ਪੈਨਸ਼ਨਰ ਘਰ ਬੈਠੇ ਹੀ ਕਰ ਸਕਣਗੇ ਲਾਈਫ ਸਰਟੀਫਿਕੇਟ ਅਪਲੋਡ: ਜ਼ਿਲਾ ਖਜ਼ਾਨਾ ਅਫਸਰ
ਜ਼ਿਲਾ ਖਜ਼ਾਨਾ ਦਫਤਰ ਵਿਖੇ "ਪੈਨਸ਼ਨਰ ਸੇਵਾ ਮੇਲਾ’ ਜਾਰੀ,
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਨਵੰਬਰ 2025
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲਾ ਖਜ਼ਾਨਾ ਦਫਤਰ ਵਿਚ ਲਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਮੇਲੇ ਦੇ ਪਹਿਲੇ ਦੋ ਦਿਨਾਂ ਦੌਰਾਨ 500 ਤੋਂ ਵੱਧ ਪੈਨਸ਼ਨਰਾਂ ਦੀ ਈ-ਕੇ.ਯਾਈ.ਸੀ. (e-KYC) ਪ੍ਰਕਿਰਿਆ ਮੁਕੰਮਲ ਕੀਤੀ ਗਈ।
ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਖਜ਼ਾਨਾ ਦਫ਼ਤਰ ਵਿਖੇ 13 ਨਵੰਬਰ ਤੋਂ ਸ਼ੁਰੂ ਹੋੲੈ ਮੇਲੇ ਬਾਰੇ ਜ਼ਿਲਾ ਖਜ਼ਾਨਾ ਅਫਸਰ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ‘ਪੈਨਸ਼ਨਰ ਸੇਵਾ ਪੋਰਟਲ’ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਨਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਂਟਿੰਗ, ਈ-ਪੀ.ਪੀ.ਓ/ਪੈਨਸ਼ਨ ਡਾਟਾ/ਸ਼ਿਕਾਇਤ ਨਿਵਾਰਨ/ਸਕਸ਼ੈਸ਼ਨ ਮੋਡਿਉਲ ਆਦਿ ਦੀ ਵੀ ਵਿਵਸਥਾ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ।
ਜ਼ਿਲਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਲੀ ਪੈਨਸ਼ਨਰ ਦਾ ਈ-ਕੇ.ਯਾਈ.ਸੀ. (e-KYC) ਵੀ ਕਰਵਾਇਆ ਜਾਣਾ ਲਾਜ਼ਮੀ ਹੈ।ਜਿਕਰਯੋਗ ਹੈ ਕਿ ਪੈਨਸ਼ਨ ਡਿਸਬਰਸਿੰਗ ਬੈਂਕਾਂ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ, ਜੀਵਨ ਪ੍ਰਮਾਣ ਪੱਤਰ ਰਾਹੀਂ ਅੱਪਲੋਡ ਕਰਨ ਸਮੇਂ, ਪੈਨਸ਼ਨਰਾਂ ਦੀ e-KYC ਨਹੀਂ ਕੀਤੀ ਜਾ ਰਹੀ। ਇਸ ਲਈ "ਪੈਨਸ਼ਨਰ ਸੇਵਾ ਮੇਲਾ' ਲਾ ਕੇ ਹਰ ਪੈਨਸ਼ਨਰ ਦੀ e-KYC ਮੁਕੰਮਲ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 500 ਤੋਂ ਵੱਧ ਪੈਨਸ਼ਨਰ ਇਸ ਸਹੂਲਤ ਦਾ ਲਾਭ ਲੈ ਚੁੱਕੇ ਹਨ । ਉਨ੍ਹਾਂ। ਨੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਪੈਨਸ਼ਨਰ ਸੇਵਾ ਪੋਰਟਲ ਦੀ ਸੁਵਿਧਾ ਲਈ ਸ਼ਨੀਵਾਰ ਨੂੰ ਵੀ ਖਜ਼ਾਨਾ ਦਫ਼ਤਰ ਦਾ ਸਟਾਫ ਅਤੇ ਪੈਨਸ਼ਨਰਾਂ ਮੁਹੱਈਆ ਕਰਵਾਉਣ ਵਾਲੀਆਂ ਬੈਂਕਾਂ ਦੇ ਨੁਮਾਇੰਦੇ ਮੌਜੂਦ ਰਹਿਣਗੇ ਅਤੇ ਜਿਹੜੇ ਪੈਨਸ਼ਨਰ ਰਹਿ ਗਏ ਹਨ ਉਹ ਮੇਲੇ ‘ਚ ਪਹੁੰਚ ਕੇ ਇਸਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨਰ ਮੇਲੇ ਵਿਚ ਪਹੁੰਚ ਕੇ ਆਪਣੇ-ਆਪ ਨੂੰ ਪੋਰਟਲ ਪ੍ਰਤੀ ਲਾਜ਼ਮੀ ਜਾਣੂ ਕਰਵਾਉਣ ਤਾਂ ਜੋ ਉਹ ਘਰ ਬੈਠੇ ਹੀ ਕਈ ਸੇਵਾਵਾਂ ਹਾਸਲ ਕਰ ਸਕਣ।