ਟੈਕਸੀ ਸਟੈਂਡ ਹਾਜੀ ਰਤਨ ਚੌਂਕ ਵਿਖੇ ਡਰਾਇਵਰਾਂ ਨੂੰ ਹਲਕਾਅ (ਰੇਬੀਜ਼) ਸਬੰਧੀ ਕੀਤਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2026 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਟੈਕਸੀ ਸਟੈਂਡ ਹਾਜੀ ਰਤਨ ਚੌਂਕ ਵਿਖੇ ਡਰਾਇਵਰ ਭਾਈਚਾਰੇ ਨੂੰ ਹਲਕਾਅ (ਰੇਬੀਜ਼) ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ।ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਹਲਕਾਅ ਇੱਕ ਘਾਤਕ ਵਾਇਰਲ ਬਿਮਾਰੀ ਹੈ ਜੋ ਆਮ ਤੌਰ ’ਤੇ ਸੰਕਰਮਿਤ ਕੁੱਤੇ, ਬਾਂਦਰ ਜਾਂ ਹੋਰ ਜਾਨਵਰ ਦੇ ਕੱਟਣ ਜਾਂ ਖੁਰਚਣ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਜਾਨਵਰ ਕੱਟ ਲਵੇ ਤਾਂ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਧੋਣਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਐਂਟੀ-ਰੇਬੀਜ਼ ਟੀਕੇ ਲਗਵਾਉਣੇ ਚਾਹੀਦੇ ਹਨ।
ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ ਨੇ ਦੱਸਿਆ ਕਿ ਹਲਕਾਅ ਤੋਂ ਬਚਾਅ ਲਈ ਪਾਲਤੂ ਕੁੱਤਿਆਂ ਅਤੇ ਹੋਰ ਪਸ਼ੂਆਂ ਦਾ ਸਮੇਂ-ਸਮੇਂ ’ਤੇ ਟੀਕਾਕਰਣ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਨਵਰ ਦੇ ਕੱਟਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ।
ਉਹਨਾਂ ਦੱਸਿਆ ਕਿ ਹਲਕਾਅ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਸ ਦਾ ਇਲਾਜ ਸੰਭਵ ਨਹੀਂ ਹੁੰਦਾ, ਇਸ ਲਈ ਸਮੇਂ ਸਿਰ ਟੀਕਾਕਰਣ ਅਤੇ ਸਹੀ ਇਲਾਜ ਹੀ ਇਸ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਡਰਾਇਵਰਾਂ ਨੂੰ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹਾਜ਼ਰ ਡਰਾਇਵਰਾਂ ਨੇ ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ ਅਤੇ ਹਲਕਾਅ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਦਾ ਭਰੋਸਾ ਦਿੱਤਾ।
- Download Babushahi App
-
-