ਹਰ ਸਿੱਖ ਬੋਲਚਾਲ ਅਤੇ ਲਿਖਤ ਵਿੱਚ ਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੇ
ਠਾਕੁਰ ਦਲੀਪ ਸਿੰਘ
ਸਿੱਖ ਪੰਥ ਨੂੰ ਘਟਣੋਂ ਰੋਕਣ ਵਾਸਤੇ ਅਤੇ ਪ੍ਰਫੁੱਲਿਤ ਕਰਨ ਵਾਸਤੇ ਹਰ ਸਿੱਖ ਨੂੰ ਹਰ ਦਿਨ ਪੰਜਾਬੀ ਦੀ ਵਰਤੋਂ (ਲਿਖਣ/ਬੋਲਣ ਵਿੱਚ) ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਸੀਂ ਪੰਜਾਬੀ ਦੀ ਵਰਤੋਂ ਨਹੀਂ ਕਰਾਂਗੇ ਤਾਂ ਅਸੀਂ ਗੁਰਬਾਣੀ ਨੂੰ ਪੜ੍ਹ ਨਹੀਂ ਸਕਾਂਗੇ, ਸਮਝ ਨਹੀਂ ਸਕਾਂਗੇ। ਗੁਰਬਾਣੀ ਨੂੰ ਪੜ੍ਹੇ, ਸਮਝੇ ਬਿਨਾਂ ਅਸੀਂ ਸਿੱਖ ਕਿਵੇਂ ਰਹਿ ਸਕਦੇ ਹਾਂ?
ਗੁਰਬਾਣੀ ਨੂੰ ਕੁਝ ਹੱਦ ਤੱਕ ਭਾਰਤੀ ਭਾਸ਼ਾਵਾਂ ਵਿੱਚ ਤਾਂ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ; ਪਰੰਤੂ ਅੰਗਰੇਜ਼ੀ ਵਿੱਚ ਜਾਂ ਰੋਮਨ ਲਿਪੀ ਵਿੱਚ ਗੁਰਬਾਣੀ ਨਾ ਤਾਂ ਠੀਕ ਤਰ੍ਹਾਂ ਪੜ੍ਹੀ ਜਾ ਸਕਦੀ ਹੈ, ਨਾ ਹੀ ਸਮਝੀ ਜਾ ਸਕਦੀ ਹੈ। ਅੰਗਰੇਜ਼ੀ ਵਿੱਚ ਤਾਂ ਗੁਰਬਾਣੀ ਦਾ ਉਚਾਰਣ ਹੀ ਬਦਲ ਜਾਂਦਾ ਹੈ, ਅਰਥ ਠੀਕ ਹੋਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਜਿਵੇਂ: ‘ਸਤਿਨਾਮ’ ਦਾ ‘ਸੇਟ ਨੇਮ’; ‘ਓਅੰਕਾਰ’ ਦਾ ‘ਓਨਕਾਰ’ ਉਚਾਰਣ ਹੋ ਜਾਂਦਾ ਹੈ। ਅੰਗਰੇਜ਼ੀ ਵਿੱਚ ਗੁਰੂ, ਧਰਮ, ਬ੍ਰਹਮ ਗਿਆਨ, ਚਰਨ ਆਦਿ ਸ਼ਬਦਾਂ ਦਾ ਕੋਈ ਤਰਜ਼ਮਾ ਹੀ ਨਹੀਂ ਹੈ।
ਇਸ ਲਈ ਹਰ ਸਿੱਖ (ਕੇਸ ਰਹਿਤ ਅਤੇ ਕੇਸਾਧਾਰੀ) ਨੂੰ ਆਪਣੀ ਰੋਜ਼ਾਨਾ ਬੋਲ ਚਾਲ ਅਤੇ ਲਿਖਤ ਵਿੱਚ ਪੰਜਾਬੀ ਨੂੰ ਲਿਆਉਣਾ ਚਾਹੀਦਾ ਹੈ। ਪੰਜਾਬੀ ਨੂੰ ਲਿਖਣ ਦਾ ਅਤੇ ਬੋਲਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿਸ ਭਾਸ਼ਾ ਦਾ ਅਭਿਆਸ ਆਪਾਂ ਛੱਡ ਦੇਈਏ; ਉਹ ਭਾਸ਼ਾ ਅਸਾਨੂੰ ਭੁੱਲ ਜਾਂਦੀ ਹੈ, ਹੌਲੀ ਹੌਲੀ ਉਸ ਦੀ ਸਮਝ ਆਉਣੀ ਵੀ ਹਟ ਜਾਂਦੀ ਹੈ। ਵੈਸੇ ਵੀ ਜਿਸ ਭਾਸ਼ਾ ਦੀ ਵਰਤੋਂ ਨਾ ਹੋਵੇ: ਉਹ ਭਾਸ਼ਾ 50 ਸਾਲਾਂ ਵਿੱਚ ਸਮਾਪਤ ਹੋ ਜਾਂਦੀ ਹੈ ਅਤੇ 100 ਸਾਲ ਵਿੱਚ ਉਸ ਦਾ ਨਾਮ ਹੀ ਲੋਕਾਂ ਦੀ ਯਾਦਾਸ਼ਤ ਵਿੱਚੋਂ ਮਿਟ ਜਾਂਦਾ ਹੈ। ਯੂ.ਐਨ.ਓ. ਅਨੁਸਾਰ: ਸੰਸਾਰ ਵਿੱਚ ਹਰ 15 ਦਿਨਾਂ ਉਪਰਾਂਤ ਇੱਕ ਭਾਸ਼ਾ ਵਿਲੁਪਤ ਹੋ ਰਹੀ ਹੈ।
ਇਸ ਕਰਕੇ ਹਰ ਸਿੱਖ ਨੂੰ ਆਪਣੀ ਰੋਜ਼ਾਨਾ ਬੋਲਚਾਲ ਵਿੱਚ, ਐਸ.ਐਮ.ਐਸ. (SMS), ਪੱਤਰਾਚਾਰ, ਈਮੇਲਾਂ ਵਿੱਚ, ਜਿੱਥੇ ਵੀ ਸੰਭਵ ਹੋਵੇ: ਉੱਥੇ ਹੀ ਪੰਜਾਬੀ ਦੀ ਵਰਤੋਂ, ਗੁਰਮੁਖੀ ਲਿਪੀ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ। ਇੰਟਰਨੈਟ ਉੱਪਰ ਪੰਜਾਬੀ/ਗੁਰਮੁਖੀ ਦੇ ਫੌਂਟ ਮਿਲ ਜਾਂਦੇ ਹਨ। ਉਹਨਾਂ ਨੂੰ ਆਪਣੇ ਫੋਨ ਵਿੱਚ ਜਾਂ ਕੰਪਿਊਟਰ ਵਿੱਚ ਡਾਊਨਲੋਡ ਕਰ ਸਕਦੇ ਹੋ। ਗੂਗਲ ਦੇ ‘Gboard keyboard’ ਨੂੰ ਆਪਾਂ ਕੰਪਿਊਟਰ, ਫੋਨ, ਟੈਬ ਵਿੱਚ ਡਾਊਨਲੋਡ ਕਰ ਕੇ, ਬੋਲ ਕੇ ਵੀ (ਬਿਨਾਂ ਹੱਥ ਲਾਏ) ਪੰਜਾਬੀ ਵਿੱਚ ਟਾਈਪ ਕਰ ਸਕਦੇ ਹਾਂ। ਪੰਜਾਬੀ ਲਿਖਣ ਅਤੇ ਬੋਲਣ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਨਾ ਕਰੋ। ਜੋ ਸ਼ਬਦ ‘ਪੰਜਾਬੀ’ ਭਾਸ਼ਾ ਵਿੱਚ ਨਹੀਂ ਹਨ ਜਿਵੇਂ: ਕੰਪਿਊਟਰ, ਟਾਈਪ ਰਾਈਟਰ, ਕੈਮਰਾ, ਫੋਨ, ਡਾਊਨਲੋਡ ਆਦਿ; ਉਹਨਾਂ ਦੀ ਵਰਤੋਂ ਕਰ ਲੈਣੀ ਯੋਗ ਹੈ। ਪਰੰਤੂ ਜੋ ਸ਼ਬਦ ਸਾਡੀ ਭਾਸ਼ਾ ਵਿੱਚ ਹਨ, ਉਹਨਾਂ ਸ਼ਬਦਾਂ ਨੂੰ ਛੱਡ ਕੇ ਅੰਗਰੇਜ਼ੀ ਜਾਂ ਕਿਸੇ ਵੀ ਹੋਰ ਵਿਦੇਸ਼ੀ ਭਾਸ਼ਾ ਦੇ ਸ਼ਬਦਾਂ ਦੀ ਵਰਤੋ ਕਰਨੀ ਠੀਕ ਨਹੀਂ।
