ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਜਸਬੀਰ ਗੜ੍ਹੀ 'ਆਪ' 'ਚ ਸ਼ਾਮਲ: CM ਮਾਨ-ਅਮਨ ਅਰੋੜਾ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ
ਚੰਡੀਗੜ੍ਹ, 1 ਜਨਵਰੀ 2025 - ਪੰਜਾਬ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਵੀਡੀਓ ਦੇਖਣ ਲਈ ਲਈ ਇਸ ਲਿੰਕ 'ਤੇ ਕਲਿੱਕ ਕਰੋ......
https://www.facebook.com/BabushahiDotCom/videos/511595528597535
ਗੜ੍ਹੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਆਮ ਆਦਮੀ ਪਾਰਟੀ ਬਾਬਾ ਸਾਹਿਬ ਅੰਬੇਡਕਰ ਅਤੇ ਕਾਂਸ਼ੀ ਰਾਮ ਜੀ ਦੇ ਆਦਰਸ਼ਾਂ ਨੂੰ ਅੱਗੇ ਲਿਜਾਣ ਲਈ ਸਮਰਪਿਤ ਹੈ। ਇਕੱਠੇ ਮਿਲ ਕੇ, ਅਸੀਂ ਸਮਾਜ ਦੇ ਹਰ ਵਰਗ ਲਈ ਨਿਆਂ, ਸਮਾਨਤਾ ਅਤੇ ਮੌਕਿਆਂ ਨੂੰ ਯਕੀਨੀ ਬਣਾਵਾਂਗੇ।"
ਜਸਵੀਰ ਸਿੰਘ ਗੜ੍ਹੀ ਨੇ ਆਪਣੇ ਸਿਆਸੀ ਸਫਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਪਣੇ ਸਿਆਸੀ ਸਫ਼ਰ ਅਤੇ ਉਨ੍ਹਾਂ ਹਾਲਾਤਾਂ ਬਾਰੇ ਦੱਸਿਆ ਜਿਨ੍ਹਾਂ ਕਾਰਨ ਉਨ੍ਹਾਂ ਨੇ 'ਆਪ' ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਮੈਂ ਆਪਣੀ ਪਿਛਲੀ ਪਾਰਟੀ ਦੁਆਰਾ ਲਏ ਗਏ ਫੈਸਲੇ ਬਾਰੇ ਚੁੱਪ ਰਿਹਾ। ਮੈਨੂੰ ਉਮੀਦ ਸੀ ਕਿ ਉਹ ਆਤਮ-ਪੜਚੋਲ ਕਰਨਗੇ ਅਤੇ ਆਪਣੀਆਂ ਗਲਤੀਆਂ ਨੂੰ ਸੁਧਾਰਨਗੇ। ਪਰੰਤੂ ਮੇਰੇ ਨਾਲ ਹੀ ਧੋਖਾ ਹੋਇਆ ਹੈ, ਮੈਨੂੰ ਮਹਿਸੂਸ ਹੋਇਆ ਜਿਵੇਂ ਕਿ ਮੇਰਾ "ਸਿਆਸੀ ਕਤਲ ਕਰ ਦਿੱਤਾ ਗਿਆ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿ ਕਾਂਸ਼ੀ ਰਾਮ ਜੀ ਦੇ ਨਾਲ ਖੜ੍ਹੇ ਬਹੁਤ ਸਾਰੇ ਨੇਤਾਵਾਂ ਨੂੰ ਪਾਸੇ ਕਰ ਦਿੱਤਾ ਗਿਆ।
ਡਾ. ਬੀ.ਆਰ. ਅੰਬੇਡਕਰ ਅਤੇ ਕਾਂਸ਼ੀ ਰਾਮ ਦੀ ਵਿਚਾਰਧਾਰਾ ਪ੍ਰਤੀ ‘ਆਪ’ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਗੜ੍ਹੀ ਨੇ ਉਨ੍ਹਾਂ ਨੂੰ ਰਾਹ ਦਿਖਾਉਣ ਦਾ ਸਿਹਰਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਦਿੱਤਾ। ਉਹਨਾਂ ਕਿਹਾ, “ਡਾ. ਸੁੱਖੀ ਨੇ ਸਾਨੂੰ ਦਿਖਾਇਆ ਕਿ ਸਿਰਫ ਆਮ ਆਦਮੀ ਪਾਰਟੀ ਹੀ ਅੰਬੇਡਕਰ ਦੀ ਵਿਰਾਸਤ ਨੂੰ ਹਰ ਘਰ ਤੱਕ ਪਹੁੰਚਾ ਸਕਦੀ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਅੰਬੇਡਕਰ ਜੀ ਦੀ ਤਸਵੀਰ ਵਾਲੇ ਕੈਲੰਡਰ ਛਾਪ ਕੇ ਦਿੱਲੀ ਭਰ ਦੇ ਘਰਾਂ ਵਿੱਚ ਵੰਡੇ। ਪੰਜਾਬ ਵਿੱਚ ਹੁਣ 50,000 ਤੋਂ ਵਧ ਸਰਕਾਰੀ ਦਫ਼ਤਰਾਂ ਵਿੱਚ ਡਾ. ਅੰਬੇਡਕਰ ਦੀ ਫੋਟੋ ਲੱਗੀ ਹੋਈ ਹੈ।"
ਦੱਸ ਦਈਏ ਕਿ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਹੁਜਨ ਸਮਾਜ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਹੁਕਮ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਜਾਰੀ ਕੀਤਾ ਸੀ।
ਜਸਬੀਰ ਸਿੰਘ ਗੜ੍ਹੀ 2019 ਤੋਂ ਬਸਪਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਸਾਲ 2022 ਵਿੱਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਚੋਣ ਵਿੱਚ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਦੀ ਪ੍ਰਧਾਨਗੀ ਹੇਠ ਬਸਪਾ ਜਨਰਲ ਸਕੱਤਰ ਨਛੱਤਰ ਪਾਲ ਸਿੰਘ ਨਵਾਂਸ਼ਹਿਰ ਤੋਂ ਜੇਤੂ ਰਹੇ। ਇਸ ਦੇ ਨਾਲ ਹੀ ਉਹ ਖੁਦ ਫਗਵਾੜਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਹ 31232 ਵੋਟਾਂ (24.41%) ਨਾਲ ਤੀਜੇ ਸਥਾਨ 'ਤੇ ਰਹੇ।
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਪ੍ਰਧਾਨ ਬਣਾਇਆ ਹੈ। ਪਾਰਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਨੁਸ਼ਾਸਨਹੀਣਤਾ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਕਰੀਮਪੁਰੀ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ। ਉਹ ਐਮ.ਐਲ.ਏ ਅਤੇ ਐਮ.ਪੀ. ਰਹਿ ਚੁੱਕੇ ਹਨ।