ਭਰਾ ਭਰਜਾਈਆਂ ਨੇ ਜ਼ਮੀਨ ਦੇ ਝਗੜੇ ਵਿੱਚ ਮਾਰ ਮੁਕਾਇਆ ਵੱਡਾ ਭਰਾ, ਮਾਮਲਾ ਦਰਜ
ਪਿਛਲੇ ਮਹੀਨੇ ਹੋਏ ਕਤਲ ਵਿੱਚ ਨਹੀਂ ਹੋਈ ਗ੍ਰਿਫਤਾਰੀ, ਪਰਿਵਾਰ ਨੇ ਧਰਨਾ ਲਾਉਣ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ
ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਭਰਾ_ ਭਰਜਾਈਆਂ ਨੇ ਮਿਲ ਕੇ ਆਪਣੇ ਵੱਡੇ ਭਰਾ ਨੂੰ ਮਾਰ ਮੁਕਾਇਆ । ਮਾਮਲਾ ਪਿੰਡ ਭੁੱਲੇਚੱਕ ਦਾ ਹੈ ਜਿੱਥੇ ਮਮੂਲੀ ਵਿਵਾਦ ਤੋਂ ਬਾਅਦ ਪਿਛਲੇ ਮਹੀਨੇ ਸੰਤੋਖ ਸਿੰਘ ਨਾਮ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਸੀ । ਸੰਤੋਖ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਉਸਦੇ ਚਾਚਾ ਤੇ ਚਾਚੀ ਜਾਣਦੇ ਸੀ ਕਿ ਸੰਤੋਖ ਸਿੰਘ ਦਿਲ ਦਾ ਰੋਗੀ ਹੈ ਇਸ ਲਈ ਉਸਨੂੰ ਮਾਰਨਾ ਕੋਈ ਮੁਸ਼ਕਲ ਨਹੀਂ ਹੋਏਗਾ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹਨਾਂ ਨੇ ਉਹਨਾਂ ਦੀ ਪੈਲੀ ਵਿੱਚੋਂ ਟਿਊਬਵੈੱਲ ਦੀ ਗ੍ਰਿਪ ਲਾ ਲਈ। ਜਦੋਂ ਸੰਤੋਖ ਸਿੰਘ ਉਹਨਾਂ ਕੋਲੋਂ ਕਣਕ ਨੂੰ ਪਾਣੀ ਲਾਉਣ ਲਈ ਗਰਿਪ ਦੀ ਮੰਗ ਕਰ ਰਿਹਾ ਸੀ ਤਾਂ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਇਸ ਝਗੜੇ ਦੌਰਾਨ ਸੰਤੋਖ ਸਿੰਘ ਦੀ ਮੌਤ ਹੋ ਗਈ । ਹਾਲਾਂਕਿ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਭਰਜਾਈਆਂ ਸਮੇਤ ਚਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇੱਕ ਮਹੀਨਾ ਗੁਜਰ ਜਾਣ ਦੇ ਬਾਵਜੂਦ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜਿਸ ਦੇ ਰੋਸ਼ ਵਜੋਂ ਪਰਿਵਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫਤਰ ਮੂਹਰੇ ਧਰਨਾ ਲਗਾਉਣ ਦੀ ਗੱਲ ਕਹਿ ਰਿਹਾ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਮੋਹਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਲਗਾਤਾਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਵੀ ਖੰਗਾਲੇ ਗਏ ਹਨ ਪਰ ਉਹ ਕਾਬੂ ਨਹੀਂ ਆਏ ਜਲਦੀ ਹੀ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ।