ਸੁਲਤਾਨਪੁਰ ਲੋਧੀ: ਨਸ਼ੇ ਦੀ ਭੇਟ ਚੜ੍ਹੇ 4 ਪੁੱਤ, ਪੰਜਵੇਂ ਦੀ ਹਾਲਤ ਗੰਭੀਰ
ਸੁਲਤਾਨਪੁਰ ਲੋਧੀ, 6 April 2026- ਪੰਜਾਬ 'ਚ ਨਸ਼ੇ ਦਾ ਕਹਿਰ ਰੁਕ ਨਹੀਂ ਰਿਹਾ ਹੈ। ਨਸ਼ੇ ਕਾਰਨ ਮੌਤ ਦਾ ਤਾਜ਼ਾ ਮਾਮਲਾ ਕਪੂਰਥਲਾ (Kapurthala News) ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਜੋੜੇ ਦੇ 4 ਪੁੱਤਰਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋਣ ਦਾ ਸਾਹਮਣੇ ਆਇਆ ਹੈ। ਹਾਲਾਤ ਅਜਿਹੇ ਹਨ ਕਿ ਪਰਿਵਾਰ ਦਾ 5ਵਾਂ ਤੇ ਆਖਰੀ ਪੁੱਤਰ ਨਸ਼ੇ ਕਾਰਨ ਬਿਸਤਰੇ 'ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ, ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।
ਨੌਜਵਾਨਾਂ ਦੀ ਮੌਤ ਨਾਲ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਆਖਰੀ ਨੌਜਵਾਨ ਨੂੰ ਬਚਾਇਆ ਜਾਵੇ। ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇੱਥੇ ਲਗਭਗ 20 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦੇ ਰੋਹ ਪਿੱਛੋਂ ਪੁਲਿਸ ਨੇ ਪੀੜਤ ਨੌਜਵਾਨ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਕਟਰਾਂ ਨੇ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਭਰੋਸਾ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Click to Follow Babushahi Facebook page →