Babushahi Special ਬਠਿੰਡਾ ਪੁਲਿਸ ਲਈ ਚਿੰਤਾ 'ਤੇ ਚੁਣੌਤੀ ਸੁਖਬੀਰ ਦੀ ਸੁਰੱਖਿਆ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2024: ਅੰਮ੍ਰਿਤਸਰ ਵਿਖੇ ਸਥਿਤ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਪੁਲਿਸ ਦੇ ਫਿਕਰ ਵਧ ਗਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਹੈਡਕੁਆਟਰ ਹੋਣਾ ਬਠਿੰਡਾ ਪੁਲਿਸ ਦੇ ਫਿਕਰਾਂ ਦਾ ਦੂਸਰਾ ਵੱਡਾ ਕਾਰਨ ਹੈ ਜੋ ਅਕਾਲੀ ਆਗੂਆਂ ਨੂੰ ਤਨਖਾਹ ਲਾਉਣ ਵਾਲੇ ਪੰਜ ਸਿੰਘ ਸਾਹਿਬਾਨ ਚੋਂ ਇੱਕ ਹਨ । ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਨੂੰ ਪੂਰਾ ਕਰਨ ਦੇ ਇੱਕ ਪੜਾਅ ਵਜੋਂ ਤਲਵੰਡੀ ਸਾਬੋ ’ਚ ਸਿੱਖ ਪੰਥ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦੇ ਪੰਜਵੇਂ ਤਖਤ ,ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦੋ ਦਿਨ ਲਈ ਆਉਣ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਨੂੰ ਇੱਕ ਚੁਣੌਤੀ ਮੰਨਿਆ ਜਾ ਰਿਹਾ ਹੈ।
ਖਾਸ ਤੌਰ ਤੇ ਉਹ ਵੀ ਉਸ ਵਕਤ ਜਦੋਂ ਤਖਤ ਸਾਹਿਬ ’ਚ ਨਤਮਸਤਕ ਹੋਣ ਲਈ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਤਲਾਸ਼ੀ ਲੈਣੀ ਅਸੰਭਵ ਹੀ ਨਹੀ ਬਲਕਿ ਇੱਕ ਤਰਾਂ ਨਾਲ ਨਾਮੁਮਕਿਨ ਮੰਨੀ ਜਾਂਦੀ ਹੈ। ਸੁਖਬੀਰ ਬਾਦਲ ਦੀ ਆਮਦ ਮੌਕੇ ਤਖਤ ਸਾਹਿਬ ਵਿਖੇ ਆਉਣ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਲਵੰਡੀ ਸਾਬੋ ਬਠਿੰਡਾ ਸੰਸਦੀ ਹਲਕੇ ਅਧੀਨ ਆਉਂਦਾ ਹੈ ਜਿੱਥੇ ਗਰਮ ਖਿਆਲੀ ਸਿੱਖ ਧਿਰਾਂ ਦਾ ਚੋਖਾ ਪ੍ਰਭਾਵ ਹੈ ਜੋ ਬੇਅਦਬੀ ਮਾਮਲਿਆਂ ਅਤੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ’ਚ ਬਾਦਲਾਂ ਦੀ ਭੂਮਿਕਾ ਦੇ ਮੁੱਦੇ ਤੇ ਆਪਣਾ ਤਿੱਖਾ ਵਿਰੋਧ ਜਤਾਉਂਦੀਆਂ ਆ ਰਹੀਆਂ ਹਨ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫਖਰੇ ਕੌਮ’ ਦਾ ਖਿਤਾਬ ਵਾਪਿਸ ਲੈਣ ਨਾਲ ਇੰਨ੍ਹਾਂ ਗਰਮ ਖਿਆਲੀਆਂ ਨੂੰ ਬਾਦਲਾਂ ਦੀ ਮੁਖਾਲਫਤ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।
ਪੁਲਿਸ ਪ੍ਰਸ਼ਾਸ਼ਨ ਭਲੀਭਾਂਤ ਜਾਣਦਾ ਹੈ ਕਿ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਾਦਲ ਪ੍ਰੀਵਾਰ ਦੇ ਵਿਰੋਧੀਆਂ ਅਤੇ ਵਿਰੋਧ ਕਰਨ ਵਾਲਿਆਂ ਦੇ ਹਮਦਰਦਾਂ ਦੀ ਕੋਈ ਕਮੀ ਨਹੀਂ ਹੈ। ਹਾਲਾਂਕਿ ਸੁਖਬੀਰ ਬਾਦਲ ਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼ ਪਿੱਛੇ ਮਨਸ਼ਾ ਦਾ ਖੁਲਾਸਾ ਪੁਲਿਸ ਜਾਂਚ ਦੌਰਾਨ ਸਾਹਮਣੇ ਕੀ ਹੁੰਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਹਮਲਾਵਾਰ ਦੀ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸਰਗਰਮ ਖਾੜਕੂ ਨਰਾਇਣ ਸਿੰਘ ਚੌੜਾ ਵਜੋਂ ਹੋਣ ਕਾਰਨ ਬਾਦਲ ਪ੍ਰੀਵਾਰ ਨੂੰ ਖਤਰੇ ’ਚ ਮੰਨਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਤਾਜਾ ਪ੍ਰਸਥਿਤੀਆਂ ਨੂੰ ਦੇਖਦਿਆਂ ਬਠਿੰਡਾ ਪੁਲਿਸ ਪ੍ਰਸ਼ਾਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਦੇ ਮੱਦੇਨਜ਼ਰ ਇਤਿਹਾਸਕ ਕਸਬਾ ਤਲਵੰੰਡੀ ਸਾਬੋ ’ਚ ਸੁਰੱਖਿਆ ਸਖਤ ਵਧਾਉਣ ਦੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ‘ਅਲਰਟ’ ਵੀ ਜਾਰੀ ਕਰ ਦਿੱਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਤੋਂ ਇਲਾਵਾ ਹੋਰ ਵੀ ਸੰਵੇਦਨਸ਼ੀਲ ਥਾਵਾਂ ਤੇ ਚੌਕਸੀ ਵਧਾਈ ਗਈ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਪੱਖ ਤੋਂ ਤਖਤ ਸਾਹਿਬ ਅਤੇ ਦੂਸਰੇ ਧਾਰਮਿਕ ਸਥਾਨਾਂ ਵੱਲ ਆਉਣ ਜਾਣ ਵਾਲਿਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਸੀਨੀਅਰ ਅਫਸਰਾਂ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਵੀ ਤਲਵੰਡੀ ਸਾਬੋ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਗਰਮ ਹੋ ਗਿਆ ਹੈ। ਸੂਤਰਾਂ ਮੁਤਾਬਕ ਸੀਆਈਡੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਪ੍ਰੋਗਰਾਮ ਦੇ ਵਿਰੋਧੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਵੇਰਵੇ ਇਕੱਤਰ ਕੀਤੇ ਜਾਣ।
ਖੁਫੀਆ ਵਿੰਗ ਦੇ ਕਾਰਕੁੰਨਾਂ ਨੇ ਅਜਿਹੇ ਲੋਕਾਂ ਦਾ ਰਿਕਾਰਡ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ ਜਿੰਨ੍ਹਾਂ ਵੱਲੋਂ ਪਿਛੋਕੜ ’ਚ ਬਾਦਲ ਪ੍ਰੀਵਾਰ ਦੀ ਵਿਰੋਧਤਾ ਕੀਤੀ ਜਾਂਦੀ ਰਹੀ ਹੈ ਜਾਂ ਫਿਰ ਉਨ੍ਹਾਂ ਦਾ ਅਜਿਹੀਆਂ ਗਤੀਵਿਧੀਆਂ ’ਚ ਸ਼ਮੂਲੀਅਤ ਰਹੀ ਹੋਵੇ ਜਿੰਨ੍ਹਾਂ ਨੂੰ ਪੁਲਿਸ ਅਮਨ ਕਾਨੂੰਨ ਦੇ ਪੱਖ ਤੋਂ ਖਤਰਾ ਮੰਨਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਖਤ ਪੇਸ਼ਬੰਦੀਆਂ ਦੀ ਸ਼ੁਰੂਆਤ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਅਜਿਹਾ ਕੋਈ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਕਿ ਅੰਮ੍ਰਿਤਸਰ ’ਚ ਵਾਪਰੀ ਘਟਨਾਂ ਤੋਂ ਫਿਕਰਮੰਦੀ ਦਾ ਬਿਲਕੁਲ ਵੀ ਕੋਈ ਮਹੌਲ ਹੈ ਪ੍ਰੰਤੂ ਅਫਸਰ ਅੰਦਰੋ ਅੰਦਰੀ ਚਿੰਤਤ ਜਰੂਰ ਨਜ਼ਰ ਆਉਂਦੇ ਹਨ। ਇਹੋ ਕਾਰਨ ਹੈ ਕਿ ਮਾਮਲਾ ਵੀਵੀਆਈਪੀ ਤੇ ਜੈਡ ਪਲੱਸ ਸੁਰੱਖਿਆ ਹਾਸਲ ਆਗੂ ਜਾਂ ਉਨ੍ਹਾਂ ਨਾਲ ਆਉਣ ਵਾਲੇ ਹੋਰ ਅਹਿਮ ਵਿਅਕਤੀਆਂ ਨਾਲ ਜੁੜਿਆ ਹੋਣ ਕਰਕੇ ਪੁਲਿਸ ਅਧਿਕਾਰੀ ਕੋਈ ਵੀ ਖਤਰਾ ਮੁੱਲ ਲੈਣ ਦੇ ਰੌਂਅ ਵਿੱਚ ਨਹੀਂ ਹਨ।
ਸਥਿਤੀ ਤੇ ਤਿੱਖੀ ਨਜ਼ਰ:ਡੀਆਈਜੀ ਬਠਿੰਡਾ
ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਮਾਮਲਾ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਉਹ ਜਿਆਦਾ ਜਾਣਕਾਰੀ ਤਾਂ ਨਹੀਂ ਦੇ ਸਕਦੇ ਪਰ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਐਸਐਸਪੀ ਨੂੰ ਵੀ ਲੁੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਦੀ ਸ਼ਿਨਾਖਤ ਲਈ ਸੀਆਈਡੀ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਾਲਾਤਾਂ ਮੁਤਾਬਕ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਭੰਗ ਨਹੀਂ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਏਗੀ।