ਸਦੀ ਪੁਰਾਣੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਨੂੰ ਢਾਹੁਣ ਦੀ ਥਾਂ ਇਸ ਨੂੰ ਵਿਰਾਸਤੀ ਰੁਤਬਾ ਦੇ ਕੇ ਅਜਾਇਬਘਰ ਬਣਾਉ- ਪ੍ਰੋ. ਗੁਰਭਜਨ ਗਿੱਲ
ਲੁਧਿਆਣਾਃ 22 ਦਸੰਬਰ 2025- ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ ਜੰਮਪਲ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਭਾਰਤ ਦੇ ਰੇਲਵੇ ਮੰਤਰੀ ਦੇ ਨਾਂ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ(ਗੁਰਦਾਸਪੁਰ) ਵਿਖੇ 2927 ਵਿੱਚ ਉਸਾਰੇ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਰੁਤਬਾ ਦੇ ਕੇ ਇਸ ਨੂੰ ਅਜਾਇਬ ਘਰ ਵਿੱਚ ਤਬਦੀਲ ਕੀਤਾ ਜਾਵੇ।
ਉਨ੍ਹਾਂ ਲਿਖਿਆ ਹੈ ਕਿ ਮੀਡੀਆ ਖ਼ਬਰਾਂ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪ ਜੀ ਦੇ ਨਾਮ ਪੱਤਰ ਤੋਂ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਪਾਕਿ ਵੰਡ ਤੋਂ ਪਹਿਲਾਂ ਬਣੇ ਤੇ ਸਰਹੱਦੀ ਖੇਤਰ ਦੇ ਡੇਰਾ ਬਾਬਾ ਨਾਨਕ ਵਿਖੇ 1927 ਵਿੱਚ ਬਣੇ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਵੱਲੋਂ ਤੋੜੇ ਜਾਣ ਦੀਆਂ ਤਿਆਰੀਆਂ ਹਨ। ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਬਚਾਉਣ ਤੇ ਇਸ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਇਮਾਰਤ ਐਲਾਨਣ ਲਈ ਆਪ ਜੀ ਨੂੰ ਸਮੂਹ ਪੰਜਾਬੀਆਂ ਵੱਲੋਂ ਬੇਨਤੀ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਸਟੇਸ਼ਨ ਪੰਜਾਬ ਦਾ ਇਕੱਲਾ ਬਚਿਆ ਹੋਇਆ ਅਜਿਹਾ ਸਟੇਸ਼ਨ ਹੈ ਜੋ ਆਜ਼ਾਦੀ ਤੋਂ ਪਹਿਲਾਂ ਅੰਮ੍ਰਿਤਸਰ-ਸਿਆਲਕੋਟ ਰੇਲ ਲਿੰਕ ਦਾ ਅਹਿਮ ਹਿੱਸਾ ਸੀ। ਇਹ ਸਟੇਸ਼ਨ ਇਤਿਹਾਸਕ ਕਰਤਾਰਪੁਰ ਕੌਰੀਡੋਰ ਦੇ ਨੇੜੇ ਹੋਣ ਕਰਕੇ ਸੰਭਾਲਣਾ ਜ਼ਰੂਰੀ ਹੈ।
ਵਿਰਾਸਤੀ ਭਵਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ, ਇਤਿਹਾਸਕਾਰਾਂ ਤੇ ਵਿਰਾਸਤ ਦੀ ਸਾਂਭ-ਸੰਭਾਲ ਨਾਲ ਜੁੜੀਆਂ ਸੰਸਥਾਵਾਂ ਦੀ ਭਾਵਨਾ ਸਮਝਦੇ ਹੋਏ ਇਸ ਰੇਲਵੇ ਸਟੇਸ਼ਨ ਨੂੰ ਤੋੜਨ ਦੀ ਥਾਂ ਇੱਥੇ ਰੇਲਵੇ ਵਿਭਾਗ ਵੱਲੋਂ ਵਿਰਾਸਤੀ ਅਜਾਇਬ ਘਰ ਬਣਾਇਆ ਜਾਵੇ। ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਨੂੰ ਤੋੜਨ ਦੀ ਕਾਰਵਾਈ ਤੁਰੰਤ ਰੋਕੀ ਜਾਵੇ ਅਤੇ ਆਰਕਿਆਲੋਜੀ ਤੇ ਪੁਰਾਤੱਤਵ ਵਿਭਾਗ ਤੇ ਵਿਰਾਸਤ ਮਾਹਿਰਾਂ ਨਾਲ ਮਿਲ ਕੇ ਇਸ ਦੀ ਇਤਿਹਾਸਕਤਾ ਨੂੰ ਵੇਖਦੇ ਹੋਏ ਸਟੇਸ਼ਨ ਸਬੰਧੀ ਲਏ ਗਏ ਫ਼ੈਸਲੇ ਦੀ ਮੁੜ ਵਿਚਾਰ ਕੀਤੀ ਜਾਵੇ। ਸਾਡੀ ਮੰਗ ਹੈ ਕਿ ਇਸ ਸਟੇਸ਼ਨ ਨੂੰ ਸੰਭਾਲ ਕੇ, ਨਵੇਂ ਤਰੀਕੇ ਨਾਲ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਜਾਵੇ। ਸਥਾਨਕ ਵਾਸੀਆਂ, ਇਤਿਹਾਸਕਾਰਾਂ ਤੇ ਸੱਭਿਆਚਾਰਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੀ 100 ਸਾਲ ਪੁਰਾਣੀ ਵਿਰਾਸਤ ਸਦਾ ਲਈ ਮਿਟ ਜਾਵੇਗੀ ਤੇ ਆਜ਼ਾਦੀ ਅਤੇ ਵੰਡ ਤੋਂ ਪਹਿਲਾਂ ਦੇ ਇਤਿਹਾਸਕ ਸਬੂਤ ਨਸ਼ਟ ਹੋ ਜਾਣਗੇ। ਉਮੀਦ ਹੈ ਤੁਸੀਂ ਇਸ ਮਹੱਤਵਪੂਰਨ ਮਸਲੇ ਵੱਲ ਤੁਰੰਤ ਧਿਆਨ ਦਿਉਗੇ ਅਤੇ ਇਤਿਹਾਸ ਦੇ ਅਮਰ ਨਿਸ਼ਾਨ ਮਿਟਾਉਣ ਤੋਂ ਗੁਰੇਜ਼ ਕਰੋਗੇ।