ਖੰਨਾ: ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਸੜਕ ਹਾਦਸਾ
ਰਵਿੰਦਰ ਢਿੱਲੋਂ
ਖੰਨਾ, 31 ਦਸੰਬਰ 2025- ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਸੰਘਣੀ ਧੁੰਦ ਅਤੇ ਕੋਹਰਾ ਛਾਇਆ ਹੋਇਆ ਹੈ, ਜਿਸ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਇਸੇ ਧੁੰਦ ਕਾਰਨ ਅੱਜ ਸਵੇਰੇ ਦੋਰਾਹਾ ਵਿਖੇ ਰਾਸ਼ਟਰੀ ਰਾਜਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ, ਇੱਕ ਕਾਰ ਸੰਘਣੀ ਧੁੰਦ ਕਾਰਨ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਦੱਸਿਆ ਗਿਆ ਹੈ ਕਿ ਕਾਰ ਵਿੱਚ ਸਵਾਰ ਚਾਰੇ ਵਿਅਕਤੀ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਆਪਣੇ ਇੱਕ ਰਿਸ਼ਤੇਦਾਰ ਨੂੰ ਛੱਡਣ ਦਿੱਲੀ ਗਏ ਹੋਏ ਸਨ, ਜੋ ਹਾਲ ਹੀ ਵਿੱਚ ਦੁਬਈ ਗਿਆ ਹੈ। ਦਿੱਲੀ ਤੋਂ ਵਾਪਸੀ ਦੌਰਾਨ ਸਵੇਰੇ ਦੋਰਾਹਾ ਇਲਾਕੇ ਵਿੱਚ ਨਹਿਰ ਦੇ ਪੁਲ ਨੇੜੇ ਅਚਾਨਕ ਸੰਘਣੀ ਧੁੰਦ ਛਾ ਗਈ।
ਧੁੰਦ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਨੂੰ ਅੱਗੇ ਕੁਝ ਵੀ ਨਜ਼ਰ ਨਹੀਂ ਆਇਆ ਅਤੇ ਕਾਰ ਦਾ ਸੰਤੁਲਨ ਬਿਗੜ ਗਿਆ। ਟੱਕਰ ਇੰਨੀ ਤੇਜ਼ ਸੀ ਕਿ ਕਾਰ ਪਲਟ ਗਈ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ।
ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਕਾਰ ਵਿੱਚ ਫਸੇ ਚਾਰਾਂ ਲੋਕਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਾਹਨੇਵਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਲੋਕਾਂ ਦੀ ਮਦਦ ਨਾਲ ਬਿਨਾਂ ਦੇਰੀ ਕੀਤੇ ਪਲਟੀ ਹੋਈ ਕਾਰ ਨੂੰ ਸੜਕ ਤੋਂ ਹਟਾ ਦਿੱਤਾ, ਤਾਂ ਜੋ ਹੋਰ ਕੋਈ ਵੱਡਾ ਹਾਦਸਾ ਨਾ ਵਾਪਰੇ।
ਸੜਕ ਸੁਰੱਖਿਆ ਫੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਕੇਵਲ ਸਿੰਘ ਅਤੇ ਬਹਾਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।
ਸਬੰਧਤ ਪੁਲਿਸ ਥਾਣੇ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਦੌਰਾਨ ਵਾਹਨ ਹੌਲੀ ਰਫ਼ਤਾਰ ਨਾਲ ਚਲਾਏ ਜਾਣ ਅਤੇ ਪੂਰੀ ਸਾਵਧਾਨੀ ਵਰਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।