Babushahi Special: ਮੰਗਲਵਾਰ ਨੇ ਲੈਗ ਤੇ ਪੈਗ ਦੇ ਸ਼ੌਕੀਨਾਂ ਦੇ ਰੰਗ ’ਚ ਭੰਗ ਪਾਈ
- ਮਾਮਲਾ ਨਵੇਂ ਸਾਲ ਮੌਕੇ ਜਸ਼ਨਾਂ ਦਾ
ਅਸ਼ੋਕ ਵਰਮਾ
ਬਠਿੰਡਾ,1 ਜਨਵਰੀ2025: ਮੰਗਲਵਾਰ ਨੂੰ ਚੜ੍ਹੇ ਨਵੇਂ ਸਾਲ 2025 ਨੇ ਬਠਿੰਡਾ ਪੱਟੀ ਵਿੱਚ ਲੈਗ ਤੇ ਪੈਗ ਦੇ ਸ਼ੌਕੀਨਾਂ ਦੇ ਜਸ਼ਨਾਂ ਵਾਲੇ ਰੰਗ ’ਚ ਭੰਗ ਪਾ ਦਿੱਤੀ ਹੈ। ਪੰਜਾਬ ’ਚ ਵੱਡੀ ਗਿਣਤੀ ਲੋਕ ਮੰਗਲਵਾਰ ਅਤੇ ਵੀਰਵਾਰ ਨੂੰ ਸ਼ਰਾਬ ਅਤੇ ਮਾਸਾ ਅਹਾਰ ਦੀ ਵਰਤੋਂ ਨਹੀਂ ਕਰਦੇ ਹਨ ਜਿਸ ਦੇ ਚਲਦਿਆਂ ਅਜਿਹੇ ਲੋਕਾਂ ਦੇ ਜਸ਼ਨ ਫਿੱਕੇ ਰਹੇ। ਉਂਜ ਕਈ ਲੋਕਾਂ ਵੱਲੋਂ 12 ਵਜੇ ਤੋਂ ਬਾਅਦ ਆਪਣੀ ਜੀਭ ਤਰ ਕਰਨ ਦੀ ਖਬਰਾਂ ਵੀ ਹਨ ਪਰ ਏਦਾਂ ਦੇ ਲੋਕ ਗਿਣਤੀ ਦੇ ਪੱਖ ਤੋਂ ਬਹੁਤੇ ਜਿਆਦਾ ਨਹੀਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰਹ ਪਿਛਲੇ ਸਾਲਾਂ ਦੌਰਾਨ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੋਟਲਾਂ ਅਤੇ ਦੂਸਰੀਆਂ ਥਾਵਾਂ ਤੇ ਕਾਫੀ ਰੌਣਕ ਲੱਗਦੀ ਰਹੀ ਹੈ ਜੋ ਐਤਕੀਂ ਗਾਇਬ ਨਜ਼ਰ ਆਈ। ਸਾਲ 2013 ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਕਾਫੀ ਹੋਟਲ ਮਾਲਕਾਂ ਨੇ ਨੇ ਤਾਂ ਨਵੇਂ ਸਾਲ ਮੌਕੇ ਜਸ਼ਨ ਸਮਾਗਮ ਕਰਵਾਉਣ ਤੋਂ ਹੀ ਪਾਸਾ ਵੱਟ ਲਿਆ ਸੀ।
ਹੋਟਲ ਆਸ਼ਿਆਨਾ ਦੇ ਮਾਲਕ ਸਿਕੰਦਰ ਗੋਇਲ ਦਾ ਕਹਿਣਾ ਸੀ ਕਿ ਨਵੇਂ ਸਾਲ ਦੇ ਸਮਾਗਮ ਕਰਨ ਵਾਲੇ ਹੋਟਲਾਂ ਨੂੰ ਭਰਵਾਂ ਹੁੰਗਾਰਾ ਨਹੀਂ ਮਿਲਿਆ ਹੈ ਕਿਉਂਕਿ ਮੰਗਲਵਾਰ ਦਾ ਦਿਨ ਹੋਣ ਕਾਰਨ ਲੋਕਾਂ ਨੇ ਪਾਸਾ ਵੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵੱਡਾ ਅਸਰ ਹੀ ਕਿਹਾ ਜਾ ਸਕਦਾ ਹੈ ਕਿ ਐਤਕੀਂ ਕਾਰੋਬਾਰ ਪਿਛਲੇ ਸਾਲ ਨਾਲੋਂ ਅੱਧਾ ਹੀ ਰਿਹਾ ਹੈ। ਉਂਜ ਇਸ ਮਾਮਲੇ ਦੇ ਇੱਕ ਪੱਖ ਇਹ ਵੀ ਹੈ ਕਿ ਇਸ ਵਾਰੀ ਮੰਗਲਵਾਰ ਹੋਣ ਕਾਰਨ ਲੱਖਾਂ ਮੁਰਗਿਆਂ ਦੀ ਜਾਨ ਬਚ ਗਈ ਹੈ। ਬੱਸ ਅੱਡੇ ਦੇ ਨਜ਼ਦੀਕ ਇੱਕ ਬਰੈਲਰ ਕਾਰੋਬਾਰੀ ਦਾ ਕਹਿਣਾ ਸੀ ਕਿ ਐਤਕੀ ਵਿੱਕਰੀ ਤੇ 25 ਤੋਂ 35 ਫੀਸਦੀ ਤੱਕ ਅਸਰ ਪਿਆ ਹੈ ਜਦੋਂਕਿ ਮੰਗਲਵਾਰ ਕਾਰਨ ਹੋਟਲ ਤਾਂ ਖਰੀਦਣੋ ਗੁਰੇਜ਼ ਹੀ ਕਰ ਗਏ ਹਨ। ਓਧਰ ਜੋ ਲੋਕ ਤਿੱਥ ਵਿਹਾਰ ਤੋਂ ਅਣਭਿੱਜ ਹਨ ਜਾਂ ਫਿਰ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ਉਹ ਨਾਂ ਤਾਂ ਠੇਕੇ ਜਾਣਾ ਭੁੱਲੇ ਅਤੇ ਨਾਂ ਹੀ ਸਵੇਰ ਚੜ੍ਹਦਿਆਂ ਗੁਰੂ ਘਰ ।
