ਆਰਐਮਪੀਆਈ ਵੱਲੋਂ ਲੁਧਿਆਣਾ ਰੋਸ ਮਾਰਚ ਕਰਨ ਜਾ ਰਹੇ ਬਠਿੰਡਾ ਵਾਸੀਆਂ ਨੂੰ ਡੱਕਣ ਦੀ ਨਿਖੇਧੀ
ਅਸ਼ੋਕ ਵਰਮਾ
ਜਲੰਧਰ ,1 7ਜੂਨ2025: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਨੇ ਲੁਧਿਆਣਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਬਠਿੰਡਾ ਦੇ ਇਨਸਾਫ ਪਸੰਦ ਲੋਕਾਂ ਨੂੰ ਜਬਰੀ ਰੋਕਣ ਦੀ ਪੁਲਸ ਦੀ ਧੱਕੜਸ਼ਾਹ ਕਾਰਵਾਈ ਦੀ ਕਰੜੀ ਨਿਖੇਧੀ ਕੀਤੀ ਹੈ। ਇੱਕ ਸਾਂਝੇ ਬਿਆਨ ਰਾਹੀਂ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਮਹੀਪਾਲ ਨੇ ਕਿਹਾ ਹੈ ਕਿ ਪੰਜਾਬ ਦੇ ਬਹਾਦਰ ਲੋਕ, ਹੱਕਾਂ ਦੀ ਰਾਖੀ ਲਈ ਉੱਠਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਕੋਝੇ ਯਤਨਾਂ ਨੂੰ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਦੋਸ਼ ਲਾਇਆ ਹੈ ਕਿ 'ਆਪ' ਸਰਕਾਰ ਇੱਥੇ ਪੁਲਸ ਰਾਜ ਸਥਾਪਤ ਕਰਨਾ ਚਾਹੁੰਦੀ ਹੈ।
ਜਿਕਰਯੋਗ ਹੈ ਕਿ ਗੋਨਿਆਨਾ ਮੰਡੀ ਦੇ ਨੌਜਵਾਨ ਅਧਿਆਪਕ ਨੂੰ ਸੀਆਈਏ ਟੂ ਵਿਖੇ ਤਸੀਹੇ ਦੇ ਕੇ ਕਤਲ ਕਰਨ ਵਾਲੇ ਪੁਲਸੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਗਠਿਤ ਕੀਤੀ ਗਈ 'ਨਰਿੰਦਰਦੀਪ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ' ਵਲੋਂ ਅੱਜ ਲੁਧਿਆਣਾ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਉਂ ਹੀ ਬਠਿੰਡਾ ਸ਼ਹਿਰ ਦੇ ਅਤਿ ਢੁਕਵੀਂ ਥਾਂ 'ਤੇ ਬਣੇ ਬੱਸ ਸਟੈਂਡ ਨੂੰ ਰੀਅਲ ਐਸਟੇਟ ਕਾਰੋਬਾਰੀਆਂ ਨੂੰ ਲਾਹਾ ਪੁਚਾਉਣ ਲਈ ਸ਼ਹਿਰੋਂ ਬਾਹਰ 6-7 ਮੀਲ ਦੂਰ ਉਜਾੜ ਥਾਂ 'ਤੇ ਲਿਜਾਣ ਵਿਰੁੱਧ ਬਣੀ 'ਬਸ ਅੱਡਾ ਬਚਾਓ ਸੰਘਰਸ਼ ਕਮੇਟੀ' ਨੇ ਵੀ ਅੱਜ ਹੀ ਲੁਧਿਆਣਾ ਜਾ ਕੇ ਸੂਬੇ ਦੇ ਲੋਕਾਂ ਸਾਹਵੇਂ ਆਪਣਾ ਪੱਖ ਰੱਖਣ ਦਾ ਫੈਸਲਾ ਲਿਆ ਸੀ।
ਇਸ ਮੌਕੇ ਸਾਝਰੇ ਹੀ ਪੁਲਸ ਦੀਆਂ ਧਾੜਾਂ ਨੇ ਇਨ੍ਹਾਂ ਅਮਨ ਪਸੰਦ ਸ਼ਹਿਰੀਆਂ ਨੂੰ ਘੇਰ ਲਿਆ ਅਤੇ ਇਨ੍ਹਾਂ ਦੀ ਲੁਧਿਆਣਾ ਵੱਲ ਨੂੰ ਰਵਾਨਾ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹੋ ਨਹੀਂ ਪੁਲਸ ਨੇ ਦਿਹਾਤੀ ਮਜ਼ਦੂਰ ਸਭਾ ਦਾ ਸੂਬਾਈ ਮੀਤ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਸਮੇਤ ਦਰਜਨਾਂ ਸ਼ਹਿਰੀਆਂ ਨੂੰ ਹਿਰਾਸਤ 'ਚ ਵੀ ਲੈ ਲਿਆ ਹੈ।
ਰੰਧਾਵਾ ਅਤੇ ਜਾਮਾਰਾਏ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਗਈ ਪੁਲਸ ਦੀ ਇਸ ਜਾਬਰ ਕਾਰਵਾਈ ਨੂੰ ਲੋਕਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਦਾ ਕਤਲ ਕਿਹਾ ਹੈ।
ਉਨ੍ਹਾਂ ਪਾਰਟੀ ਕਮੇਟੀਆਂ ਤੇ ਇਨਸਾਫ ਪਸੰਦ ਧਿਰਾਂ ਨੂੰ ਕੇਜਰੀਵਾਲ-ਮਾਨ ਦੇ ਇਸ ਤਾਨਾਸ਼ਾਹ ਰਵੱਈਏ ਖਿਲਾਫ ਸਖਤ ਮੁਜਹਮਤ ਉਸਾਰਨ ਦਾ ਸੱਦਾ ਦਿੱਤਾ ਹੈ।