Canada : ਨਵਜੰਮੇ ਬੱਚੇ ਦੀ ਮੌਤ ਅਤੇ ਲਾਸ਼ ਨੂੰ ਛੁਪਾਉਣ ਦੇ ਦੋਸ਼ ਵਿੱਚ ਪੰਜਾਬੀ ਕੁੜੀ ਗ੍ਰਿਫ਼ਤਾਰ
ਬਲਜਿੰਦਰ ਸੇਖਾ,
ਬਰੈਂਪਟਨ (ਕੈਨੇਡਾ), 6 June 2026 :
ਕੈਨੇਡਾ ਵਿੱਚ ਪੰਜਾਬੀ ਕੁੜੀਆਂ ਦੇ ਗਰਭਵਤੀ ਹੋਣ ਜਾਂ ਕੁਆਰੀਆਂ ਮਾਵਾਂ ਬਣਨ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਅਤੇ ਸਥਾਨਕ ਭਾਈਚਾਰੇ ਵਿੱਚ ਅਕਸਰ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਮਾਮਲੇ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ (ਇੰਟਰਨੈਸ਼ਨਲ ਸਟੂਡੈਂਟਸ) ਨੂੰ ਦਰਪੇਸ਼ ਮਾਨਸਿਕ ਤਣਾਅ, ਸੱਭਿਆਚਾਰਕ ਦਬਾਅ, ਸਮਾਜਿਕ ਨਾਮੋਸ਼ੀ ਦੇ ਡਰ ਅਤੇ ਹੈਲਥ ਇੰਸ਼ੋਰੈਂਸ ਦੀਆਂ ਕਮੀਆਂ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ। ਇਸੇ ਲੜੀ ਵਿੱਚ ਹੁਣ ਜੂਨ 2026 ਦੇ ਸ਼ੁਰੂ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹਿਲਾ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਵਜੰਮੇ ਬੱਚੇ ਦੀ ਮੌਤ ਅਤੇ ਉਸਦੀ ਲਾਸ਼ ਨੂੰ ਛੁਪਾਉਣ ਦੇ ਦੋਸ਼ ਵਿੱਚ 23 ਸਾਲਾ ਪੰਜਾਬੀ ਕੁੜੀ ਐਸ. ਕੌਰ (S Kaur) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਸਾਰੀ ਘਟਨਾ ਬਰੈਂਪਟਨ (ਓਨਟਾਰੀਓ) ਦੇ ਹੈਨਸਨ ਰੋਡ/ਕੇਨਡੀ ਰੋਡ ਨੌਰਥ ਅਤੇ ਵਿਲੀਅਮਜ਼ ਪਾਰਕਵੇਅ ਦੇ ਨੇੜੇ ਸਥਿਤ ਇੱਕ ਘਰ ਵਿੱਚ ਵਾਪਰੀ ਹੈ। ਬੀਤੀ 31 ਮਈ, ਦਿਨ ਐਤਵਾਰ ਦੀ ਸ਼ਾਮ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਰਵਾਈ ਕੀਤੀ ਹੈ ਅਤੇ ਹੁਣ ਪੁਲਿਸ ਦੀ 'ਸਪੈਸ਼ਲ ਵਿਕਟਮਜ਼ ਯੂਨਿਟ' ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਕਟਿੰਗ ਇੰਸਪੈਕਟਰ ਮੈਥਿਊ ਮਿਲਰ ਨੇ ਇਸ ਪੂਰੀ ਘਟਨਾ ਨੂੰ ਬੇਹੱਦ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ। ਪੁਲਿਸ ਅਨੁਸਾਰ ਐਤਵਾਰ ਰਾਤ ਕਰੀਬ 8:30 ਵਜੇ ਇੱਕ ਮੈਡੀਕਲ ਐਮਰਜੈਂਸੀ ਦੀ ਕਾਲ ਮਿਲਣ ਤੋਂ ਬਾਅਦ ਜਦੋਂ ਅਧਿਕਾਰੀ ਉਕਤ ਘਰ ਪਹੁੰਚੇ, ਤਾਂ ਉੱਥੇ ਨਵਜੰਮੇ ਬੱਚੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਤੁਰੰਤ ਬੱਚੇ ਦੀ ਮਿਰਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬੱਚੇ ਦੀ ਮਾਂ ਸਿਮਰਨ ਕੌਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਹਿਰਾਸਤ ਦੌਰਾਨ ਮੁਲਜ਼ਮ ਕੁੜੀ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਫਿਲਹਾਲ ਜ਼ਮਾਨਤ ਦੀ ਸੁਣਵਾਈ ਹੋਣ ਤੱਕ ਉਹ ਪੁਲਿਸ ਹਿਰਾਸਤ ਵਿੱਚ ਹੀ ਰਹੇਗੀ।
ਪੁਲਿਸ ਦੀ ਜਾਂਚ ਟੀਮ ਹੁਣ ਮੁੱਖ ਤੌਰ 'ਤੇ ਕੁਝ ਅਹਿਮ ਪਹਿਲੂਆਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ, ਜਿਨ੍ਹਾਂ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕੀ ਬੱਚਾ ਜਨਮ ਦੇ ਸਮੇਂ ਜਿਉਂਦਾ ਸੀ ਜਾਂ ਨਹੀਂ, ਬੱਚੇ ਦੀ ਮੌਤ ਅਤੇ ਡਿਲਿਵਰੀ ਕਿਹੜੇ ਹਾਲਾਤਾਂ ਵਿੱਚ ਹੋਈ ਅਤੇ ਕੀ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਗੁਆਂਢੀਆਂ ਅਤੇ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਮਕਾਨ ਵਿੱਚ ਇਹ ਦਰਦਨਾਕ ਘਟਨਾ ਵਾਪਰੀ, ਉੱਥੇ ਕਰੀਬ 15 ਤੋਂ 20 ਲੋਕ ਇਕੱਠੇ ਪੇਇੰਗ ਗੈਸਟ ਜਾਂ ਸਾਂਝੇ ਤੌਰ 'ਤੇ ਰਹਿ ਰਹੇ ਸਨ। ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਅਤੇ ਮਾਨਸਿਕ ਸਿਹਤ ਮਾਹਿਰਾਂ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਣਚਾਹੇ ਗਰਭ ਦੇ ਮਾਮਲਿਆਂ ਵਿੱਚ ਕੁੜੀਆਂ 'ਤੇ ਸੱਭਿਆਚਾਰਕ ਬਦਨਾਮੀ, ਪਰਿਵਾਰਕ ਡਰ ਅਤੇ ਇਕੱਲੇਪਨ ਦਾ ਇੰਨਾ ਜ਼ਿਆਦਾ ਮਾਨਸਿਕ ਬੋਝ ਹੁੰਦਾ ਹੈ ਕਿ ਉਹ ਸਹੀ ਫੈਸਲਾ ਨਹੀਂ ਲੈ ਪਾਉਂਦੀਆਂ ਅਤੇ ਅਜਿਹੇ ਖ਼ੌਫ਼ਨਾਕ ਕਦਮ ਚੁੱਕ ਲੈਂਦੀਆਂ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਈ 2026 ਦੌਰਾਨ ਕੈਨੇਡਾ ਦੇ ਹੈਲੀਫੈਕਸ (ਨੋਵਾ ਸਕੋਸ਼ੀਆ) ਵਿਖੇ ਵੀ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਸੀ। ਉਸ ਘਟਨਾ ਵਿੱਚ ਇੱਕ ਪੰਜਾਬੀ ਜੋੜੇ — 23 ਸਾਲਾ ਐਸ. ਸਿੰਘ (S Singh) ਅਤੇ 26 ਸਾਲਾ ਆਰ. ਕੌਰ (R Kaur) — 'ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਨੂੰ ਜੰਗਲ ਵਿੱਚ ਛੁਪਾਉਣ ਅਤੇ ਮਿਰਤਕ ਦੇਹ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਉਸ ਦੁਖਦਾਈ ਮਾਮਲੇ ਵਿੱਚ ਬੱਚੇ ਦੀ ਮਾਂ ਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੈਨੇਡਾ ਵਿੱਚ ਪ੍ਰਵਾਸੀਆਂ ਦੇ ਹਾਲਾਤ ਨੂੰ ਲੈ ਕੇ ਵੱਡੀ ਬਹਿਸ ਛਿੜ ਗਈ ਸੀ।
- Download Babushahi App
-
-