ਪ੍ਰੋਫੈਸਰ ਚਰਨ ਸਿੰਘ ਦਾ ਦੇਹਾਂਤ, ਇਲਾਕੇ ’ਚ ਸੋਗ ਦੀ ਲਹਿਰ
ਉੱਚੀ ਸੋਚ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਫਾਨੀ ਸੰਸਾਰ ਤੋਂ ਹੋਈ ਰੁਖਸਤ**
29 ਦਸੰਬਰ 2025
ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ) : ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਵਾਈਸ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ (90) ਦਾ ਸੰਖੇਪ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ’ਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰੋਫੈਸਰ ਚਰਨ ਸਿੰਘ ਜੀ ਇੱਕ ਸਾਦਗੀ ਭਰਿਆ ਜੀਵਨ ਜੀਉਣ ਵਾਲੇ, ਉੱਚੀ ਸੋਚ ਦੇ ਮਾਲਕ ਅਤੇ ਨਿਃਸਵਾਰਥ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖਿਆ, ਸਮਾਜਿਕ ਚੇਤਨਾ ਅਤੇ ਲੋਕ ਭਲਾਈ ਲਈ ਸਮਰਪਿਤ ਕਰ ਦਿੱਤੀ। ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦਾ ਯੋਗਦਾਨ ਅਮੋਲਕ ਮੰਨਿਆ ਜਾਂਦਾ ਹੈ, ਜਿਸ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੇ ਜੀਵਨ ਦੀ ਸਹੀ ਦਿਸ਼ਾ ਪ੍ਰਾਪਤ ਕੀਤੀ।
ਪ੍ਰੋਫੈਸਰ ਸਾਹਿਬ ਸ਼ਹੀਦ ਊਧਮ ਸਿੰਘ ਜੀ ਦੀ ਇਨਕਲਾਬੀ ਸੋਚ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਸ ਸੋਚ ਨੂੰ ਜੀਵੰਤ ਰੱਖਣ ਲਈ ਉਨ੍ਹਾਂ ਨੇ ਲੰਬੇ ਸਮੇਂ ਤੱਕ ਅਟੁੱਟ ਸੇਵਾ ਨਿਭਾਈ। ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਦੇ ਵਿੱਚ ਸ਼ਹੀਦ ਊਧਮ ਸਿੰਘ ਟਰੱਸਟ ਬਣਾਇਆ ਗਿਆ ਅਤੇ ਸ਼ਹੀਦ ਊਧਮ ਸਿੰਘ ਚੌਂਕ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਇੱਕ ਬੁੱਤ ਲਗਾ ਕੇ ਹਰ ਸਾਲ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਦੇਸ਼ਭਗਤੀ, ਨਿਆਂ ਅਤੇ ਕੁਰਬਾਨੀ ਦੇ ਮੂਲ ਮੰਤਵ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ। ਇਹ ਸਮਾਗਮ ਸਿਰਫ਼ ਰਸਮੀ ਨਹੀਂ ਸਗੋਂ ਵਿਚਾਰਧਾਰਕ ਜਾਗਰੂਕਤਾ ਦਾ ਕੇਂਦਰ ਬਣੇ ਰਹੇ।
ਰਾਜਨੀਤਿਕ ਜੀਵਨ ਦੌਰਾਨ ਵੀ ਪ੍ਰੋਫੈਸਰ ਚਰਨ ਸਿੰਘ ਜੀ ਨੇ ਹਮੇਸ਼ਾ ਸਿਧਾਂਤਾਂ ਦੀ ਰਾਜਨੀਤੀ ਕੀਤੀ। ਉਹ ਲੋਕਾਂ ਦੇ ਦੁੱਖ-ਸੁੱਖ ਵਿੱਚ ਸਦਾ ਨਾਲ ਖੜ੍ਹੇ ਰਹੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਉੱਚੇ ਮੰਚਾਂ ’ਤੇ ਉਠਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਸੁਭਾਅ ਮਿਲਣਸਾਰ, ਨਿਮਰ ਅਤੇ ਸਲਾਹਕਾਰ ਰਿਹਾ, ਜਿਸ ਕਾਰਨ ਹਰ ਵਰਗ ’ਚ ਉਨ੍ਹਾਂ ਨੂੰ ਬੇਹੱਦ ਸਤਿਕਾਰ ਮਿਲਿਆ।
ਉਨ੍ਹਾਂ ਦੇ ਦੇਹਾਂਤ ’ਤੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸਿੱਖਿਆਕ ਖੇਤਰ ਨਾਲ ਜੁੜੀਆਂ ਅਨੇਕਾਂ ਸ਼ਖ਼ਸੀਅਤਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਸਭ ਨੇ ਇਕਸੁਰ ਵਿੱਚ ਕਿਹਾ ਕਿ ਪ੍ਰੋਫੈਸਰ ਚਰਨ ਸਿੰਘ ਜੀ ਦਾ ਜਾਣਾ ਇਲਾਕੇ ਲਈ ਅਪੂਰਣੀ ਘਾਟ ਹੈ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਪ੍ਰੋਫੈਸਰ ਚਰਨ ਸਿੰਘ ਜੀ ਨੂੰ ਆਪਣੇ ਪਾਵਨ ਚਰਨਾਂ ਵਿੱਚ ਸਥਾਨ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਗੁਰੂ ਦੇ ਭਾਣੇ ਵਿੱਚ ਰਹਿਣ ਦਾ ਬੱਲ ਪ੍ਰਦਾਨ ਕਰੇ। ਉਨ੍ਹਾਂ ਦੀ ਯਾਦ, ਸੋਚ ਅਤੇ ਸਮਾਜ ਸੇਵਾ ਸਦਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗੀ।
ਇਸ ਮੌਕੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ, ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ , ਸਾਬਕਾ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਸਾਬਕਾ ਚੇਅਰਮੈਨ ਜਸਪਾਲ ਸਿੰਘ ਧੰਜੂ, ਉੱਘੇ ਪੱਤਰਕਾਰ ਨਰਿੰਦਰ ਸਿੰਘ ਸੋਨੀਆ, ਸਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਵਿੱਤ ਸਕੱਤਰ ਤੇ ਜਨਰਲ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਸਰਦਾਰ ਕੇਹਰ ਸਿੰਘ ਐਡਵੋਕੇਟ, ਇੰਜੀਨੀਅਰ ਸਵਰਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ, ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁਖਤਿਆਰ ਸਿੰਘ ਚੰਦੀ ਸਕੱਤਰ ਸਹਿਤ ਸਭਾ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਤਜਿੰਦਰ ਸਿੰਘ ਧੰਜੂ ਮੀਤ ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰਸਟ, ਪ੍ਰੋਫੈਸਰ ਬਲਜੀਤ ਸਿੰਘ ਟਿੱਬਾ , ਅਵਤਾਰ ਸਿੰਘ ਮੀਰੇ, ਸੁਖਦੇਵ ਸਿੰਘ ਜੱਜ ਅਕਾਲ ਗਲੈਕਸੀ, ਸੁਖਦੇਵ ਸਿੰਘ ਨਾਨਕਪੁਰ, ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ, ਰਸ਼ਪਾਲ ਸਿੰਘ ਕਿਰਤੀ ਕਿਸਾਨ ਯੂਨੀਅਨ, ਜੈਪਾਲ ਸਿੰਘ ਆਦਿ ਨੇ ਦੁਖ ਦਾ ਪ੍ਰਗਟਾਵਾ ਕੀਤਾ।