Babushahi Special: ਕੀ ਡੀਐਸਪੀ ਭੁੱਚੋ ਦੀ ਖੰਘ ’ਚ ਖੰਘਣ ਵਾਲਾ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਵੱਢੀਖੋਰ ਹੌਲਦਾਰ ?
ਅਸ਼ੋਕ ਵਰਮਾ
ਬਠਿੰਡਾ,2 ਜੁਲਾਈ 2025: ਕੀ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਜਿਲ੍ਹੇ ਦੇ ਡੀਐਸਪੀ ਭੁੱਚੋ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਵਜੋਂ ਤਾਇਨਾਤ ਹੌਲਦਾਰ ਰਾਜ ਕੁਮਾਰ ਇਸ ਡੀਐਸਪੀ ਦਾ ਲਾਡਲਾ ਅਤੇ ਚਹੇਤਾ ਪੁਲਿਸ ਮੁਲਾਜਮ ਹੈ। ਵਿਜੀਲੈਂਸ ਗ੍ਰਿਫਤਾਰੀ ਤੋਂ ਬਾਅਦ ਇਸ ਸਬੰਧ ’ਚ ਚੱਲ ਰਹੀ ਚੁੰਝ ਚਰਚਾ ਅਤੇ ਅਹਿਮ ਸੂਤਰਾਂ ਦੀ ਮੰਨੀਏ ਤਾਂ ਡੀਐਸਪੀ ਆਪਣੀ ਬਠਿੰਡਾ ’ਚ ਤਾਇਨਾਤੀ ਮੌਕੇ ਹੌਲਦਾਰ ਰਾਜ ਕੁਮਾਰ ਨੂੰ ਆਪਣੇ ਨਾਲ ਹੀ ਬਠਿੰਡਾ ਲਿਆਏ ਸਨ। ਹਾਲਾਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਪੰਜਾਬ ਨੇ ਬਦਲੀ ਹੋਣ ਉਪਰੰਤ ਆਪਣੇ ‘ਚਹੇਤੇ ਪੁਲਿਸ ਮੁਲਾਜਮਾਂ ’ ਨੂੰ ਨਾਲ ਲਿਜਾਣ ਤੇ ਪੂਰੀ ਤਰਾਂ ਪਾਬੰਦੀ ਲਾਈ ਹੋਈ ਹੈ ਪਰ ਇੰਨ੍ਹਾਂ ਆਦੇਸ਼ਾਂ ਨੂੰ ਟਿੱਚ ਜਾਣ ਕੇ ਹੌਲਦਾਰ ਰਾਜ ਕੁਮਾਰ ਨੂੰ ਡੀਐਸਪੀ ਭੁੱਚੋ ਦੇ ਨਾਲ ਤਾਇਨਾਤ ਕੀਤਾ ਹੋਇਆ ਸੀ। ਬੇਸ਼ੱਕ ਡੀਐਸਪੀ ਨਾਲ ਹੋਰ ਵੀ ਮੁਲਾਜਮਾਂ ਦੀ ਤਾਇਨਾਤੀ ਸੀ ਪਰ ਸੂਤਰਾਂ ਅਨੁਸਾਰ ਰਾਜ ਕਮਾਰ , ਡਿਪਟੀ ਸਾਹਿਬ ਦਾ ਖਾਸ ਕਿਰਪਾ ਦਾ ਪਾਤਰ ਹੈ।
ਦਰਅਸਲ ਪੰਜਾਬ ਪੁਲਿਸ ਨੇ ਕਾਫੀ ਸਮਾਂ ਪਹਿਲਾਂ ਮਹਿਸੂਸ ਕੀਤਾ ਸੀ ਕਿ ਪੁਲਿਸ ਅਫਸਰ ਆਪਣੇ ਨਾਲ ਖ਼ਾਸ ਮੁਲਾਜ਼ਮਾਂ ਨੂੰ ਨਾਲ ਰੱਖਦੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਤਾਇਨਾਤੀ ਹੁੰਦੀ ਹੈ, ਉਨ੍ਹਾਂ ਦੇ ਨਾਲ ਇਹ ਟੀਮ ਚਲੀ ਜਾਂਦੀ ਹੈ। ਉੱਚ ਪੁਲਿਸ ਅਧਿਕਾਰੀਆਂ ਦੀ ਸੋਚ ਹੈ ਕਿ ਅਜਿਹਾ ਕਰਨ ਨਾਲ ਕੁਰੱਪਸ਼ਨ ਦੇ ਮੌਕੇ ਵਧ ਜਾਂਦੇ ਹਨ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀ ਇਸ ਸਬੰਧ ’ਚ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ ਪਰ ਅੰਦਰੋ ਅੰਦਰੀ ਇੰਨ੍ਹਾਂ ਤੱਥਾਂ ਦੀ ਰੌਸ਼ਨੀ ’ਚ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪਿੱਛੇ ਕੀ ਮਨਸ਼ਾ ਸੀ ਇਸ ਬਾਰੇ ਤਾਂ ਜਾਂਚ ਉਪਰੰਤ ਹੀ ਖੁਲਾਸਾ ਹੋ ਸਕਦਾ ਹੈ ਪਰ ਇਸ ਕਾਂਡ ਨੇ ਆਪਣੇ ਮਾਤਹਿਤਾਂ ਰਾਹੀਂ ਰਿਸ਼ਵਤ ਵਸੂਲਣ ਦੇ ਗੋਰਖਧੰਦੇ ਨੂੰ ਬੇਨਕਾਬ ਕਰ ਦਿੱਤਾ ਹੈ। ਜਦੋਂ ਵਿਜੀਲੈਂਸ ਨੇ ਰਾਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਸ ਵੱਲੋਂ ਵਸੂਲੀ ਗਏ ਰਿਸ਼ਵਤੀ ਰਾਸ਼ੀ ਡੀਐਸਪੀ ਦੀ ਗੱਡੀ ਚੋਂ ਬਰਾਮਦ ਕੀਤੀ ਗਈ ਸੀ।
ਸੂਤਰ ਦੱਸਦੇ ਹਨ ਕਿ ਕਲਿਆਣ ਦੇ ਸਰਪੰਚ ਕੁਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਤੋਂ ਰਾਜ ਕੁਮਾਰ ਨੇ ਰਿਸ਼ਵਤ ਦੀ ਰਾਸ਼ੀ ਮਹਿਲਾ ਥਾਣਾ ’ਚ ਸਥਿਤ ਡੀਐਸਪੀ ਦਫਤਰ ’ਚ ਹਾਸਲ ਕੀਤੀ ਤਾਂ ਡੀਐਸਪੀ ਆਪਣੇ ਦਫਤਰ ਵਿੱਚ ਹੀ ਸਨ। ਪਰਮਜੀਤ ਕੌਰ ਖੁਦ ਇਹ ਪੈਸੇ ਲੈਕੇ ਰੀਡਰ ਦੇ ਕੋਲ ਪੁੱਜੀ ਸੀ ਜੋ ਉਸ ਨੇ ਵਸੂਲਣ ਤੋਂ ਬਾਅਦ ਗੱਡੀ ਵਿੱਚ ਰਖਵਾ ਦਿੱਤੇ ਪਰ ਇਸੇ ਦੌਰਾਨ ਵਿਜੀਲੈਂਸ ਦਾ ਛਾਪਾ ਪੈ ਗਿਆ । ਪਰਮਜੀਤ ਕੌਰ ਦਾ ਕਹਿਣਾ ਸੀ ਕਿ ਰੀਡਰ ਨੇ ਇਹ ਰਿਸ਼ਵਤ ਸਰਪੰਚ ਅਤੇ ਉਸ ਦੇ ਦੋ ਲੜਕਿਆਂ ਨੂੰ ਜਮੀਨ ਵਿਵਾਦ ਦੇ ਮਾਮਲੇ ਚੋਂ ਕੱਢਣ ਬਦਲੇ ਡੀਐਸਪੀ ਲਈ ਮੰਗੀ ਸੀ। ਵਿਜੀਲੈਂਸ ਨੇ ਹੌਲਦਾਰ ਰਾਜ ਕੁਮਾਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਜਿਸ ਦੀ ਗੱਡੀ ਚੋਂ ਪੈਸੇ ਬਰਾਮਦ ਹੋਏ ਉਸ ਨੂੰ ਪੁੱਛਿਆ ਤੱਕ ਨਹੀਂ ਹੈ। ਲੋਕ ਆਖਦੇ ਹਨ ਕਿ ਇਸ ਅੱਧੀ ਅਧੂਰੀ ਕਾਰਵਾਈ ਨੇ ਭ੍ਰਿਸ਼ਟਚਾਰ ਖਤਮ ਕਰਨ ਦੇ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਸਰਪੰਚ ਦੀ ਪਤਨੀ ਦਾ ਬਿਆਨ
ਸਰਪੰਚ ਕੁਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਕਹਿਣਾ ਸੀ ਕਿ ਲੰਘੀ 20 ਮਈ ਨੂੰ ਉਸ ਦੇ ਪਤੀ ਸਰਪੰਚ ਕੁਲਵਿੰਦਰ ਸਿੰਘ ਅਤੇ ਦੋਵਾਂ ਲੜਕਿਆਂ ਤੇ ਥਾਣਾ ਨਥਾਣਾ ’ਚ ਜਮੀਨੀ ਵਿਵਾਦ ਨੂੰ ਲੈਕੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਝੂਠਾ ਸੀ ਜਿਸ ਦੀ ਉਨ੍ਹਾਂ ਐਸਐਸਪੀ ਮੈਡਮ ਨੂੰ ਸ਼ਕਾਇਤ ਦੇਕੇ ਨਿਰਪੱਖ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ। ਐਸਐਸਪੀ ਨੇ ਇਹ ਸ਼ਕਾਇਤ ਡੀਐਸਪੀ ਭੁੱਚੋ ਨੂੰ ਭੇਜ ਦਿੱਤੀ ਅਤੇ ਮਾਮਲਾ ਝੂਠਾ ਹੋਣ ਦੇ ਸਬੂਤ ਦੇ ਦਿੱਤੇ ਸਨ ਫਿਰ ਵੀ ਰਾਜ ਕੁਮਾਰ ਨੇ ਡੀਐਸਪੀ ਲਈ ਪੰਜ ਲੱਖ ਦੀ ਮੰਗ ਕੀਤੀ ਸੀ ਜਿਸ ਦਾ ਸੌਦਾ ਦੋ ਲੱਖ ’ਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰੀਡਰ ਨੇ ਕਿਹਾ ਕਿ ਉਹ ਡੀਐਸਪੀ ਨੂੰ ਪੁੱਛਕੇ ਦੱਸਦਾ ਹੈ ਕਿ ਪੈਸੇ ਲੈਣੇ ਹਨ ਜਾਂ ਨਹੀਂ ਅਤੇ ਮਗਰੋਂ ਇੱਕ ਲੱਖ ਰਪਏ ਲੈਕੇ ਡੀਐਸਪੀ ਦੀ ਗੱਡੀ ’ਚ ਰੱਖ ਦਿੱਤੇ।
ਜਿਸ ਦਾ ਹੱਥ ਹੋਵੇਗਾ ਫੜਾਂਗੇ:ਵਿਜੀਲੈਂਸ
ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਦਾ ਕਹਿਣਾ ਸੀ ਕਿ ਡੀਐਸਪੀ ਦੇ ਰੀਡਰ ਰਾਜ ਕੁਮਾਰ ਨੂੰ ਲੱਖ ਰੁਪਿਆ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਫਿਰ ਵੀ ਜਾਂਚ ਦੌਰਾਨ ਡੀਐਸਪੀ ਸਮੇਤ ਸਿ ਦੀ ਵੀ ਭੂਮਿਕਾ ਸਾਹਮਣੇ ਆਈ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਮੰਨਿਆ ਕਿ ਇਹ ਪੈਸੇ ਡੀਐਸਪੀ ਦੀ ਗੱਡੀ ਚੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਨੇ ਮੁਦਈ ਤੋਂ ਦੋ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਚੋਂ ਇੱਕ ਲੱਖ ਰੁਪਿਆ ਵਸੂਲਦਾ ਹੌਲਦਾਰ ਗ੍ਰਿਫਤਾਰ ਕਰ ਲਿਆ ਗਿਆ। ਦੂਜੇ ਪਾਸੇ ਵਿਜੀਲੈਂਸ ਵੱਲੋਂ ਮੰਗਲਵਾਰ ਨੂੰ ਜਾਰੀ ਪ੍ਰੈਸ ਨੋਟ ’ਚ ਵੀ ਇਹੋ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਦੌਰਾਨ, ਜੇਕਰ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਡੀਐਸਪੀ ਭੁੱਚੋ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਪੁਲਿਸ ਕੰਟਰੋਲ ਰੂਮ ਬਠਿੰਡਾ ਵੱਲੋਂ ਦਿੱਤੇ ਮੋਬਾਇਲ ਨੰਬਰ ਉੱਪਰ ਸੰਪਰਕ ਕਰਨ ਤੇ ਡੀਐਸਪੀ ਭੁੱਚੋ ਮੰਡੀ ਰਵਿੰਦਰ ਸਿੰਘ ਨੇ ਇਸ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ।