CRIME SPECIAL ਰਸੋਈ ਗੈਸ ਦੇ ਸਿਲੰਡਰ ਨੇ ਮਚਾਈ ਪਤਨੀ ਦੇ ਹਤਿਆਰੇ ਫੌਜੀ ਕੈਪਟਨ ਦੇ ਪੈਰਾਂ ਹੇਠ ਅੱਗ
ਅਸ਼ੋਕ ਵਰਮਾ
ਬਠਿੰਡਾ , 6 ਅਪ੍ਰੈਲ 2026 : ਮੱਧ ਪੂਰਬ ’ਚ ਲੱਗੀ ਜੰਗ ਕਾਰਨ ਹੋਈ ਰੋਸਈ ਗੈਸ ਦੀ ਕਿੱਲਤ ਨੇ ਆਮ ਲੋਕ ਤਾਂ ਫਾਹੇ ਟੰਗੇ ਹੀ ਹਨ ਬਲਕਿ ਇਸੇ ਗੈਸ ਸਿਲੰਡਰ ਕਾਰਨ ਭਾਰਤੀ ਫੌਜ ਦੇ ਇੱਕ ਬਰਖਾਸਤ ਕੈਪਟਨ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ ਹੈ। ਮਾਮਲਾ ਫੌਜ ਦੇ ਤੱਤਕਾਲੀ ਕੈਪਟਨ ਸੰਦੀਪ ਤੋਮਰ ਦਾ ਹੈ ਜਿਸ ਨੂੰ ਹਾਈਕੋਰਟ ਨੇ ਪਤਨੀ ਦੇ ਕਤਲ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਵੱਡੀ ਗੱਲ ਇਹ ਹੈ ਕਿ ਉਹ ਸਜ਼ਾ ਭੁਗਤਣ ਦੀ ਥਾਂ ਫਰਾਰ ਹੋ ਗਿਆ। ਅਪਰਾਧੀ ਕਿੰਨਾਂ ਵੀ ਸ਼ਾਤਿਰ ਕਿੳਂ ਨਾਂ ਹੋਵੇ ਕੋਈ ਨਾਂ ਕੋਈ ਗਲ੍ਹਤੀ ਕਰ ਹੀ ਜਾਂਦਾ ਹੈ ਜੋ ਸੰਦੀਪ ਕਰ ਬੈਠਾ। ਫਰਾਰ ਹੋਣ ਮਗਰੋਂ ਮੱਧ ਪ੍ਰਦੇਸ਼ ਦੇ ਪੰਧੁਰਨਾ ਵਿੱਚ ਇੱਕ ਜੂਸ ਫੈਕਟਰੀ ਵਿੱਚ ਕੰਮ ਕਰਦੇ ਹੋਏ, ਸੰਦੀਪ ਨੇ ਇੱਕ ਨਵਾਂ ਬੈਂਕ ਖਾਤਾ ਖੋਲਿ੍ਹਆ ਸੀ।
ਇਹੋ ਖਾਤਾ ਖੋਹਲਣ ਲਈ ਸੰਦੀਪ ਨੇ ਆਪਣੇ ਅਸਲੀ ਪੈਨ ਕਾਰਡ ਦੀ ਵਰਤੋਂ ਕਰਨ ਦੀ ਗਲ੍ਹਤੀ ਕਰ ਲਈ ਜੋ ਉਸ ਲਈ ਪੁਲਿਸ ਦਾ ਸ਼ਿਕੰਜਾ ਸਾਬਤ ਹੋਈ ਹੈ। ਤਕਨੀਕੀ ਅਧਾਰ ’ਤੇ ਜਾਂਚ ਦੌਰਾਨ ਸੰਦੀਪ ਦਾ ਇਹ ਪੈਨ ਨੰਬਰ ਪੁਲਿਸ ਦੇ ਨਿਸ਼ਾਨੇ ਤੇ ਸੀ ਜਿਸ ਦੇ ਅਧਾਰ ਤੇ ਜਾਂਚ ਟੀਮਾਂ ਨੇ ਉਸ ਦੇ ਬੈਂਕ ਖਾਤੇ ਅਤੇ ਮੋਬਾਇਲ ਨੰਬਰ ਦੀ ਸੂਹ ਲਾ ਲਈ। ਜਦੋਂ ਉਸ ਨੇ ਰੀਫਿਲ ਲਈ ਸਿਲੰਡਰ ਬੁੱਕ ਕਰਵਾਇਆ ਤਾਂ ਸੰਦੀਪ ਦੀ ਪੈੜ ਨੱਪਦੀ ਪੁਲਿਸ ਉਸ ਦੇ ਹੱਥ ਉਸ ਦੇ ਗਿਰੇਬਾਨ ਤੱਕ ਪੁੱਜ ਗਏ। ਦਿਲਚਸਪੀ ਵਾਲਾ ਤੱਥ ਇਹ ਵੀ ਹੈ ਸੰਦੀਪ ਨੇ ਇਸ ਦੌਰਾਨ ਦੂਸਰੀ ਸ਼ਾਦੀ ਕਰਵਾ ਲਈ ਅਤੇ ਚੰਗੀ ਤਨਖਾਹ ਹੋਣ ਕਾਰਨ ਆਪਣੇ ਨਵੇਂ ਪ੍ਰੀਵਾਰ ਨਾਲ ਖੁਸ਼ਹਾਲ ਜਿੰਦਗੀ ਬਿਤਾ ਰਿਹਾ ਸੀ ਜੋ ਗ੍ਰਿਫਤਾਰੀ ਪਿੱਛੋਂ ਜੇਲ੍ਹ ਜਾਣ ਕਰਕੇ ਇੱਕ ਵਾਰ ਫਿਰ ਤੋਂ ਤਹਿਸ ਨਹਿਸ ਹੋ ਗਈ ਹੈ।
