ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ: BBC ਨੇ ਨਹੀਂ ਦਾਖਲ ਕੀਤਾ ਅਦਾਲਤ ਵਿੱਚ ਜਵਾਬ
ਅਗਲੀ ਸੁਣਵਾਈ 23 ਜੂਨ ਨੂੰ
ਅਸ਼ੋਕ ਵਰਮਾ
ਮਾਨਸਾ, 17 ਜੂਨ 2025 : ਕੌਮਾਂਤਰੀ ਮੀਡੀਆ ਕੰਪਨੀ ਬੀਬੀਸੀ ਵਰਲਡ ਵੱਲੋਂ ਪੰਜਾਬ ਦੇ ਨਾਮਵਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੀ ਜ਼ਿੰਦਗੀ ਅਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਤੇ ਰੋਕ ਲਾਉਣ ਲਈ ਦਾਇਰ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਸੀ। ਇਸ ਮੌਕੇ ਬੀਬੀਸੀ ਵਰਲਡ ਵੱਲੋਂ ਵਕੀਲਾਂ ਦਾ ਪੈਨਲ ਪੇਸ਼ ਹੋਇਆ ਸੀ ਜਿਨ੍ਹਾਂ ਨੇ ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਪਣਾ ਜਵਾਬ ਤਾਂ ਨਹੀਂ ਦਾਖਲ ਕੀਤਾ ਪਰ ਅਦਾਲਤ ਅੱਗੇ ਇੱਕ ਅਰਜੀ ਦਾਖਲ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੇਸ਼ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅਦਾਲਤ ਨੇ ਬੀਬੀਸੀ ਵਰਲਡ ਦੀ ਅਰਜੀ ਨੂੰ ਪ੍ਰਵਾਨ ਕਰਦਿਆਂ ਬਲਕੌਰ ਸਿੰਘ ਨੂੰ 23 ਜੂਨ ਤੱਕ ਆਪਣਾ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ ਉਹ ਇਸ ਦਿਨ ਆਪਣਾ ਪੱਖ ਅਦਾਲਤ ਅੱਗੇ ਰੱਖਣਗੇ।
ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਲੜਕੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਤੇ ਬੀਬੀਸੀ ਵਰਲਡ ਵੱਲੋਂ ਬਣਾਈ ਡਾਕੂਮੈਂਟਰੀ ਦੀ ਸਕਰੀਨਿੰਗ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਪਿਛਲੀ ਸੁਣਵਾਈ ਦੌਰਾਨ ਮਾਨਸਾ ਅਦਾਲਤ ਨੇ 16 ਜੂਨ ਅਗਲੀ ਸੁਣਵਾਈ ਲਈ ਤੈਅ ਕੀਤੀ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ।ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਤਰਾਜਾਂ ਨੂੰ ਦਰਕਿਨਾਰ ਕਰਦਿਆਂ ਬੀਬੀਸੀ ਵਰਲਡ ਨੇ ਤਹਿ ਸਮੇਂ ਤੋਂ ਪਹਿਲਾਂ ਹੀ ਯੂਟੀਊਬ ਪਲੇਟਫਾਰਮ ਤੇ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਸੀ। ਮਹੱਤਵਪੂਰਨ ਇਹ ਵੀ ਹੈ ਕਿ ਕਿਲਿੰਗ ਕਾਲ ਦੇ ਨਾਮ ਹੇਠ ਬਣੀ ਇਸ ਡਾਕੂਮੈਂਟਰੀ ਦੋਵਾਂ ਐਪੀਸੋਡਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ 10-10 ਲੱਖ ਦੇ ਨੇੜੇ ਪੁੱਜਣ ਲੱਗੀ ਹੈ।
ਯਾਦ ਰਹੇ ਕਿ ਬੀਬੀਸੀ ਵਰਲਡ ਵੱਲੋਂ ਨਾਮਵਰ ਗਾਇਕ ਸਿੱਧੂ ਮੂਸੇ ਵਾਲਾ ਤੇ ਬਣੀ ਡਾਕੂਮੈਂਟਰੀ 11 ਜੂਨ ਨੂੰ ਮੁੰਬਈ ਵਿਖੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਣੀ ਸੀ । ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਡਾਕੂਮੈਂਟਰੀ ਤੇ ਰੋਕ ਲਾਉਣ ਨੂੰ ਲੈ ਕੇ ਅਦਾਲਤ ਚਲੇ ਗਏ ਤਾਂ ਨਿਰਮਾਤਾ ਕੰਪਨੀ ਬੀਬੀਸੀ ਵਾਰਡ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਇਸ ਦਸਤਾਵੇਜ਼ੀ ਫਿਲਮ ਨੂੰ ਯੂਟੀਊਬ ਤੇ ਰਿਲੀਜ਼ ਕਰ ਦਿੱਤਾ ਸੀ। ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਡਾਕੂਮੈਂਟਰੀ ਵਿੱਚ ਦਿਖਾਏ ਤੱਤ ਹਕੀਕਤ ਨਾਲ ਮੇਲ ਨਹੀਂ ਖਾਂਦੇ ਹਨ ਇਸ ਲਈ ਇਸ ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ। ਉਹਨਾਂ ਦੀ ਇਸ ਮੰਗ ਨੂੰ ਲੈ ਕੇ ਅੱਜ ਸੁਣਵਾਈ ਹੋਈ ਸੀ ਤਾਂ ਅਦਾਲਤ ਨੇ ਹੁਣ ਮਾਮਲਾ 16 ਜੂਨ ਤੇ ਪਾ ਦਿੱਤਾ ਹੈ।।