BIG BREAKING : ਰਾਣਾ ਬਲਾਚੌਰੀਆ ਕਤਲਕਾਂਡ; ਪੁਲਿਸ ਮੁਕਾਬਲੇ 'ਚ ਜ਼ਖਮੀ ਗੈਂਗਸਟਰ ਦੀ ਹੋਈ ਮੌਤ
ਬਾਬੂਸ਼ਾਹੀ ਬਿਊਰੋ
ਮੋਹਾਲੀ/ਚੰਡੀਗੜ੍ਹ, 17 ਦਸੰਬਰ: ਮੋਹਾਲੀ ਦੇ ਚਰਚਿਤ ਰਾਣਾ ਬਲਾਚੌਰੀਆ ਕਤਲਕਾਂਡ (Rana Balachauria Murder Case) ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਐਸ.ਏ.ਐਸ. ਨਗਰ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋਏ ਗੈਂਗਸਟਰ ਹਰਪਿੰਦਰ ਸਿੰਘ ਉਰਫ਼ ਮਿੱਡੂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ, ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਮਿੱਡੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਈ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਨੇ ਦਮ ਤੋੜ ਦਿੱਤਾ।
ਮੁਕਾਬਲੇ 'ਚ 2 ਪੁਲਿਸ ਮੁਲਾਜ਼ਮ ਵੀ ਹੋਏ ਸਨ ਜ਼ਖਮੀ
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਇਲਾਕੇ ਵਿੱਚ ਲੁਕਿਆ ਹੋਇਆ ਹੈ। ਜਦੋਂ ਪੁਲਿਸ ਟੀਮ ਨੇ ਉਸਨੂੰ ਘੇਰਿਆ ਤਾਂ ਉਸਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜਿਸ ਵਿੱਚ ਮਿੱਡੂ ਢੇਰ ਹੋ ਗਿਆ। ਇਸ ਕਾਰਵਾਈ ਦੌਰਾਨ ਪੁਲਿਸ ਟੀਮ ਦੇ ਦੋ ਜਵਾਨਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਰਾਣਾ ਅਪਰਾਧੀ ਸੀ ਮ੍ਰਿਤਕ
ਮ੍ਰਿਤਕ ਹਰਪਿੰਦਰ ਮਿੱਡੂ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਸੀ। ਪੁਲਿਸ ਰਿਕਾਰਡ ਮੁਤਾਬਕ, ਉਹ ਇੱਕ ਪੁਰਾਣਾ ਅਪਰਾਧੀ ਸੀ ਅਤੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਹੀ ਟਵੀਟ ਕਰਕੇ ਉਸਦੀ ਗ੍ਰਿਫਤਾਰੀ/ਮੁਕਾਬਲੇ ਦੀ ਜਾਣਕਾਰੀ ਦਿੱਤੀ ਸੀ, ਪਰ ਹੁਣ ਉਸਦੀ ਮੌਤ ਦੀ ਪੁਸ਼ਟੀ ਹੋ ਗਈ ਹੈ।