ ਦਿੱਤੇ ਹਨ ਕਿ ਸਕੂਲੀ ਬੱਚਿਆਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ। ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਲੋਕ ਇਹ ਮਸਲਾ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪ੍ਰੰਤੂ ਸਿਵਾਏ ਲਾਰਿਆਂ ਤੋਂ ਕੱੁਝ ਪੱਲੇ ਨਹੀਂ ਪਿਆ ਹੈ।
ਪਹਿਲ ਦੇ ਅਧਾਰ ਤੇ ਮਸਲੇ ਦਾ ਹੱਲ
ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਦਾ ਕਹਿਣਾ ਸੀ ਕਿ ਹੁਣ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਵਾਉਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੰਮ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ। ਉਨ੍ਹਾਂ ਕਿਹਾ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਵੀ ਤਾੜਨਾ ਕਰ ਦਿੱਤੀ ਗਈ ਹੈ।