ਪੁਲਿਸ ਅਨੁਸਾਰ ਸੰਦੀਪ ਤੋਮਰ ਮੂਲ ਰੂਪ ਵਿੱਚ ਕਾਨਪੁਰ ਦਾ ਰਹਿਣ ਵਾਲਾ ਹੈ ਜੋ ਵਾਰਦਾਤ ਮੌਕੇੇ ਅਬੋਹਰ ਛਾਉਣੀ ਵਿੱਚ ਕੈਪਟਨ ਦੇ ਅਹੁਦੇ ’ਤੇ ਤਾਇਨਾਤ ਸੀ । ਸੰਦੀਪ ਤੋਮਰ ਦਾ ਵਿਆਹ ਲਖਨਊ ਦੀ ਰਹਿਣ ਵਾਲੀ ਮਾਪਿਆਂ ਦੀ ਇਕਲੌਤੀ ਧੀਅ ਸ਼ਵੇਤਾ ਸਿੰਘ ਨਾਲ ਹੋਇਆ ਸੀ। ਸ਼ਾਦੀ ਤੋਂ ਬਾਅਦ ਕੈਪਟਨ ਸੰਦੀਪ ਆਪਣੀ ਪਤਨੀ ਸ਼ਵੇਤਾ ਨੂੰ ਅਬੋਹਰ ਛਾਉਣੀ ’ਚ ਆਪਣੇ ਨਾਲ ਲੈ ਆਇਆ। ਅਜੇ ਵਿਆਹ ਹੋਏ ਨੂੰ ਮਸਾਂ 5 ਮਹੀਨੇ ਹੀ ਹੋਏ ਸਨ ਕਿ ਜੁਲਾਈ 2013 ’ਚ ਸ਼ਵੇਤਾ ਦੀ ਲਾਸ਼ ਸੰਦੀਪ ਤੋਮਰ ਦੇ ਸਰਕਾਰੀ ਰਿਹਾਇਸ਼ ਚੋਂ ਮਿਲੀ ਸੀ। ਅਬੋਹਰ ਦੇ ਥਾਣਾ ਨੰਬਰ 1 ਪੁਲਿਸ ਨੇ ਮ੍ਰਿਤਕਾ ਸ਼ਵੇਤਾ ਦੇ ਪਿਤਾ ਰਾਮ ਨਰੇਸ਼ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਸੰਦੀਪ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਅਸਲ ਵਿੱਚ ਸੰਦੀਪ ਤੋਮਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ ਜਿਸ ਨੂੰ ਉਦੋਂ ਖੁਦਕਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ । ਜਦੋਂ ਸ਼ਵੇਤਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਰਿਪੋਰਟ ’ਚ ਸ਼ਵੇਤਾ ਦੀ ਮੌਤ ਦਾ ਕਾਰਨ ਗਲ ਘੁੱਟਣਾ ਦੱਸਿਆ ਗਿਆ ਸੀ। ਪੁਲਿਸ ਜਾਂਚ ’ਚ ਵੀ ਇਹੋ ਸਾਹਮਣੇ ਆਇਆ ਕਿ ਮੌਤ ਫਾਹਾ ਲੈਣ ਨਾਲ ਨਹੀਂ ਬਲਕਿ ਗਲ ਘੁੱਟਣ ਕਾਰਨ ਹੋਈ ਹੈ। ਪੁਲਿਸ ਨੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਤਾਂ ਫੌਜ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸੰਦੀਪ ਤੋਮਰ ਤਕਰੀਬਨ 5 ਸਾਲ ਜੇਲ੍ਹ ’ਚ ਰਿਹਾ ਅਤੇ ਇਸ ਦੌਰਾਨ ਉਸ ਨੂੰ ਜਮਾਨਤ ਮਿਲ ਗਈ। ਸੰਦੀਪ ਦੇ ਮਾਪਿਆਂ ਨੂੰ ਸਾਲ 2014 ’ਚ ਅਦਾਲਤ ਨੇ ਦਾਜ ਨੂੰ ਲੈਕੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਦਰਜ ਮੁਕੱਦਮੇ ਚੋਂ ਬਰੀ ਕਰ ਦਿੱਤਾ।
