ਪਰਗਟ ਸਿੰਘ ਵੱਲੋਂ ਭਗਵੰਤ ਮਾਨ ਦੀ ਕੈਬਨਿਟ ‘ਚ ਨਵੇਂ ਮੰਤਰੀ ਦੀ ਨਿਯੁਕਤੀ ‘ਤੇ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਸਵਾਲ
ਚੰਡੀਗੜ੍ਹ, 1 ਜੁਲਾਈ 2025 - ਸੀਨੀਅਰ ਕਾਂਗਰਸ ਆਗੂ ਅਤੇ ਵਿਧਾਇਕ ਪਾਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਕੀਤੇ ਵਾਧੇ ਨੂੰ ਲੈ ਕੇ ਬਿਨਾਂ ਨਾਂ ਲਏ ਹਿੱਤਾਂ ਦੇ ਟਕਰਾਅ (Conflict of Interest) ‘ਤੇ ਗੰਭੀਰ ਸਵਾਲ ਉਠਾਏ ਹਨ।
ਸੋਸ਼ਲ ਮੀਡੀਆ ‘ਤੇ ਆਪਣੇ ਬਿਆਨ ਵਿੱਚ ਪਾਰਗਟ ਸਿੰਘ ਨੇ ਲਿਖਿਆ:
“ਜੇ ਅਸੀਂ ਸੱਚਮੁੱਚ ਭ੍ਰਿਸ਼ਟਾਚਾਰ ਦਾ ਅੰਤ ਕਰਨਾ ਚਾਹੁੰਦੇ ਹਾਂ, ਤਾਂ ਪੰਜਾਬ ਵਿਧਾਨ ਸਭਾ ‘ਚ ਹਿੱਤਾਂ ਦੇ ਟਕਰਾਅ ਬਾਰੇ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ। ਜਦੋਂ ਮੰਤਰੀਆਂ ਨੂੰ ਉਹ ਵਿਭਾਗ ਦਿੱਤੇ ਜਾਂਦੇ ਹਨ ਜਿੰਨ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਕਾਰੋਬਾਰ ਜੁੜੇ ਹੋਣ, ਤਾਂ ਅਸੀਂ ਲੋਕਹਿੱਤ ਦੀ ਥਾਂ ਨਿੱਜੀ ਮਫ਼ਾਦ ਨੂੰ ਤਰਜੀਹ ਦੇਣ ਤੋਂ ਕਿਵੇਂ ਰੋਕ ਸਕਦੇ ਹਾਂ?”
ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ‘ਤੇ ਦੋਹਰੇ ਮਾਪਦੰਡ ਲਾਗੂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ:
“ਇੱਕ ਪਾਸੇ ਸਰਕਾਰ ਸਾਬਕਾ ਮੰਤਰੀ ਖਿਲਾਫ਼ ਹਿੱਤਾਂ ਦੇ ਟਕਰਾਅ ਦੀ ਜਾਂਚ ਕਰ ਰਹੀ ਹੈ, ਪਰ ਅੱਜ ਨਵੇਂ ਮੰਤਰੀ ਦੇ ਵਿਭਾਗ ਅਤੇ ਉਨ੍ਹਾਂ ਦੇ ਕਾਰੋਬਾਰ ਨਾਲ਼ ਸਬੰਧਤ ਟਕਰਾਅ ‘ਤੇ ਚੁੱਪ ਹੈ। ਇਹ ਚੁੱਪੀ ਕਿਉਂ?”
ਪਾਰਗਟ ਸਿੰਘ ਨੇ ਇਹ ਵੀ ਯਾਦ ਦਿਵਾਇਆ ਕਿ ਕਾਂਗਰਸ ਸਰਕਾਰ ਦੌਰਾਨ ਵੀ ਅਜਿਹਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋਈ ਸੀ ਪਰ ਓਹ ਰੁਕ ਗਿਆ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੰਜਾਬ ਲਈ ਇਹ ਕਾਨੂੰਨ ਲਿਆਉਣਾ ਸਮੇਂ ਦੀ ਲੋੜ ਹੈ।