ਜਗਰਾਉਂ 'ਚ ਸਿਆਸੀ ਸਿਹਰਾ ਲੈਣ ਦੀ ਹੋੜ: ਨਗਰ ਕੌਂਸਲ ਨੇ ਜਿਸ ਸੜਕ ਦਾ ਕੀਤਾ ਉਦਘਾਟਨ, ਉਹ ਨਿਕਲੀ PWD ਦੀ
ਤੱਥਾਂ ਨੇ ਖੋਲ੍ਹੀ ਸਿਆਸੀ ਦਾਅਵਿਆਂ ਦੀ ਪਰਤ
ਜਗਰਾਉਂ (ਦੀਪਕ ਜੈਨ):
ਜਗਰਾਉਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸੀ ਦਾਅਵਿਆਂ ਦੀ ਇਕ ਹੋਰ ਮਿਸਾਲ ਉਸ ਵੇਲੇ ਸਾਹਮਣੇ ਆਈ, ਜਦੋਂ ਨਗਰ ਕੌਂਸਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਕਵਰਪਾਲ ਸਿੰਘ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਰੇਲਵੇ ਓਵਰ ਬ੍ਰਿਜ ਹੇਠਾਂ ਲਿੰਕ ਰੋਡ ਨੂੰ ਜੋੜਨ ਵਾਲੀ ਸੜਕ ਦਾ ਟੱਕ ਲਗਾ ਕੇ ਉਦਘਾਟਨ ਕੀਤਾ ਗਿਆ।
ਹਾਲਾਂਕਿ ਬਾਅਦ ਵਿੱਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਸੜਕ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੀ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਪੀਡਬਲਯੂਡੀ (ਪਬਲਿਕ ਵਰਕਸ ਡਿਪਾਰਟਮੈਂਟ) ਦੇ ਅਧੀਨ ਹੈ ਅਤੇ ਇਸ ਦੀ ਉਸਾਰੀ ਲਈ ਵਿਭਾਗ ਵੱਲੋਂ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਮਾਮਲੇ ’ਤੇ ਜਦੋਂ ਪੀਡਬਲਯੂਡੀ ਦੇ ਜੂਨੀਅਰ ਇੰਜੀਨੀਅਰ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਫ਼ ਕੀਤਾ ਕਿ ਉਕਤ ਸੜਕ ਦੀ ਉਸਾਰੀ ਪੀਡਬਲਯੂਡੀ ਵੱਲੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਹਿਕਮਾ ਜਲਦ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦੇਵੇਗਾ।
ਦੂਜੇ ਪਾਸੇ, ਜਦੋਂ ਇਸ ਸਬੰਧ ਵਿੱਚ ਨਗਰ ਕੌਂਸਲ ਜਗਰਾਉਂ ਦੇ ਕਾਰਜਕਾਰੀ ਪ੍ਰਧਾਨ ਕਵਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਸਬੰਧੀ ਕੰਮ ਉਨ੍ਹਾਂ ਦੀ ਪ੍ਰਧਾਨਗੀ ਸੰਭਾਲਣ ਤੋਂ ਪਹਿਲਾਂ ਹੀ ਪਾਸ ਹੋ ਚੁੱਕਾ ਸੀ। ਪਰ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਨਗਰ ਕੌਂਸਲ ਨੂੰ ਇਸ ਸੜਕ ਦੀ ਉਸਾਰੀ ਕਰਨ ਦਾ ਅਧਿਕਾਰ ਹੈ, ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਜਤਾਈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ, ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕਵਰਪਾਲ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਮੁਹਤਬਰ ਲੋਕਾਂ ਦੀ ਮੌਜੂਦਗੀ ਵਿੱਚ ਇਸ ਸੜਕ ਲਈ ਟੱਕ ਲਗਾਇਆ ਗਿਆ ਸੀ ਅਤੇ ਲੱਡੂ ਵੰਡ ਕੇ ਇਸਨੂੰ ਵਿਕਾਸ ਦੀ ਵੱਡੀ ਉਪਲਬਧੀ ਵਜੋਂ ਦਰਸਾਇਆ ਗਿਆ।
ਇਸ ਪੂਰੇ ਮਾਮਲੇ ਨੇ ਇਕ ਵਾਰ ਫਿਰ ਸਿਆਸੀ ਆਗੂਆਂ ਵੱਲੋਂ ਵਿਕਾਸ ਕਾਰਜਾਂ ਦਾ ਸ੍ਰੇਯ ਲੈਣ ਦੀ ਹੋੜ ’ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਜਦੋਂ ਸੜਕ ਪੀਡਬਲਯੂਡੀ ਦੇ ਅਧੀਨ ਹੈ ਤਾਂ ਨਗਰ ਕੌਂਸਲ ਵੱਲੋਂ ਉਦਘਾਟਨ ਕਰਨ ਦੀ ਜਲਦਬਾਜ਼ੀ ਕਿਉਂ ਦਿਖਾਈ ਗਈ।