ਇਸ ਦੌਰਾਨ ਜਦੋਂ ਮ੍ਰਿਤਕਾ ਦੇ ਪਿਤਾ ਰਾਮ ਨਰੇਸ਼ ਨੂੰ ਲੱਗਿਆ ਕਿ ਕੇਸ ਢਿੱਲਾ ਪੈਂਦਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਦਿੱਤੀ ਅਤੇ ਅਦਾਲਤ ਤੋਂ ਆਪਣੀ ਲੜਕੀ ਦੀ ਮੌਤ ਮਾਮਲੇ ’ਚ ਇਨਸਾਫ ਦੀ ਮੰਗ ਕੀਤੀ। ਮੁਕੱਦਮੇ ਦੀ ਸੁਣਵਾਈ ਦੌਰਾਨ 23 ਸਤੰਬਰ 2022 ਨੂੰ ਹਾਈਕੋਰਟ ਨੇ ਸੰਦੀਪ ਨੂੰ ਉਸ ਦੀ ਪਤਨੀ ਸ਼ਵੇਤਾ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹਾਲਾਂਕਿ ਅਦਾਲਤ ਵੱਲੋਂ ਸੁਣਾਏ ਫੈਸਲੇ ਮੁਤਾਬਕ ਸੰਦੀਪ ਨੂੰ ਜੇਲ੍ਹ ਭੇਜਿਆ ਜਾਣਾ ਸੀ ਪਰ ਜਮਾਨਤ ਤਹਿਤ ਬਹਾਰ ਹੋਣ ਕਾਰਨ ਇਸ ਸਬੰਧ ਵਿੱਚ ਜਾਣਕਾਰੀ ਮਿਲਦਿਆਂ ਉਹ ਫਰਾਰ ਹੋ ਗਿਆ ਅਤੇ ਦੁਬਾਰਾ ਕਦੇ ਵੀ ਵਾਪਿਸ ਨਹੀਂ ਪਰਤਿਆ। ਸੰਦੀਪ ਨੇ ਆਪਣੇ ਆਪ ਨੂੰ ਕਾਨੂੰਨ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣਾ ਹੁਲੀਆ ਤੇ ਪਛਾਣ ਦੋਵੇਂ ਤਬਦੀਲ ਕਰ ਲਏ ।
ਆਪਣੀ ਲੜਕੀ ਦੇ ਕਾਤਲ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਰਾਮ ਨਰੇਸ਼ ਨੇ ਇੱਕ ਵਾਰ ਫਿਰ ਤੋਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿੱਥੇ ਅਦਾਲਤ ਨੇ ਸ਼ਵੇਤਾ ਦੇ ਕਾਤਲ ਦਾ ਖੁਰਾ ਖੋਜ ਲੱਭਣ ਲਈ ਐਸਆਈਟੀ ਬਨਾਉਣ ਦੇ ਨਿਰਦੇਸ਼ ਦਿੱਤੇ । ਪੁਲਿਸ ਲਗਾਤਰ ਸੰਦੀਪ ਦੀ ਪੈੜ ਨੱਪਦੀ ਰਹੀ ਪਰ ਅੰਤ ਨੂੰ ਉਹ ਆਪਣੇ ਰਜਿਸ਼ਟਰਡ ਮੋਬਾਇਲ ਨੰਬਰ ਰਾਹੀਂ ਸਿਲੰਡਰ ਬੁੱਕ ਕਰਵਾ ਬੈਠਾ ਜੋ ਉਸ ਲਈ ਜੇਲ੍ਹ ਦੀ ਕੋਠੜੀ ਸਾਬਤ ਹੋਇਆ । ਇਸ ਦੌਰਾਨ ਫਾਜ਼ਿਲਕਾ ਪੁਲਿਸ ਨੇ ਮੱਧ ਪ੍ਰਦੇਸ਼ ਪੁਲਿਸ ਦੀ ਸਹਾਇਤਾ ਨਾਲ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਬੋਹਰ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ। ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਦੋਸ਼ੀ ਸੰਦੀਪ ਤੋਮਰ ਨੇ ਖੁਦ ਨੂੰ ਕਾਨੂੰਨ ਦੇ ਲੰਬੇ ਹੱਥਾਂ ਤੋਂ ਬਚਾਉਣ ਲਈ ਬੜੀ ਚਲਾਕੀ ਵਰਤੀ ਪਰ ਪੁਲਿਸ ਦੀਆਂ ਪੈਨੀਆਂ ਨਜ਼ਰਾਂ ਤੋਂ ਬਚ ਨਾਂ ਸਕਿਆ।
Click to Follow Babushahi Facebook page →