ਦਿੱਲੀ ਚੋਣਾਂ: ਕਾਂਗਰਸ ਨੇ ਪਹਿਲੀ ਸੂਚੀ 'ਚ 21 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਨਵੀਂ ਦਿੱਲੀ, 12 ਦਸੰਬਰ 2024 - ਕਾਂਗਰਸ ਨੇ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਇਹ ਸੂਚੀ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੀ ਗਈ। ਮੀਟਿੰਗ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਅੰਬਿਕਾ ਸੋਨੀ, ਸਲਮਾਨ ਖੁਰਸ਼ੀਦ, ਟੀਐਸ ਸਿੰਘ ਦਿਓ ਅਤੇ ਮਧੂਸੂਦਨ ਮਿਸਤਰੀ ਮੌਜੂਦ ਸਨ।
ਦੱਸ ਦਈਏ ਕਿ ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ ਉੱਥੋਂ ਕੇਜਰੀਵਾਲ ਨੇ ਤਿੰਨ ਵਾਰ ਚੋਣ ਲੜੀ, ਤਿੰਨੋਂ ਵਾਰੀ ਜਿੱਤੇ। ਕੇਜਰੀਵਾਲ ਨੇ 2013 ਵਿੱਚ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਤਤਕਾਲੀ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਸ਼ੀਲਾ ਦੀਕਸ਼ਤ ਨੂੰ 25,864 ਵੋਟਾਂ ਨਾਲ ਹਰਾਇਆ ਸੀ। ਭਾਜਪਾ ਦੇ ਵਿਜੇਂਦਰ ਕੁਮਾਰ ਤੀਜੇ ਸਥਾਨ 'ਤੇ ਰਹੇ। ਜਦੋਂ ਕਿ 2015 'ਚ ਭਾਜਪਾ ਦੀ ਨੂਪੁਰ ਸ਼ਰਮਾ ਦੂਜੇ ਸਥਾਨ 'ਤੇ ਰਹੀ ਸੀ। ਤੀਜੇ ਨੰਬਰ ’ਤੇ ਰਹੀ ਕਾਂਗਰਸ ਦੀ ਕਿਰਨ ਵਾਲੀਆ ਨੂੰ ਸਿਰਫ਼ 4781 ਵੋਟਾਂ ਮਿਲੀਆਂ। 2020 ਵਿੱਚ ਭਾਜਪਾ ਦੇ ਸੁਨੀਲ ਕੁਮਾਰ 21,697 ਵੋਟਾਂ ਨਾਲ ਹਾਰ ਗਏ ਸਨ। ਕਾਂਗਰਸ ਦੇ ਰੋਮੇਸ਼ ਸੱਭਰਵਾਲ ਤੀਜੇ ਨੰਬਰ 'ਤੇ ਰਹੇ ਸਨ।