Babushahi Special: ਟਿੰਗਰੀ ਫਿੰਗਰੀ ਕੁਕਲੂ ਮੁਕਲੂ ਗੁਕਲੂ ਤਾਰੀ ਪਾਰੀ ਪਮ ’ਚ ਉਲਝਿਆ ਕੁੱਲ ਜਹਾਨ
ਅਸ਼ੋਕ ਵਰਮਾ
ਚੰਡੀਗੜ੍ਹ,10 ਦਸੰਬਰ 2024: ਟਿੰਗਰੀ ਫਿੰਗਰੀ ਕੁਕਲੂ ਮੁਕਲੂ ਗੁਕਲੂ ਤਾਰੀ ਪਾਰੀ ਪਮ। ਇਹ ਇੱਕ ਚਾਈਨਜ਼ ਮੈਸੇਜ਼ ਹੈ ਜਿਸ ਦਾ ਅਰਥ ‘ਸੋਹਣਿਓ ਮੋਬਾਇਲ ਤਾਂ ਲੈ ਲਿਆ ਐਸ.ਐਮ.ਐਸ ਕੀ ਗਵਾਂਢੀ ਕਰਨਗੇ। ਇਹ ਸੰਦੇਸ਼ ਮੈਂ ਇੱਕ ਲੇਖ ਵਿੱਚੋਂ ਪੜ੍ਹਿਆ ਜੋ ਹੁਣ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮੋਬਾਇਲ ਫੋਨ ਨੇ ਆਪਣੇ ਸੰਦੇਸ਼ਾਂ ਰਾਹੀਂ ਦੁਨੀਆਂ ਕਿੰਨੀਂ ਨੇੜੇ ਕਰ ਦਿੱਤੀ ਤੇ ਆਪਣਿਆਂ ਤੋਂ ਆਪਣਿਆਂ ਨੂੰ ਕਿੰਨਾਂ ਦੂਰ ਕਰ ਦਿੱਤਾ ਇਸ ਗੱਲ ਨੂੰ ਹਰ ਕੋਈ ਭਲੀਂ ਭਾਂਤ ਜਾਣਦਾ ਹੈ। ਹਰ ਕੋਈ ਇੰਨ੍ਹਾਂ ਮੈਸਿਜ਼ਾਂ ਰਾਹੀਂ ਜਾਨਣ ਦਾ ਉਤਸਕ ਰਹਿੰਦਾ ਹੈ ਕਿ ਵਿਸ਼ਵ ਦੇ ਨਕਸ਼ੇ ਤੇ ਕੀ ਵਾਪਰ ਰਿਹਾ ਹੈ। ਮਾੜੇ ਪੱਖ ਸਾਹਮਣੇ ਆਉਣ ਦੇ ਬਾਵਜੂਦ ਮੋਬਾਇਲ ਫੋਨ ਨੇ ਸਮੁੱਚੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੈਦ ਕਰ ਲਿਆ ਹੈ ਅਤੇ ਇੱਕ ਚੰਗਾ ਭਲਾ ਬੰਦਾ ਵੀ ਇੱਕ ਤਰਾਂ ਨਾਲ ਮੋਬਾਇਲ ਬਣਕੇ ਰਹਿ ਗਿਆ ਹੈ।
ਹੁਣ ਮੋਬਾਇਲ ਫੋਨ ਨਾਲ ਜੁੜੀ ਇੱਕ ਘਟਨਾ ਸੁਣੋ ਜੋ ਮਲੇਸ਼ੀਆ ਤੋਂ ਸਾਹਮਣੇ ਆਈ ਹੈ। ਇੱਕ 20 ਸਾਲ ਦਾ ਮਲੇਸ਼ੀਅਨ ਵਿਦਿਆਰਥੀ ਉਦੋਂ ਦੰਗ ਰਹਿ ਗਿਆ ਜਦੋਂ ਉਸ ਨੇ ਆਪਣੇ ਮੋਬਾਇਲ ਫੋਨ ’ਚ ਬਾਂਦਰਾਂ ਦੀਆਂ ਸੈਲਫੀਆਂ ਦੇਖੀਆਂ। ਦਰਅਸਲ ਬਿਰਤਾਂਤ ਇੰਜ ਹੈ ਕਿ ਜੈਕਰਿਡਸ ਰੈਡਜ਼ੀ ਨਾਮੀ ਵਿਦਿਆਰਥੀ ਦਾ ਸਿਰਹਾਣੇ ਰੱਖਿਆ ਮੋਬਾਇਲ ਫੋਨ ਚੋਰੀ ਹੋ ਗਿਆ । ਜਦੋਂ ਉਸ ਨੇ ਟਰੈਕ ਕੀਤਾ ਤਾਂ ਉਸ ਦੇ ਮੋਬਾਇਲ ਦੀ ਘੰਟੀ ਘਰ ਦੇ ਪਿਛਵਾੜੇ ਤੋਂ ਵੱਜਦੀ ਸੁਣਾਈ ਦਿੱਤੀ। ਰੈਡਜ਼ੀ ਨੇ ਫੋਨ ਦੀ ਗੈਲਰੀ ਖੋਹਲੀ ਤਾਂ ਉਸ ਚੋਂ ਬਾਂਦਰਾਂ ਦੀਆਂ ਵੱਡੀ ਗਿਣਤੀ ਸੈਲਫੀਆਂ ਤੇ ਵੀਡੀਓ ਮਿਲੀਆਂ। ਰੈਡਜ਼ੀ ਨੇ ਇੱਕ ਵੀਡੀਓ ਟਵੀਟ ਵੀ ਕੀਤਾ ਹੈ ਜਿਸ ਨੂੰ ਢਾਈ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਸਲ ’ਚ ਰੈਡਜ਼ੀ ਦਾ ਫੋਨ ਬਾਂਦਰ ਨੇ ਚੋਰੀ ਕਰ ਲਿਆ ਅਤੇ ਸੈਲਫੀਆਂ ਲੈਣ ਤੇ ਵੀਡੀਓ ਬਣਾਕੇ ਆਪਣੀਆਂ ਰੀਝਾਂ ਪੂਰੀਆਂ ਕਰ ਲਈਆਂ।
ਹੁਣ ਉਨ੍ਹਾਂ ਰੀਝਾਂ ਦੀ ਸੁਣੋ ਜੋ ਬ੍ਰਿਟੇਨ ਦੇ ਇੱਕ ਚਿੜੀਆ ਘਰ ਨੇ ਤੋਤੇ ਰੱਖਕੇ ਦਰਸ਼ਕਾਂ ਨੂੰ ਦਿਖਾਉਣ ਦੇ ਰੂਪ ’ਚ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੋਤਿਆਂ ਨੇ ਪ੍ਰਬੰਧਕਾਂ ਨੂੰ ਕਸੂਤੇ ਫਸਾ ਦਿੱਤਾ। ਤੋਤਿਆਂ ਨੂੰ ਭਜਨ ਗਾਉਂਦੇ ਜਾਂ ਫਿਰ ਗੱਲਾਂ ਕਰਨ ਬਾਰੇ ਤਾਂ ਸੁਣਦੇ ਰਹਿੰਦੇ ਹਾਂ ਪਰ ਇਹ ਪੰਜ ਤੋਤੇ ਚਿੜੀਆ ਘਰ ਦੇਖਣ ਲਈ ਆਉਣ ਵਾਲਿਆਂ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਸਨ। ਇੱਕ ਰਿਪੋਰਟ ਮੁਤਾਬਕ ਇਹ ਪੰਜ ਤੋਤੇ ਇੰਗਲੈਂਡ ਦੇ ਲਿੰਕਨਸ਼ਾਇਰ ਵਾਈਲਡਲਾਈਫ ਪਾਰਕ ਨੂੰ ਦਿੱਤੇ ਗਏ ਸਨ। ਇਹ ਤੋਤੇ ਜਦੋਂ ਗਾਲ੍ਹਾਂ ਕੱਢਦੇ ਤਾਂ ਪਾਰਕ ਅਧਿਕਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਲਾਂਕਿ ਕੁੱਝ ਸਮਾਂ ਲੋਕਾਂ ਨੇ ਗਾਲ੍ਹਾਂ ਦਾ ਆਨੰਦ ਵੀ ਮਾਣਿਆ ਪਰ ਬੱਚਿਆਂ ਤੇ ਬੁਰਾ ਅਸਰ ਪੈਣ ਦੇ ਡਰੋਂ ਤੋਤੇ ਕੁਆਰਨਟੀਨ ਕਰ ਦਿੱਤੇ ਗਏ ਜਿੰਨ੍ਹਾਂ ਨੂੰ ਹੁਣ ਪੁਰਾਣੀ ਸ਼ਾਨਦਾਰ ਕਾਰਗੁਜ਼ਾਰੀ ’ਚ ਸੁਧਾਰ ਮਗਰੋਂ ਵਾਪਿਸ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ।
ਵਿਆਹ ਸ਼ਾਦੀਆਂ ਤਾਂ ਹਰ ਕੋਈ ਦੇਖਦਾ ਹੈ ਪਰ ਇਸ ਮਾਮਲੇ ’ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਲਈ ਸੋਸ਼ਲ ਮੀਡੀਆ ਨਾਂ ਵਰਤਣ ਵਾਲੀ ਵਹੁਟੀ ਦੀ ਮੰਗ ਰੱਖੀ ਹੈ। ਇਸ ਸਬੰਧ ਵਿੱਚ ਪੱਛਮੀ ਬੰਗਾਲ ਦੇ ਇੱਕ ਨੌਜਵਾਨ ਨੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਹੈ ਜਿਸ ’ਚ ਉਸ ਨੇ ਕਿਹਾ ਕਿ ਦਾਜ ਦੀ ਕੋਈ ਮੰਗ ਨਹੀਂ, ਲੰਬੀ ਪਤਲੀ ਦੁਲਹਨ ਚਾਹੀਦੀ ਹੈ ਜੋ ਸੋਸ਼ਲ ਮੀਡੀਆ ਦੀ ਆਦੀ ਨਹੀਂ ਹੋਣੀ ਚਾਹੀਦੀ। ਇਹ ਇਸ਼ਤਿਹਾਰ ਇੱਕ ਆਈਏਐਸ ਅਧਿਕਾਰੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝਾ ਕੀਤਾ ਸੀ। ਜਦੋਂ ਜਿਆਦਾਤਰ ਲੋਕ ਸੋਸ਼ਲ ਮੀਡੀਆ ਵਰਤਦੇ ਹਨ ਤਾਂ ਇਹ ਜਨਾਬ ਅਜਿਹੀ ਪਤਨੀ ਦੀ ਤਲਾਸ਼ ਵਿੱਚ ਹਨ ਜੋ ਸੋਸ਼ਲ ਮੀਡੀਆ ਨਾਂ ਵਰਤਦੀ ਹੋਵੇ । ਇਸ ਮੰਗ ਨੂੰ ਅਸਧਾਰਨ ਨਿਵੇਕਲੀ ਤੇ ਮਜਬੂਤ ਜਿਗਰੇ ਵਾਲੀ ਆਖਿਆ ਜਾ ਸਕਦਾ ਹੈ।
ਸਪੇਨ ਤੋਂ ਆਈ ਖਬਰ ਨੇ ਮਜਬੂਤੀ ਦੇ ਮਾਇਨੇ ਹੀ ਬਦਲ ਦਿੱਤੇ ਹਨ ਜਿੱਥੇ ਜਾਰਜ ਕ੍ਰਿਸਟਿਨ ਨਾਮੀ ਵਿਅਕਤੀ ਦਾ ਜਬਾੜ੍ਹਾ ਤੇ ਦੰਦ ਐਨੇ ਮਜਬੂਤ ਹਨ ਜਿੰਨ੍ਹਾਂ ਨਾਲ ਉਸ ਨੇ 12 ਕਿੱਲੋ ਵਜ਼ਨੀ ਮੇਜ ਤੇ 50 ਸਾਲ ਦੀ ਔਰਤ ਨੂੰ ਬਿਠਾਕੇ ਚੁੱਕਣ ਪਿੱਛੋਂ ਤਕਰੀਬਨ 11 ਮੀਟਰ ਦੂਰੀ ਤੈਅ ਕੀਤੀ। ਇਹ ਰਿਕਾਰਡ ਗਿਨੀਜ਼ ਬੁੱਕ ’ਚ ਵੀ ਦਰਜ ਹੈ। ਉਂਜ ਭਾਰਤ ਵਿੱਚ ਹਥੌੜਾ ਹੈਡਮੈਨ ਨਾਮ ਦੇ ਇੱਕ ਵਿਅਕਤੀ ਅਤੇ ਖਤਰਨਾਕ ਸਟੰਟ ਦੇ ਬਾਦਸ਼ਾਹ ਧਰਮਿੰਦਰ ਨੇ ਦੰਦਾਂ ਦੀ ਤਾਕਤ ਦਿਖਾਕੇ ਇਤਿਹਾਸ ਰਚਿਆ ਸੀ। ਬਿਹਾਰ ਦੇ ਕੈਮੂਰ ਜਿਲ੍ਹੇ ਨਾਲ ਸਬੰਧਤ ਇਸ ਵਿਅਕਤੀ ਨੇ ਇੱਕ ਮਿੰਟ ਵਿੱਚ ਲੋਹੇ ਦੀਆਂ 15 ਸਲਾਖਾਂ ਤੋੜਕੇ ਅਮਰੀਕੀ ਰਿਕਾਰਡ ਤੋੜਿਆ ਸੀ। ਇਸ ਤੋਂ ਪਹਿਲਾਂ ਉਸ ਨੇ ਸਿਰ ਤੇ ਸਲਾਖਾਂ ਮੋੜਨ ਦਾ ਰਿਕਾਰਡ ਗਿਨੀਜ਼ ਬੁੱਕ ਵਿੱਚ ਦਰਜ ਕਰਵਾਇਆ ਸੀ। ਇਨ੍ਹਾਂ ਅਨੋਖੇ ਰਿਕਾਰਡਾਂ ਨੂੰ ਸੁਣਕੇ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ।
ਮੇਘਾ ਬਾਰਨਾ ਨੂੰ ਸਲਾਦ ਲੱਗਾ ਸੁਆਦ
ਅਕਸਰ ਹੋਟਲ ’ਚ ਖਾਣਾ ਖਾਣ ਵਕਤ ਤਵੱਕੋ ਕੀਤੀ ਜਾਂਦੀ ਹੈ ਕਿ ਸਲਾਦ ਮੁਫਤ ਵਿੱਚ ਮਿਲ ਜਾਏ ਅਤੇ ਬਹੁਤੇ ਹੋਟਲ ਦਿੰਦੇ ਵੀ ਹਨ। ਇਸੇ ਸਲਾਦ ਦੇ ਸਿਰ ਤੇ ਪੁਣੇ ਦੀ ਮਹਿਲਾ ਮੇਘਾ ਬਾਰਨਾ ਨੇ ਵਪਾਰ ਕਰਕੇ ਲੱਖਾਂ ਰੁਪਏ ਕਮਾਏ ਅਤੇ ਮਹਿਲਾ ਸ਼ਸ਼ਕਤੀਕਰਨ ਦੀ ਮਿਸਾਲ ਕਾਇਮ ਕੀਤੀ ਹੈ। ਸਿਰਫ 3 ਕੁ ਹਜ਼ਾਰ ’ਚ ਕਾਰੋਬਾਰ ਸ਼ੁਰੂ ਕਰਨ ਵਾਲੀ ਮੇਘਾ ਬਾਰਨਾ ਆਪਣੇ ਘਰ ਵਿੱਚ ਸਲਾਦ ਦੇ ਪੈਕਟ ਤਿਆਰ ਕਰਦੀ ਅਤੇ ਇਸ ਨੂੰ ਵੇਚਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ। ਆਪਣੇ ਕੰਮ ਲਈ ਸੁਭਾ 4 ਵਜੇ ਉੱਠਣ ਵਾਲੀ ਮੇਘਾ ਹੁਣ ਕਾਰੋਬਾਰੀ ਔਰਤ ਹੈ ਜਿਸ ਨੇ ਪਿਛਲੇ ਚਾਰ ਸਾਲਾਂ ਦੌਰਾਨ 22 ਲੱਖ ਰੁਪਏ ਦੀ ਕਮਾਈ ਕੀਤੀ ਹੈ।