ਏਦਾਂ ਦੇ ਲੋਕ ਰਾਤ ਭਰ ਜਸ਼ਨਾਂ ਕਾਰਨ ਟੱਲੀ ਰਹੇ ਅਤੇ ਦਿਨ ਚੜ੍ਹਿਆ ਤਾਂ ਗੁਰੂ ਦੀ ਓਟ ’ਚ ਸਨ। ਬਠਿੰਡਾ ’ਚ ਮੰਗਲਵਾਰ ਕਾਰਨ ਨਵੇਂ ਸਾਲ ਦੇ ਜਸ਼ਨ ਜਿਆਦਾਤਰ ਫਿੱਕੇ ਰਹੇ ਫਿਰ ਵੀ ਕਈ ਠੇਕਿਆਂ ਮੂਹਰੇ ਰੌਣਕਾਂ ਲੱਗੀਆਂ ਰਹੀਆਂ। ਨੌਜਵਾਨ ਤਬਕੇ ਨੇ ਟੱਲੀ ਹੋਕੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ। ਉਂਜ ਛੋਟੇ ਸ਼ਹਿਰਾਂ ਵਿੱਚ ਤਾਂ ਨਵੇਂ ਸਾਲ ਦੀ ਆਮਦ ਮੌਕੇ ਕਿਸੇ ਵੀ ਕਿਸਮ ਦੇ ਵੱਡੇ ਸਮਾਗਮ ਨਹੀਂ ਹੋਏ ਹਨ। ਧਾਰਮਿਕ ਅਕੀਦਿਆਂ ਦੀ ਪੂਰਤੀ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਕਾਰਨ ਗੁਰੂ ਘਰਾਂ ਅਤੇ ਮੰਦਿਰਾਂ ’ਚ ਅੱਜ ਆਮ ਦਿਨਾਂ ਨਾਲੋਂ ਜਿਆਦਾ ਭੀੜਾਂ ਰਹੀਆਂ। ਹਰ ਵਰਗ ਦੇ ਲੋਕਾਂ ਨੇ ਗੁਰੂ ਘਰਾਂ ’ਚ ਨਤਮਸਤਕ ਹੁੰਦਿਆਂ ਖੇਤਾਂ ਦੀ ਸੁੱਖ ਅਤੇ ਆਪੋ ਆਪਣੇ ਕੰਮ ਧੰਦਿਆਂ ’ਚ ਬਰਕਤ ਮੰਗਣ ਦੇ ਨਾਲ ਨਾਲ ਕਿਸਾਨੀ ਮੰਗਾਂ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਅਤੇ ਸਿਹਤ ਸਬੰਧੀ ਅਰਦਾਸ ਕੀਤੀ।
ਬਠਿੰਡਾ ਜਿਲ੍ਹੇ ਦੇ ਪਿੰਡ ਪਿੰਡ ਕੋਟਗੁਰੂੁ ਦੇ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਆਉਂਦੇ ਦਿਨੀ ਖੇਤ ਸਲਾਮਤ ਰਹਿਣ,ਉਨ੍ਹਾਂ ਵੱਲੋਂ ਅੱਜ ਨਵੇਂ ਸਾਲ ਮੌਕੇ ਇਹ ਦੁਆ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੇ ਇਹ ਵੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਕੂਮਤਾਂ ਵਾਲਿਆਂ ਨੂੰ ਕਿਸਾਨ ਮਸਲਿਆਂ ਪ੍ਰਤੀ ਸੁਮੱਤ ਬਖਸ਼ੇ ਤਾਂ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਹੀ ਸਲਾਮਤ ਆਪਣੇ ਘਰ ਪਰਤ ਸਕਣ। ਦੇਖਿਆ ਜਾਏ ਤਾਂ ਸਾਲ 2015 ’ਚ ਨਰਮੇ ਦੀ ਫਸਲ ਤੇ ਹੋਏ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਕਪਾਹ ਪੱਟੀ ਦੀ ਆਰਥਿਕਤਾ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਦੁਖਦਾਈ ਪੱਖ ਇਹ ਵੀ ਹੈ ਕਿ ਖੇਤ ਤਾਂ ਖਾਲੀ ਹੋਏ ਹੀ ਹਨ ਬਲਕਿ ਸੈਂਕੜੇ ਖੇਤਾਂ ਦਾਂ ਤਾਂ ਕੋਈ ਵਾਰਸ ਹੀ ਪਿਛੇ ਨਹੀਂ ਬਚਿਆ ਹੈ। ਕਿਸਾਨ ਆਖਦੇ ਹਨ ਕਿ ਜਦੋਂ ਖੇਤਾਂ ਨੂੰ ਭਾਗ ਲੱਗਦੇ ਹਨ ਤਾਂ ਹੀ ਜਸ਼ਨ ਮਨਾਉਣ ਨੂੰ ਜੀਅ ਕਰਦਾ ਹੈ ਪਰ ਹੁਣ ਤਾਂ ਖੁਸ਼ੀਆਂ ਹੀ ਖੰਭ ਲਾਕੇ ਉੱਡ ਗਈਆਂ ਹਨ।
ਕਿਸਾਨੀ ਦਾ ਕਾਹਦਾ ਨਵਾਂ ਸਾਲ
ਇਹ ਨਵਾਂ ਸਾਲ ਵੀ ਪਿਛਲ ਸਾਲਾਂ ਵਾਂਗ ਖੇਤੀ ਖੇਤਰ ਲਈ ਕੋਈ ਚੰਗੀ ਖਬਰ ਨਹੀਂ ਲਿਆਇਆ ਹੈ । ਕਿਸਾਨਾਂ ਦੀ ਤਰਜ਼ੀਹ ਢਿੱਡ ਦੀ ਅੱਗ ਹੈ ਜਿਸ ਨੂੰ ਸ਼ਾਂਤ ਕਰਨ ਲਈ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪੈ ਰਿਹਾ ਹੈ। ਪੰਜਾਬ ਦੇ ਬਾਰਡਰਾਂ ’ਤੇ ਵਰਤੀ ਚੁੱਪ ਤੁਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਰਗੀ ਹੈ । ਕਿਸਾਨ ਆਗੂ ਕਾਕਾ ਸਿੰਘ ਕੋਟੜਾ ਆਖਦੇ ਹਨ ਕਿ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਕਿਸਾਨੀ ਤੇ ਹੱਲਾ ਅੱਤਵਾਦ ਵਰਗੀ ਸੱਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਤਾਂ ਉਦੋਂ ਨਵਾਂ ਸਾਲ ਹੋਊ ਜਦੋਂ ਉਨ੍ਹਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ।
ਪੁਲਿਸ ਨੇ ਸੜਕਾਂ ਤੇ ਮਨਾਇਆ ਸਾਲ
ਬਠਿੰਡਾ ਪੁਲੀਸ ਨੇ ਨਵੇਂ ਸਾਲ ਨੂੰ ਜੀ ਆਇਆਂ ਸੜਕਾਂ ‘ਤੇ ਪਹਿਰਾ ਦਿੰਦਿਆਂ ਆਖਿਆ। ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਵਾਪਰਨ ਅਤੇ ਹੁੜਦੰਗ ਮਚਾਉਣ ਤੋਂ ਰੋਕਣ ਲਈ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤੇ ਪੁਲਿਸ ਨਫਰੀ ਨੂੰ ਤਾਇਨਾਤ ਕੀਤਾ ਗਿਆ ਸੀ। ਕੁੱਝ ਥਾਵਾਂ ਤੇ ਪੁਲਿਸ ਮੁਲਾਜਮਾਂ ਨੇ ਸ਼ਰਾਬ ਨਾਲ ਟੱਲੀ ਹੋਕੇ ਚੀਕਾਂ ਮਾਰਨ ਵਾਲਿਆਂ ਦੀ ਚੰਗੀ ਲਾਹ ਪਾਹ ਵੀ ਕੀਤੀ । ਭਾਵੇਂ ਕੱੁਝ ਪੁਲਿਸ ਮੁਲਾਜ਼ਮਾਂ ਨੇ ਅਫਸਰਾਂ ਦੇ ਛਾਪੇ ਡਰੋਂ ‘ਲਾਲ ਪਰੀ’ ਨਾਲ ਚੋਰੀ ਛੁੱਪੇ ਜਸ਼ਨ ਵੀ ਮਨਾਏ ਪਰ ਜਿਆਦਾਤਰ ਪੁਲੀਸ ਸੜਕਾਂ ‘ਤੇ ਹੀ ਰਾਖੀ ਕਰਦੀ ਦਿਖਾਈ ਦਿੱਤੀ।