ਭੇਡਚਾਲ ਵਿੱਚ ਹੀ ਅੱਜ ਕੱਲ੍ਹ ਸਾਡੀ ਪ੍ਰਤੀ ਦਿਨ ਦੀ ਬੋਲਚਾਲ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੀ ਮਾਂ ਬੋਲੀ ‘ਪੰਜਾਬੀ’ ਛੱਡ ਕੇ ਵਿਦੇਸ਼ੀ ‘ਅੰਗਰੇਜ਼ੀ ਭਾਸ਼ਾ’ ਦੇ ਸ਼ਬਦ ਵਰਤ ਰਹੇ ਹਾਂ। ਜਿਵੇਂ: ਅਸੀਂ ਮਾਤਾ ਪਿਤਾ ਨੂੰ ‘ਮੰਮੀ ਡੈਡੀ’, ਚਾਚਾ ਚਾਚੀ, ਮਾਮਾ ਮਾਮੀ ਨੂੰ ‘ਅੰਕਲ ਆਂਟੀ’, ਪਤੀ ਪਤਨੀ ਨੂੰ ‘ਹਸਬੈਂਡ ਵਾਈਫ਼’, ਧੰਨਵਾਦ ਨੂੰ ‘ਥੈਂਕਯੂ’, ਕਿਰਪਾ ਕਰਕੇ ਨੂੰ ‘ਪਲੀਜ਼’ ਆਖਣ ਲੱਗ ਪਏ ਹਾਂ। ਯਾਦ ਰਹੇ: ਗੁਰਬਾਣੀ ਵਿੱਚ ਅੰਗਰੇਜ਼ੀ ਦੇ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਹੈ। ਜੇ ਆਪ ਜੀ ਵਿਚਾਰ ਕਰ ਕੇ ਆਪਣੀ ਬੋਲਚਾਲ ਅਤੇ ਲਿਖਤ ਵਿੱਚ ਪੰਜਾਬੀ ਦੇ ਸ਼ਬਦ ਵਰਤਣੇ ਸ਼ੁਰੂ ਕਰ ਦਿਓਗੇ ਤਾਂ ਸਿੱਖ ਪੰਥ ਨੂੰ ਅਤੇ ਅਸਾਡੀ ਮਾਂ ਬੋਲੀ ਨੂੰ ਬਹੁਤ ਲਾਭ ਹੋ ਸਕਦਾ ਹੈ।
ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਸਿੱਖ ਪੰਥ ਨੂੰ ਘਟਣੋਂ ਰੋਕਣ ਲਈ ਅਤੇ ਪ੍ਰਫੁੱਲਿਤ ਕਰਨ ਵਾਸਤੇ ਆਪਣੀ ਰੋਜ਼ਾਨਾ ਬੋਲਚਾਲ ਅਤੇ ਹਰ ਲਿਖਤ ਵਿੱਚ ਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੋ।
-
ਠਾਕੁਰ ਦਲੀਪ ਸਿੰਘ, Writer
info@namdhari-sikhs.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.