ਜੋਗਿੰਦਰ ਕੌਰ ਨਮਿੱਤ ਸਰਧਾਂਜਲੀ ਸਮਾਰੋਹ 'ਚ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਜੂਨ 2025: ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਜਿੰਦਰ ਸਿੰਘ ਤੁਰਕਾ ਹਮਾਂਯੂਪੁਰ ਦੀ ਮਾਤਾ ਜੋਗਿੰਦਰ ਕੌਰ (78) ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਤੇ ਧਾਰਮਿਕ ਧਿਰਾਂ ਨੇ ਪੁੱਜ ਕੇ ਜੋਗਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਮਾਤਾ ਜੋਗਿੰਦਰ ਕੌਰ ਸੰਖੇਪ ਬਿਮਾਰੀ ਦੇ ਚੱਲਦਿਆਂ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ ਅੱਜ ਪਿੰਡ ਹਮਾਂਯੂਪੁਰ ਵਿਖੇ ਸਥਿਤ ਪਾਤਸ਼ਾਹੀ 9ਵੀਂ ਅਤੇ ਦਸਵੀਂ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।
ਇਸ ਸਮਾਗਮ 'ਚ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੋਗਿੰਦਰ ਕੌਰ ਦਾ ਸੁਭਾਅ ਬਹੁਤ ਮਿਲਵਰਤਨ ਵਾਲਾ ਸੀ ਤੇ ਉਨ੍ਹਾਂ ਵੱਲੋਂ ਦਿੱਤੀ ਗੁੜਤੀ ਕਾਰਨ ਅੱਜ ਜਿੰਦਰ ਸਿੰਘ ਤੁਰਕਾ ਨੇ ਸਮਾਜ ਵਿੱਚ ਆਪਣੀ ਪਕੜ ਬਣਾਈ ਹੋਈ ਹੈ , ਉਥੇ ਹੀ ਰਾਜਨੀਤਿਕ ਖੇਤਰ ਵਿੱਚ ਵਧੀਆ ਪਹਿਚਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਮਾਤਾ ਜੋਗਿੰਦਰ ਕੌਰ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਜੋਗਿੰਦਰ ਕੌਰ ਨੂੰ ਆਪਣੇ ਚਰਨਾ 'ਚ ਨਿਵਾਸ ਬਖਸਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਦੀ ਅਰਦਾਸ ਕੀਤੀ।
ਇਸ ਮੌਕੇ ਸਰਧਾਂਜਲੀ ਸਮਾਰੋਹ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਹਰਿਆਣਾ ਤੋਂ ਸਾਬਕਾ ਵਿਧਾਇਕ ਰਾਜਬੀਰ ਸਿੰਘ ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ, ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ, ਜੱਥੇਦਾਰ ਅਮਰੀਕ ਸਿੰਘ ਮਲਕਪੁਰ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਮਲਕਪੁਰ, ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ, ਭਾਰਤੀ ਕਿਸਾਨ ਲੱਖੋਵਾਲ ਦੇ ਅਗਜੈਕਟਿਵ ਮੈਂਬਰ ਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ , ਸੁਰਿੰਦਰ ਸਿੰਘ ਧਰਮਗੜ੍ਹ, ਕਰਨੈਲ ਸਿੰਘ ਹਮਾਂਯੂਪੁਰ,ਕੁਲਦੀਪ ਸਿੰਘ ਹਮਾਯੂੰਪੁਰ, ਸਮੇਤ ਇਲਾਕੇ ਦੇ ਵੱਡੀ ਗਿਣਤੀ ਪੰਚ-ਸਰਪੰਚ ਤੇ ਮੋਹਤਬਰ ਹਾਜ਼ਰ ਸਨ।