ਜਮਹੂਰੀ ਅਧਿਕਾਰ ਸਭਾ ਵੱਲੋਂ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਸੈਮੀਨਾਰ!
ਚੰਡੀਗੜ੍ਹ, 21 ਜੂਨ 2026- ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਇੱਥੋਂ ਦੇ ਸੈਕਟਰ-28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਦਿੱਲੀ ਤੋਂ ਪਹੁੰਚੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਸਾਲਵੇਸ ਅਤੇ ਪ੍ਰਸਿੱਧ ਸਮਾਜਿਕ ਕਾਰਕੁਨ ਡਾਕਟਰ ਨਵਸ਼ਰਨ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਕੀਲ ਕੌਲਿਨ ਗੋਂਸਾਲਵੇਸ ਨੇ ਅਪ੍ਰੈਲ ਮਹੀਨੇ ਦੌਰਾਨ ਨੋਇਡਾ ਅਤੇ ਮਾਨੇਸਰ ਵਿਖੇ ਹੋਏ ਮਜ਼ਦੂਰ ਪ੍ਰਦਰਸ਼ਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਜ਼ਦੂਰਾਂ ਦੀਆਂ ਬੇਹੱਦ ਜਾਇਜ਼ ਮੰਗਾਂ ਨੂੰ ਲੈ ਕੇ ਸਨ। ਪੂਰੇ ਐੱਨ.ਸੀ.ਆਰ. (NCR) ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਤਨਖਾਹਾਂ ਵਿੱਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਲੇਬਰ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ਼ ਲਾਗੂ ਕੀਤਾ ਗਿਆ।
12-12 ਘੰਟੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਹਿਜ਼ 12 ਤੋਂ 14 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾ ਰਹੀ ਹੈ। ਉੱਪਰੋਂ ਪਿਛਲੇ ਸਮੇਂ ਦੌਰਾਨ ਤੇਲ, ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਵਧੀ ਮਹਿੰਗਾਈ ਨੇ ਮਜ਼ਦੂਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ।
ਗੋਂਸਾਲਵੇਸ ਨੇ ਪ੍ਰਸ਼ਾਸਨਿਕ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਮੀਡੀਆ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ਼ ਕੇ ਉਨ੍ਹਾਂ ਨੂੰ 'ਦੰਗਈ' ਸਾਬਤ ਕਰਨ ਦਾ ਇੱਕਪਾਸੜ ਪ੍ਰਚਾਰ ਚਲਾਇਆ।
ਇਸ ਦੌਰਾਨ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਜ਼ਦੂਰ ਕਾਰਕੁਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ-ਪੱਖੀ ਵਕੀਲਾਂ ਦੀ ਟੀਮ ਅਦਾਲਤਾਂ ਵਿੱਚ ਇਨ੍ਹਾਂ ਕੇਸਾਂ ਦੀ ਪੈਰਵਾਈ ਕਰ ਰਹੀ ਹੈ, ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਤੱਕ ਕਾਨੂੰਨੀ ਸਹਾਇਤਾ ਨਹੀਂ ਪਹੁੰਚ ਸਕੀ।
ਮੁੱਖ ਬੁਲਾਰੇ ਡਾਕਟਰ ਨਵਸ਼ਰਨ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਸਬੰਧੀ ਇੱਕ ਵਿਸਥਾਰੀ ਰਿਪੋਰਟ ਵੀ ਤਿਆਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਧਾਰਾ ਦੇ ਮੀਡੀਆ ਨੇ ਇਸ ਮਸਲੇ ਨੂੰ ਬੇਹੱਦ ਪੱਖਪਾਤੀ ਢੰਗ ਨਾਲ਼ ਪੇਸ਼ ਕੀਤਾ।
ਨੋਇਡਾ ਅਤੇ ਮਾਨੇਸਰ ਦੇ ਦਰਜਨਾਂ ਹਿੱਸਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਸਨ ਅਤੇ ਸਿਰਫ਼ ਕੁਝ ਹੀ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੋਈ ਸੀ। ਪਰ ਮੀਡੀਆ ਨੇ ਚੋਣਵੀਆਂ ਘਟਨਾਵਾਂ ਨੂੰ ਵਾਰ-ਵਾਰ ਦਿਖਾ ਕੇ ਅਜਿਹਾ ਮਾਹੌਲ ਸਿਰਜਿਆ ਜਿਵੇਂ ਪੂਰੇ ਨੋਇਡਾ ਵਿੱਚ ਦੰਗੇ ਭੜਕ ਗਏ ਹੋਣ ਅਤੇ ਮਜ਼ਦੂਰਾਂ ਨੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।
ਇਸ ਸੈਮੀਨਾਰ ਦੌਰਾਨ ਹਾਜ਼ਰ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਸਮਾਜਿਕ ਕਾਰਕੁਨ ਵਰਿਸ਼ਾਲੀ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਅਮਨਦੀਪ ਕੌਰ ਨੇ ਨਿਭਾਈ।
- Download Babushahi App
-
-