ਪੁਲਿਸ ਅਫਸਰ ਬਣ ਕੇ ਲੋਕਾਂ ਨੂੰ ਲੁੱਟਣ ਵਾਲਾ ‘ਲਾਡੀ’ ਕਾਬੂ, 11 ਮੋਬਾਇਲ ਫੋਨ ਤੇ 2 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ
ਸੁਖਮਿੰਦਰ ਭੰਗੂ/ ਬਾਬੂਸ਼ਾਹੀ ਬਿਊਰੋ
ਲੁਧਿਆਣਾ, 12 ਜੂਨ 2026
ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਸ਼ਾਤਰ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਆਪਣੇ ਆਪ ਨੂੰ ਪੁਲਿਸ ਅਫਸਰ ਦੱਸ ਕੇ ਆਮ ਲੋਕਾਂ ਨੂੰ ਠੱਗਦਾ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲੈਂਦਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 11 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਅਤੇ 2 ਚੋਰੀਸ਼ੁਦਾ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਕਾਰਵਾਈ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ., ਡੀ.ਸੀ.ਪੀ. ਰੂਰਲ ਜਸਕਿਰਨਜੀਤ ਸਿੰਘ ਤੇਜਾ, ਡਿਪਟੀ ਕਮਿਸ਼ਨਰ ਪੁਲਿਸ ਜੋਨ-4 ਜਸ਼ਨਦੀਪ ਸਿੰਘ ਗਿੱਲ ਅਤੇ ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਬੋਪਾਰਾਏ ਪੀ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਮਲ ਵਿੱਚ ਲਿਆਂਦੀ ਗਈ। ਥਾਣਾ ਜਮਾਲਪੁਰ ਦੇ ਮੁੱਖ ਅਫਸਰ ਪਰਮੋਧ ਰਾਜ ਦੀ ਨਿਗਰਾਨੀ ਹੇਠ ਏ.ਐਸ.ਆਈ. ਪਰਮਜੀਤ ਸਿੰਘ, ਇੰਚਾਰਜ ਚੌਕੀ ਮੁੰਡੀਆਂ ਕਲਾਂ ਅਤੇ ਉਨ੍ਹਾਂ ਦੀ ਟੀਮ ਨੇ ਇਸ ਕਾਰਵਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ।
ਪੁਲਿਸ ਅਨੁਸਾਰ 10 ਜੂਨ 2026 ਨੂੰ ਮੁਦਈ ਸੁਨੀਲ ਯਾਦਵ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਜਮਾਲਪੁਰ ਵਿੱਚ ਮੁਕੱਦਮਾ ਨੰਬਰ 145 ਅਧੀਨ ਧਾਰਾ 304 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਸੁਰਾਗ ਮਿਲੇ, ਜਿਸ ਦੇ ਆਧਾਰ 'ਤੇ 11 ਜੂਨ ਨੂੰ ਦੋਸ਼ੀ ਗੁਰਜੀਤ ਸਿੰਘ ਉਰਫ਼ ਲਾਡੀ ਨੂੰ ਗਸ਼ਤ ਦੌਰਾਨ ਕਾਬੂ ਕਰ ਲਿਆ ਗਿਆ।
ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ਵਿੱਚੋਂ 10 ਮੋਬਾਇਲ ਫੋਨ ਅਤੇ ਬਿਨਾਂ ਨੰਬਰੀ ਦੋ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਜੀਤ ਸਿੰਘ ਉਰਫ਼ ਲਾਡੀ ਲੋਕਾਂ ਨੂੰ ਆਪਣਾ ਪੁਲਿਸ ਅਧਿਕਾਰੀ ਹੋਣ ਦਾ ਝਾਂਸਾ ਦਿੰਦਾ ਸੀ ਅਤੇ ਮੌਕਾ ਮਿਲਣ 'ਤੇ ਉਨ੍ਹਾਂ ਤੋਂ ਮੋਬਾਇਲ ਫੋਨ ਖੋਹ ਲੈਂਦਾ ਸੀ। ਉਸ ਦੀਆਂ ਸਰਗਰਮੀਆਂ ਕਾਰਨ ਕਈ ਲੋਕ ਉਸ ਦੇ ਸ਼ਿਕਾਰ ਬਣੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਗ੍ਰਿਫਤਾਰ ਕੀਤਾ ਗਿਆ ਦੋਸ਼ੀ ਗੁਰਜੀਤ ਸਿੰਘ ਉਰਫ਼ ਲਾਡੀ (ਉਮਰ ਕਰੀਬ 28 ਸਾਲ) ਪਿੰਡ ਝਾਬੇਵਾਲ, ਲੁਧਿਆਣਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਲੁੱਟ-ਖੋਹ, ਚੋਰੀ ਅਤੇ ਅਪਰਾਧਿਕ ਵਾਰਦਾਤਾਂ ਦੇ ਭੇਦ ਖੋਲ੍ਹੇ ਜਾ ਸਕਣ।
ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਫਲਤਾ ਨਾ ਸਿਰਫ਼ ਪੁਲਿਸ ਦੀ ਚੌਕਸੀ ਨੂੰ ਦਰਸਾਉਂਦੀ ਹੈ, ਸਗੋਂ ਲੁੱਟ-ਖੋਹ ਦੀਆਂ ਵਾਰਦਾਤਾਂ 'ਤੇ ਨਕੇਲ ਕੱਸਣ ਵੱਲ ਇੱਕ ਅਹਿਮ ਕਦਮ ਵੀ ਮੰਨੀ ਜਾ ਰਹੀ ਹੈ।
- Download Babushahi App
-
-