ਐਡਵੋਕੇਟ ਜਤਿੰਦਰ ਰਾਏ ਖੱਟਰ ਵੱਲੋਂ ਪਤਨੀ ਦੇ ਦਿਹਾਂਤ ਉਪਰੰਤ ਉਨ੍ਹਾਂ ਦੀਆਂ ਅੱਖਾਂ ਦਾਨ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025 : ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਤਿੰਦਰ ਰਾਏ ਖੱਟਰ ਨੇ ਆਪਣੀ ਪਤਨੀ ਸੁਮਨ ਖੱਟਰ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਕੇ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ। ਐਡਵੋਕੇਟ ਜਤਿੰਦਰ ਰਾਏ ਖੱਟਰ ਨੇ ਜਤਿੰਦਰ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਧਰਮ ਪਤਨੀ 11 ਜੂਨ 2025 ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਸੁਮਨ ਖੱਟਰ ਦੀ ਇੱਛਾ ਸੀ ਕਿ ਉਨ੍ਹਾਂ ਦੇ ਮਰਨ ਉਪਰੰਤ ਉਨ੍ਹਾਂ ਦੀਆਂ ਅੱਖਾਂ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਲੋੜਵੰਦ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਸਕੇ ਅਤੇ ਉਹ ਮੇਰੀਆਂ ਅੱਖਾਂ ਨਾਲ ਇਸ ਸੰਸਾਰ ਨੂੰ ਦੇਖਣ ਦੇ ਕਾਬਿਲ ਬਣ ਸਕੇ। ਜਤਿੰਦਰ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਪੁੱਤਰ ਇੰਜੀਨੀਅਰ ਰਾਜੇਸ਼ ਖੱਟਰ, ਐਡਵੋਕੇਟ ਰੋਹਿਤ ਖੱਟਰ ਅਤੇ ਐਡਵੋਕੇਟ ਰਮਨ ਖੱਟਰ ਤੋਂ ਇਲਾਵਾ ਸਮੂਹ ਪ੍ਰੀਵਾਰ ਨੇ ਸਮਾਜਿਕ ਫਰਜ਼ ਤਹਿਤ ਇਹ ਫੈਸਲਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਪ੍ਰੀਵਾਰ ਨੇ 12 ਜੂਨ ਨੂੰ ਸ਼੍ਰੀਮਤੀ ਸੁਮਨ ਖੱਟਰ ਦੀਆਂ ਅੱਖਾਂ ਡਾ. ਗੌਰਵ ਗੁਪਤਾ ਦੇ ਹਸਪਤਾਲ ਆਈ ਸ਼ਿਉਰ ਹਸਪਤਾਲ ਵਿਖੇ ਦਾਨ ਕੀਤੀਆਂ ਹਨ ਜੋ ਕਿ ਸਰਕਾਰ ਦਾ ਮੰਨਜੂਰਸ਼ੁਦਾ ਹਸਪਤਾਲ ਹੈ ਅਤੇ ਇਸ ਹਸਪਤਾਲ ਵਿਖੇ ਆਈ ਬੈਂਕ ਵੀ ਬਣਿਆ ਹੋਇਆ ਹੈ। ਜਤਿੰਦਰ ਰਾਏ ਖੱਟਰ ਨੇ ਦੱਸਿਆ ਕਿ ਇਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਸਵ. ਭਗਵਾਨੀ ਬਾਈ ਨੇ ਵੀ ਲੋਕ ਭਲਾਈ ਹਿੱਤ ਆਪਣੀਆਂ ਅੱਖਾਂ ਦਾਨ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਮੁਤਾਬਕ ਹੁਣ ਇਹ ਅੱਖਾਂ ਕਿਸੇ ਲੋੜਵੰਦ ਨੂੰ ਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੁਮਨ ਖੱਟਰ ਨਮਿਤ ਅੰਤਿਮ ਅਰਦਾਸ 21 ਜੂਨ 2025 ਨੂੰ 12 ਵਜੇ ਤੋਂ 1 ਵਜੇ ਤੱਕ ਲਾਰਡ ਰਾਮਾ ਹਾਲ, ਨੇੜੇ ਅਨਾਜ ਮੰਡੀ ਬਠਿੰਡਾ ਵਿਖੇ ਹੋਵੇਗੀ ਜਿੱਥੇ ਰਿਸ਼ਤੇਦਾਰ ਅਤੇ ਸ਼ਹਿਰ ਵਾਸੀਆਂ ਸਮੇਤ ਅਹਿਮ ਸ਼ਖਸ਼ੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।