ਯੂਨੈਸਕੋ ਵੱਲੋਂ ਕੋਰੀਆਂ ਵਿੱਚ ਸਿੱਖਿਆ ਦੇ ਭਵਿੱਖ ਸਬੰਧੀ ਕਰਵਾਏ ਸਮਾਗਮ ਵਿੱਚ ਹਰਜੋਤ ਬੈਂਸ ਨੇ ਕੀਤੀ ਭਾਰਤ ਦੀ ਪ੍ਰਤੀਨਿਧਤਾ
- ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਅ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤੀ ਚਰਚਾ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 03 ਦਸੰਬਰ ,2024 - ਯੂਨੈਸਕੋ ਵੱਲੋਂ ਕੋਰੀਆਂ ਵਿੱਚ ਸਿੱਖਿਆ ਦੇ ਭਵਿੱਖ ਸਬੰਧੀ ਕਰਵਾਏ ਸਮਾਗਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਪਹੁੰਚੇ ਦੇਸ਼ ਦੇ ਸਭ ਤੋ ਨੋਜਵਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆਏ ਕ੍ਰਾਂਤੀਕਾਰੀ ਬਦਲਾਓ ਬਾਰੇ ਜਾਣਕਾਰੀ ਸਾਝੀ ਕੀਤੀ ਅਤੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਮਹੱਤਵ, ਗੁਰੂ ਸਹਿਬਾਨ ਦੇ ਬਲਿਦਾਨ ਅਤੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੇ ਸਿੱਖਾਂ ਦੇ ਤਾਜ ਦਸਤਾਰ ਦਾ ਮਹੱਤਵ ਦੱਸ ਕੇ ਉਥੇ ਹਾਜ਼ਰ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਤੋ ਜਾਣੂ ਕਰਵਾਇਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸ਼ਾਨਦਾਰ ਉਪਰਾਲੇ ਦੀ ਸੋਸ਼ਲ ਮੀਡੀਆ ਤੇ ਭਰਵੀ ਪ੍ਰਸੰਸ਼ਾ ਹੋ ਰਹੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਕੋਰੀਆਂ ਵਿੱਚ ਯੂਨੈਸਕੋ ਵੱਲੋਂ ਕਰਵਾਏ ਸਿੱਖਿਆ ਸਮਾਗਮ ਵਿੱਚ ਦੱਸਿਆ ਕਿ ਪੰਜਾਬ ਅਜਿਹਾ ਸੂਬਾ ਹੈ, ਜਿੱਥੋ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ, ਮਾਡਲ ਤੇ ਕਾਨਵੈਂਟ ਸਕੂਲਾਂ ਤੋਂ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਪ੍ਰਿੰਸੀਪਲ ਸਿੰਘਾਪੁਰ ਵਿੱਚ ਸਿਖਲਾਈ ਲੈ ਰਹੇ ਹਨ, ਹਾਈ ਸਕੂਲਾਂ ਦੇ ਹੈਡਮਾਸਟਰ ਇੰਡੀਅਨ ਇੰਸਟੀਚਿਊਟ ਐਂਡ ਮੈਨੇਜਮੈਂਟ ਵਿੱਚ ਟ੍ਰੇਨਿੰਗ ਲੈ ਰਹੇ ਹਨ ਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਫਿੰਨਲੈਂਡ ਵਿੱਚ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸੈਟਾਲਾਈਟ ਕੇਂਦਰ ਵਿਚ ਜਾ ਕੇ ਚੰਦਰਯਾਨ-3 ਦੀ ਲਾਚਿੰਗ ਦੇ ਗਵਾਹ ਬਣੇ ਹਨ। ਸਰਕਾਰੀ ਸਕੂਲਾਂ ਵਿਚ ਮੁਫਤ ਵਿੱਦਿਆ ਕਿਤਾਬਾ, ਵਰਦੀਆਂ ਦੀ ਸਹੂਲਤ ਹੈ, ਸਰਕਾਰੀ ਸਕੂਲਾਂ ਵਿੱਚ ਸਵੀਮਿੰਗ ਪੂਲ, ਸੂਟਿੰਗ ਰੇਜ਼ ਤੇ ਵਿਸ਼ਵ ਪੱਧਰ ਤੇ ਐਸਟ੍ਰੋਟਰਫ ਮੈਦਾਨ ਬਣਾਏ ਜਾ ਰਹੇ ਹਨ। ਲਖੇੜ ਵਿੱਚ ਵਿਸ਼ਵ ਦਾ ਸਭ ਤੋ ਬਿਹਤਰੀਨ ਪ੍ਰਾਇਮਰੀ ਸਕੂਲ ਤਿਆਰ ਹੋ ਰਿਹਾ ਹੈ। ਸੰਸਾਰ ਭਰ ਦੇ ਮੁਕਾਬਲੇਬਾਜੀ ਦੇ ਦੌਰ ਵਿੱਚ ਪੰਜਾਬ ਦੇ ਵਿਦਿਆਰਥੀ ਵਿੱਦਿਆਂ, ਖੇਡਾਂ ਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ, ਇਹ ਸਾਡੀ ਬਦਲ ਰਹੀ ਸਿੱਖਿਆ ਪ੍ਰਣਾਲੀ ਤੇ ਕ੍ਰਾਂਤੀਕਾਰੀ ਫੈਸਲਿਆਂ ਦਾ ਨਮੂਨਾ ਹੈ।
ਜਿਕਰਯੌਗ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਸਿੱਖਿਆ ਮੰਤਰੀ ਪੰਜਾਬ ਸ:ਹਰਜੋਤ ਸਿੰਘ ਬੈਂਸ ਨੇ ਕੋਰੀਆ ਵਿਖੇ ਯੂਨੈਸਕੋ ਵੱਲੋਂ ਸਿੱਖਿਆ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਭਾਰਤ ਵੱਲੋਂ ਪ੍ਰਤੀਨਿਧਤਾ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੋਰਾਨ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਪ੍ਰਤੀਨਿਧੀਆਂ ਨਾਲ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਪੰਜਾਬ ਦੇ ਸਿੱਖਾਂ ਦੀ ਸ਼ਾਨ ਦਸਤਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੋਰੀਆ ਵਿਖੇ ਯੂਨੈਸਕੋ ਵੱਲੋਂ ਸਿੱਖਿਆ ਦੇ ਭਵਿੱਖ ਬਾਰੇ ਬੈਠਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਮੈਂ ਦੁਨੀਆ ਦੇ ਵੱਖ ਵੱਖ ਕੋਨਿਆਂ ਤੋਂ ਆਏ ਪ੍ਰਤੀਨਿਧਤੀਆਂ ਨੂੰ ਆਪਣੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੁਨੀਆਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਅਣਮੁੱਲੇ ਇਤਿਹਾਸ ਅਤੇ ਅਹਿਮੀਅਤ ਬਾਰੇ ਦੱਸਿਆ।
ਸਿੱਖਿਆ ਮੰਤਰੀ ਨੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਕਿਵੇਂ ਗੁਰੂ ਸਾਹਿਬ ਨੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਿਆ ਅਤੇ ਦੁਨੀਆ ਨੂੰ ਹੱਦਾਂ, ਸਰਹੱਦਾਂ, ਰੰਗ, ਨਸਲ, ਜਾਤ ਪਾਤ ਨੂੰ ਭਾਈਚਾਰਕ ਸਾਝਾਂ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਾਂ ਦੇ ਤਾਜ ਦਸਤਾਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਜਿੱਥੇ ਦਸਤਾਰ ਸਾਨੂੰ ਮਾਣ ਦਿਵਾਉਂਦੀ ਹੈ ਉੱਥੇ ਹੀ ਹੱਕ ਅਤੇ ਸੱਚ ਦੀ ਪਹਿਰੇਦਾਰੀ ਕਰਨ ਲਈ ਤੱਤਪਰ ਰੱਖਦੀ ਹੈ। ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਮਾਡਲ ਰਾਹੀਂ ਕੀਤੇ ਗਏ ਅਨੇਕਾਂ ਕੰਮਾਂ ਤੋਂ ਦੁਨੀਆ ਨੂੰ ਜਾਣੂੰ ਕਰਵਾਇਆ ਅਤੇ ਪੰਜਾਬ ਦੀ ਸਿੱਖਿਆ ਰਾਹੀਂ ਸਮੂਹਿਕ ਵਿਕਾਸ ਦੇ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਤੇ ਬੇਹਤਰ ਬਣਾਉਣ ਲਈ ਵੱਖ ਵੱਖ ਤਰੀਕਿਆਂ ਤੇ ਅਹਿਮ ਚਰਚਾ ਕੀਤੀ। ਕੋਰੀਆ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੰਬੋਧਨ ਤੋਂ ਬਾਅਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਮਾਣ ਮਹਿਸੂਸ ਕਰ ਰਹੇ ਹਨ।