ਪੱਪੀ ਭਦੌੜ ਤੇ ਦਿਲਪ੍ਰੀਤ ਦਾ ਗੀਤ “ਛੱਡਦੇ ਟਰੱਕ ਹਾਣੀਆਂ” ਸ਼ਾਨਦਾਰ ਸਮਾਗਮ ਦੌਰਾਨ ਰਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) – ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਹੋਰ ਨਵਾਂ ਕਦਮ ਉਸ ਵੇਲੇ ਸਾਹਮਣੇ ਆਇਆ ਜਦੋਂ ਗਾਇਕ ਪੱਪੀ ਭਦੌੜ ਅਤੇ ਦਿਲਪ੍ਰੀਤ ਦਾ ਨਵਾਂ ਗੀਤ “ਛੱਡਦੇ ਟਰੱਕ ਹਾਣੀਆਂ” ਵਿਸਟਰਨ ਟਰੱਕਿੰਗ ਦੇ ਮਾਲਕ ਮਿੰਟੂ ਉੱਪਲੀ ਦੇ ਦਫ਼ਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਫਰਿਜ਼ਨੋ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਮਾਗਮ ਦੌਰਾਨ ਗੀਤ ਦਾ ਪੋਸਟਰ ਰਲੀਜ਼ ਕੀਤਾ ਗਿਆ ਅਤੇ ਗੀਤ ਦੇ ਬੋਲ ਸੁਣਨ ਤੋਂ ਬਾਅਦ ਹਾਜ਼ਰ ਮਹਿਮਾਨਾਂ ਨੇ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਨਵੇਂ ਗੀਤ ਲਈ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਸਿੱਧ ਸਾਹਿਤਕ ਰਸਾਲੇ “ਪੰਜਾਬੀਅਤ” ਦਾ ਨਵਾਂ ਅੰਕ ਵੀ ਰਲੀਜ਼ ਕੀਤਾ ਗਿਆ।
ਉੱਘੇ ਸਮਾਜ ਸੇਵੀ ਸੰਤੋਖ ਮਨਿਹਾਸ ਨੇ ਆਪਣੇ ਸੰਬੋਧਨ ਦੌਰਾਨ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਵਧਾਈ ਦਿੰਦਿਆਂ ਗੀਤ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਹੀ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਦੀ ਮਿਹਨਤ, ਦ੍ਰਿੜਤਾ ਅਤੇ ਕੰਮ ਕਰਨ ਦੇ ਵਿਲੱਖਣ ਅੰਦਾਜ਼ ਦੀ ਵੀ ਖੁੱਲ੍ਹ ਕੇ ਸਰਾਹਣਾ ਕੀਤੀ।
ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਮਲਜੀਤ ਬੈਨੀਪਾਲ, ਡਾ. ਜੈਪਾਲ ਸਿੱਧੂ, ਬਾਵਾ, ਮੰਨਾ ਸ਼ਿਕਾਰੀ, ਗੁਰਦੀਪ ਧਾਲੀਵਾਲ ਅਤੇ ਰਾਣੀ ਦਿਲਦਾਰ ਗਰੁੱਪ ਸਮੇਤ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਸਮਾਗਮ ਦੇ ਅੰਤ ਵਿੱਚ ਪੱਪੀ ਭਦੌੜ ਅਤੇ ਦਿਲਪ੍ਰੀਤ ਨੇ ਆਪਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਸਰੋਤੇ ਅਸ਼-ਅਸ਼ ਕਰ ਉੱਠੇ ਅਤੇ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਪੂਰੇ ਸਮਾਗਮ ਦੌਰਾਨ ਹਰਮੋਨੀਅਮ ਮਾਸਟਰ ਕਮਲਜੀਤ “ਕਮਲ” ਵੀ ਸਟੇਜ ਤੇ ਡਟੇ ਰਹੇ ਤੇ ਆਪਣੀਆਂ ਉਂਗਲਾਂ ਦਾ ਜਾਦੂ ਵਿਖੇਰਦੇ ਰਹੇ।
ਚਾਹ-ਪਕੌੜਿਆਂ ਦੇ ਲੰਗਰ ਦੀ ਸੇਵਾ ਜਸਵਿੰਦਰ ਸਿੰਘ “ਨਿਊ ਇੰਡੀਆ ਸਵੀਟਸ” ਵੱਲੋਂ ਕੀਤੀ ਗਈ, ਜਦਕਿ ਰਾਤ ਦੇ ਭੋਜਨ ਦਾ ਵਿਸ਼ੇਸ਼ ਪ੍ਰਬੰਧ ਮਿੰਟੂ ਉੱਪਲੀ ਵੱਲੋਂ ਕੀਤਾ ਗਿਆ। ਇਸ ਗੀਤ ਦੀ ਤਿਆਰੀ ਅਤੇ ਰਲੀਜ਼ ਲਈ ਡਾ. ਜੈਪਾਲ ਸਿੱਧੂ ਅਤੇ ਮਹਾਂ ਸਿੰਘ ਦਾ ਵਿਸ਼ੇਸ਼ ਸਹਿਯੋਗ ਵੀ ਰਿਹਾ।
ਫਰਿਜ਼ਨੋ ਸ਼ਹਿਰ ਦੀਆਂ ਕਈ ਸਿਰਮੌਰ ਸ਼ਖ਼ਸੀਅਤਾਂ ਦੀ ਹਾਜ਼ਰੀ ਨਾਲ ਸਜਿਆ ਇਹ ਸਮਾਗਮ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਭਾਈਚਾਰਕ ਏਕਤਾ ਦੀ ਸੁੰਦਰ ਮਿਸਾਲ ਬਣਿਆ। ਅਖੀਰ ਵਿੱਚ ਯਾਦਗਾਰੀ ਪਲਾਂ ਅਤੇ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ।
- Download Babushahi App
-
-