ਜਾਣਕਾਰੀ ਦਿੰਦੇ ਹੋਏ SSP ਸ਼ੁਭਮ ਅਗਰਵਾਲ ਅਤੇ ਪੁਲਿਸ ਟੀਮ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 02 ਜੁਲਾਈ 2025 : ਬੀਤੀ 23 ਜੂਨ ਨੂੰ ਮੰਡੀ ਗੋਬਿੰਦਗੜ੍ਹ ਦੇ ਦੀਪ ਹਸਪਤਾਲ ਵਿਖੇ ਇੱਕ ਨਵਜੰਮੇ ਲੜਕੇ ਦੀ ਖਰੀਦੋ ਫਰੋਖਤ ਦਾ ਮਾਮਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ ਸੁਲਝਾ ਕੇ ਮਨੁੱਖੀ ਤਸਕਰੀ ਦੇ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ 08 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ , ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਅੱਜ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ , ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਇੱਕ ਆਸ਼ਾ ਵਰਕਰ ਸਮੇਤ 4 ਔਰਤਾਂ ਵੀ ਸ਼ਾਮਿਲ ਹਨ
ਸ਼੍ਰੀ ਸੁਭਮ ਅਗਰਵਾਲ ਨੇ ਦੱਸਿਆ ਕਿ 27 ਜੂਨ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 23 ਜੂਨ ਨੂੰ ਇੱਕ ਔਰਤ ਨੇ ਦੀਪ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਇੱਕ ਬੱਚੇ (ਲੜਕੇ) ਨੂੰ ਜਨਮ ਦਿੱਤਾ ਸੀ , ਮਿਲੀ ਸੂਚਨਾ ਅਨੁਸਾਰ ਨਵਜੰਮੇ ਬੱਚੇ ਦੇ ਪਿਤਾ ਨੇ ਆਸ਼ਾ ਵਰਕਰ ਕਮਲੇਸ਼ ਕੌਰ, ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਉਰਫ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲ ਕੇ ਨਵਜੰਮੇ ਬੱਚੇ ਨੂੰ ਅੱਗੇ ਵੇਚਣ ਲਈ ਸੌਦੇਬਾਜੀ ਕੀਤੀ ਹੈ , ਸ੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ 23 ਜੂਨ ਨੂੰ ਦਾਈ ਚਰਨ ਕੌਰ, ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ 04 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਬੱਚਾ ਵੇਚ ਦਿੱਤਾ , ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਤੇ ਬੇਅੰਤ ਸਿੰਘ, ਬੱਚੇ ਨੂੰ ਕਾਰ ਨੰਬਰ ਪੀ.ਬੀ. - 10 ਈਆਰ-5219 ਵਿੱਚ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ , ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਥਿਤ ਦੋਸ਼ੀ ਹਮਮਸ਼ਵਰਾ ਹੋ ਕੇ ਗਲਤ ਇਰਾਦੇ ਨਾਲ, ਬੱਚੇ ਖਰੀਦਣ ਅਤੇ ਵੇਚਣ ਦਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ , ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਿਤੀ 27.06.2025 ਨੂੰ ਅ/ਧ 143, 61(2), ਬੀ.ਐਨ.ਐਸ. 81 ਅਤੇ ਜੁਵੇਨਾਇਨ ਜਸਟਿਸ ਐਕਟ ਅਧੀਨ ਮੁਕੱਦਮਾ ਨੰਬਰ 157 ਦਰਜ ਕੀਤਾ ਗਿਆ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਪੁਲਿਸ ਨੇ SP D ਰਾਕੇਸ਼ ਕੁਮਾਰ ਯਾਦਵ ਅਤੇ DSP ਅਮਲੋਹ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਅਤੇ SHO ਮੰਡੀ ਗੋਬਿੰਦਗੜ੍ਹ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 27 ਜੂਨ ਨੂੰ ਤਲਜਿੰਦਰ ਸਿੰਘ, ਕਮਲੇਸ਼ ਕੌਰ, ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ , ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ 04 ਲੱਖ ਰੁਪਏ ਦੇ ਮਨੋਰੰਜਨ ਨੋਟ ਵੀ ਬਰਾਮਦ ਕੀਤੇ ਗਏ , ਉਨ੍ਹਾਂ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵਜੰਮੇ ਬੱਚੇ ਨੂੰ ਕੋਲਕਾਤਾ (ਪੱਛਮੀ ਬੰਗਾਲ) ਲੈ ਕੇ ਚਲੇ ਗਏ ਹਨ
ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੇ ਆਧਾਰ 'ਤੇ ਪੁਲਿਸ ਟੀਮ ਵੱਲੋਂ ਕੋਲਕਾਤਾ ਪਹੁੰਚ ਕੇ 29 ਜੂਨ ਨੂੰ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਪ੍ਰਸ਼ਾਂਤ ਪਰਾਸ਼ਰ ਵਾਸੀ ਕੋਲਕਾਤਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ , ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚੇ ਨੂੰ ਬਾਲ ਸੁਰੱਖਿਆ ਕਮੇਟੀ ਕੋਲਕਾਤਾ ਕੋਲ ਪੇਸ਼ ਕੀਤਾ ਗਿਆ ਅਤੇ ਕਥਿਤ ਦੋਸ਼ੀ ਰੁਪਿੰਦਰ ਕੌਰ, ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਕੋਲਕਾਤਾ ਵਿਖੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸ਼ਨ ਵਰੰਟ ਉਤੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਲਿਆਂਦਾ ਗਿਆ ਹੈ, ਜਿਨ੍ਹਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਕੇਸ ਵਿੱਚ ਕਥਿਤ ਦੋਸ਼ੀਆਂ ਨੇ ਬੱਚੇ ਦੇ ਪਿਤਾ ਨੂੰ 1.5 ਲੱਖ ਰੁਪਏ ਦੇ ਮਨੋਰੰਜਨ ਨੋਟ ਦਿੱਤੇ ਸਨ ਜਿਸ ਉਪਰੰਤ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਉਜਾਗਰ ਹੋਇਆ , ਉਨ੍ਹਾਂ ਦੱਸਿਆ ਕਿ ਪੁਲਿਸ ਡੁੰਘਾਈ ਨਾਲ ਇਸ ਦੀ ਜਾਂਚ ਕਰ ਰਹੀ ਹੈ , ਕਥਿਤ ਦੋਸ਼ੀਆਂ ਪਾਸੋਂ ਨਵਜੰਮਿਆ ਬੱਚਾ ਤੇ 04 ਲੱਖ ਰੁਪਏ ਦੇ ਮਨੋਰੰਜਨ ਨੋਟ ਬਰਾਮਦ ਹੋਏ ਹਨ ਅਤੇ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