ਭਰਤੀ ਕਮੇਟੀ ਵੱਲੋਂ ਅਗਲਾ ਪ੍ਰੋਗਰਾਮ ਜਾਰੀ: 15 ਜੁਲਾਈ ਤੋਂ ਜ਼ਿਲ੍ਹਾ ਅਤੇ ਸਟੇਟ ਡੈਲੀਗੇਟ ਦੀਆਂ ਚੋਣਾਂ ਲਈ ਹਲਕਾ ਵਾਰ ਮੀਟਿੰਗਾਂ ਹੋਣਗੀਆਂ ਸ਼ੁਰੂ
- 10 ਜੁਲਾਈ ਤੱਕ ਹੀ ਜਮਾਂ ਹੋ ਸਕਣਗੀਆਂ ਕਾਪੀਆਂ- ਭਰਤੀ ਕਮੇਟੀ
- ਅੱਜ ਤੱਕ 8.29 ਲੱਖ ਭਰਤੀ ਜਮਾਂ ਹੋਈ।
ਚੰਡੀਗੜ੍ਹ, 2 ਜੁਲਾਈ 2025 - ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਭਰਤੀ ਸਬੰਧੀ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਅਗਲੇ ਪ੍ਰੋਗਰਾਮ ਨੂੰ ਜਾਰੀ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਦੱਸਿਆ ਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਓਹਨਾ ਨੂੰ ਮਿਲੀ ਸੇਵਾ ਦੇ ਕਾਰਜ ਦੀ ਸ਼ੁਰੂਆਤ ਤੋ ਹੁਣ ਤੱਕ ਬੇਸ਼ੱਕ ਇੱਕ ਧੜੇ ਵੱਲੋਂ ਬਿਲਕੁੱਲ ਵੀ ਸਹਿਯੋਗ ਨਹੀਂ ਕੀਤਾ ਗਿਆ, ਇਸ ਦੇ ਬਾਵਜੂਦ ਭਰਤੀ ਮੁਹਿੰਮ ਨੂੰ ਕਾਮਯਾਬੀ ਮਿਲੀ ਹੈ। ਅੱਜ ਹਰ ਪੰਥ ਦਰਦੀ ਅਤੇ ਪੰਜਾਬ ਹਿਤੈਸ਼ੀ ਸਖ਼ਸ਼ ਆਪਣੀ ਖੇਤਰੀ ਪਾਰਟੀ ਦੇ ਵਜੂਦ ਨੂੰ ਮਜ਼ਬੂਤ ਅਤੇ ਪੁਨਰ ਸੁਰਜੀਤ ਕਰਨ ਲਈ ਸ਼ੁਰੂ ਮੁਹਿੰਮ ਦਾ ਆਪ ਮੁਹਾਰੇ ਹਿੱਸਾ ਬਣਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਕਿ ਅੱਜ ਸੂਬੇ ਦੇ ਹਰ ਸਖ਼ਸ਼ ਦੀ ਜੁਬਾਨ ਉਪਰ ਖੇਤਰੀ ਪਾਰਟੀ ਨੂੰ ਮਜ਼ਬੂਤ ਰੱਖਣ ਅਤੇ ਕਰਨ, ਇਸ ਦੀ ਮਹੱਤਤਾ ਅਤੇ ਲੋੜ ਦਾ ਜ਼ਿਕਰ ਹੈ।
ਭਰਤੀ ਕਮੇਟੀ ਵੱਲੋ ਬੇਹੱਦ ਇਮਨਾਦਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਹੇਠ ਹੁਣ ਤੱਕ ਪ੍ਰਾਪਤ ਮੈਂਬਰਸ਼ਿਪ ਦਾ ਅੰਕੜਾ ਜਾਰੀ ਕਰਦੇ ਕਿਹਾ ਕਿ, 2 ਜੁਲਾਈ ਦੁਪਿਹਰ ਤਿੰਨ ਵਜੇ ਤੱਕ 8 ਲੱਖ 29 ਹਜ਼ਾਰ ਮੈਂਬਰਸ਼ਿਪ ਜਮ੍ਹਾ ਹੋ ਚੁੱਕੀ ਹੈ। ਭਰਤੀ ਕਮੇਟੀ ਮੈਬਰਾਂ ਨੇ ਇਹ ਵੀ ਆਸ ਪ੍ਰਗਟ ਕੀਤੀ ਕਿ ਬਹੁਤ ਸਾਰੇ ਸੱਜਣ ਜਿਨਾ ਨੇ ਸੰਗਠਿਤ ਰੂਪ ਵਿੱਚ ਆਪਣੇ ਆਪ ਭਰਤੀ ਸ਼ੁਰੂ ਕੀਤੀ, ਓਹਨਾਂ ਦੀ ਮੈਂਬਰਸ਼ਿਪ ਬਕਾਇਆ ਹੈ ਅਤੇ ਕੁਝ ਲੋਕਾਂ ਵੱਲੋਂ ਕਾਪੀਆਂ ਭਰ ਲਈਆਂ ਗਈਆਂ ਹਨ, ਪਰ ਜਰੂਰੀ ਰੁਝੇਵਿਆਂ ਦੇ ਚਲਦੇ ਦਫਤਰ ਨਹੀਂ ਜਮ੍ਹਾ ਕਰਵਾ ਸਕੇ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਭਰਤੀ ਕਾਪੀਆਂ ਜਮ੍ਹਾ ਕਰਵਾਉਣ ਲਈ ਆਖਰੀ ਮਿਤੀ 10 ਜੁਲਾਈ ਤਹਿ ਕੀਤੀ ਗਈ ਹੈ। ਭਰਤੀ ਭਾਵੇ ਉਸ ਤੋਂ ਬਾਅਦ ਵੀ ਜਾਰੀ ਰਹੇਗੀ।
ਅਗਲੇ ਪ੍ਰੋਗਰਾਮ ਤਹਿਗਤ 11 ਜੁਲਾਈ ਤੋਂ ਲੈਕੇ 14 ਜੁਲਾਈ ਤੱਕ ਹਰ ਕਾਪੀ ਪਿੱਛੇ ਬਣਨ ਵਾਲੇ ਸਰਕਲ ਡੇਲੀਗੇਟ ਨਾਮ ਵਾਲੀਆਂ ਲਿਸਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। 15 ਜੁਲਾਈ ਤੋਂ 27 ਜੁਲਾਈ ਤੱਕ ਭਰਤੀ ਕਮੇਟੀ ਦੇ ਮੈਂਬਰ ਹਲਕਾ ਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕਰੇਗੀ। ਹਲਕਾ ਵਾਰ ਮੀਟਿੰਗ ਵਿੱਚ ਜ਼ਿਲ੍ਹਾ ਡੈਲੀਗੇਟ ਅਤੇ ਸਟੇਟ ਡੈਲੀਗੇਟ ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰੀ ਅਤੇ ਸਟੇਟ ਡੈਲੀਗੇਟ ਦੀ ਚੋਣ ਉਪਰੰਤ ਜਨਰਲ ਇਜਲਾਸ ਲਈ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।
ਭਰਤੀ ਕਮੇਟੀ ਮੈਂਬਰਾਂ ਨੇ ਇੱਕ ਇੱਕ ਕਾਪੀ ਭਰਨ ਵਾਲੇ ਹਰ ਸਖ਼ਸ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ, ਮੰਜਿਲ ਦਾ ਪੈਂਡਾ ਬਹੁਤ ਵੱਡਾ ਅਤੇ ਅਤਿ ਕਠਿਨਾਈ ਭਰਿਆ ਸੀ, ਪਰ ਸੰਗਤ ਦੇ ਪਿਆਰ ਅਤੇ ਹੌਸਲੇ ਦੇ ਜਰੀਏ ਇਸ ਦਾ ਇੱਕ ਪੜਾਅ ਪੂਰਾ ਕਰ ਲਿਆ ਗਿਆ ਹੈ।