ਖਾਲਸਾ ਏਡ ਦੇ ਯਤਨਾਂ ਸਦਕਾ ਲੇਬਨਾਨ ’ਚ ਫਸੇ 5 ਪੰਜਾਬੀ ਨੌਜਵਾਨ ਸੁਰੱਖਿਅਤ ਵਤਨ ਪਰਤੇ
ਅਮਰੀਕਾ-ਈਰਾਨ ਤਣਾਅ ਕਾਰਨ ਫਸੇ ਨੌਜਵਾਨਾਂ ਦੀ ਵਾਪਸੀ ਲਈ ਭਾਰਤੀ ਦੂਤਾਵਾਸ ਤੇ ਤਰਨਜੀਤ ਸੰਧੂ ਨੇ ਨਿਭਾਈ ਅਹਿਮ ਭੂਮਿਕਾ
ਮਨਪ੍ਰੀਤ ਸਿੰਘ/ ਬਾਬੂਸ਼ਾਹੀ ਬਿਊਰੋ
17 ਜੂਨ
ਲੇਬਨਾਨ ਵਿੱਚ ਚੱਲ ਰਹੇ ਤਣਾਅਪੂਰਨ ਹਾਲਾਤਾਂ ਦੌਰਾਨ ਫਸੇ ਪੰਜਾਬ ਦੇ ਪੰਜ ਨੌਜਵਾਨ ਖਾਲਸਾ ਏਡ ਦੇ ਲਗਾਤਾਰ ਯਤਨਾਂ ਨਾਲ ਸੁਰੱਖਿਅਤ ਭਾਰਤ ਪਰਤ ਆਏ ਹਨ। ਸੰਕਟ ਦੀ ਇਸ ਘੜੀ ਵਿੱਚ ਖਾਲਸਾ ਏਡ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਰਾ ਬਣਦਿਆਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਜਲੰਧਰ ਪ੍ਰੈੱਸ ਕਲੱਬ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਖਾਲਸਾ ਏਡ (ਭਾਰਤ) ਦੇ ਟਰੱਸਟੀ ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਅਮਰੀਕਾ-ਈਰਾਨ ਤਣਾਅ ਕਾਰਨ ਲੇਬਨਾਨ ਵਿੱਚ ਹਾਲਾਤ ਲਗਾਤਾਰ ਖਰਾਬ ਹੋ ਰਹੇ ਸਨ। ਇਸ ਕਾਰਨ ਕਈ ਵਿਦੇਸ਼ੀ ਨਾਗਰਿਕਾਂ ਵਾਂਗ ਪੰਜਾਬ ਦੇ ਇਹ ਨੌਜਵਾਨ ਵੀ ਉੱਥੇ ਫਸ ਗਏ ਸਨ ਅਤੇ ਲੰਬੇ ਸਮੇਂ ਤੋਂ ਆਪਣੇ ਘਰ ਵਾਪਸੀ ਦੀ ਉਡੀਕ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਲੇਬਨਾਨ ਵਿੱਚ ਮਨੁੱਖਤਾ ਸੇਵਾ ਅਤੇ ਰਾਹਤ ਕਾਰਜਾਂ ਦੌਰਾਨ ਬੇਰੂਤ ਸਥਿਤ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਮਿਲੇ। ਗੱਲਬਾਤ ਦੌਰਾਨ ਨੌਜਵਾਨਾਂ ਨੇ ਆਪਣੇ ਵਤਨ ਪਰਤਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਖਾਲਸਾ ਏਡ ਨੇ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਉਠਾਇਆ।
ਜਸਪ੍ਰੀਤ ਸਿੰਘ ਦਾਹੀਆ ਅਨੁਸਾਰ, ਸਰਦਾਰ ਰਵੀ ਸਿੰਘ ਤੋਂ ਜਾਣਕਾਰੀ ਮਿਲਣ ਮਗਰੋਂ ਤੁਰੰਤ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੌਜੂਦਾ ਸਮੇਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਅਤੇ ਬੇਰੂਤ ਸਥਿਤ ਭਾਰਤੀ ਦੂਤਾਵਾਸ ਨਾਲ ਲੋੜੀਂਦਾ ਤਾਲਮੇਲ ਕਾਇਮ ਕੀਤਾ ਗਿਆ। ਸਾਰੀਆਂ ਜ਼ਰੂਰੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਪੰਜਾਂ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਸੰਭਵ ਹੋ ਸਕੀ।
ਵਤਨ ਪਰਤਣ ਤੋਂ ਬਾਅਦ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਲਸਾ ਏਡ, ਸਰਦਾਰ ਰਵੀ ਸਿੰਘ, ਜਸਪ੍ਰੀਤ ਸਿੰਘ ਦਾਹੀਆ, ਭਾਰਤੀ ਦੂਤਾਵਾਸ ਅਤੇ ਤਰਨਜੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ। ਨੌਜਵਾਨਾਂ ਨੇ ਦੱਸਿਆ ਕਿ ਲੇਬਨਾਨ ਦੇ ਤਣਾਅਪੂਰਨ ਹਾਲਾਤਾਂ ਕਾਰਨ ਉਹ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸਨ ਅਤੇ ਘਰ ਵਾਪਸੀ ਦੀ ਉਮੀਦ ਵੀ ਧੁੰਦਲੀ ਪੈ ਰਹੀ ਸੀ। ਉਨ੍ਹਾਂ ਕਿਹਾ ਕਿ ਖਾਲਸਾ ਏਡ ਵੱਲੋਂ ਹਰ ਪੱਧਰ ’ਤੇ ਦਿੱਤੇ ਸਹਿਯੋਗ ਨੇ ਉਨ੍ਹਾਂ ਦਾ ਹੌਸਲਾ ਬਣਾਈ ਰੱਖਿਆ।
ਜਸਪ੍ਰੀਤ ਸਿੰਘ ਦਾਹੀਆ ਨੇ ਕਿਹਾ ਕਿ ਖਾਲਸਾ ਏਡ ਦਾ ਮਿਸ਼ਨ ਕੇਵਲ ਰਾਹਤ ਸਮੱਗਰੀ ਪਹੁੰਚਾਉਣਾ ਨਹੀਂ, ਸਗੋਂ ਸੰਕਟ ਵਿੱਚ ਫਸੇ ਲੋਕਾਂ ਨੂੰ ਸੁਰੱਖਿਆ, ਸਨਮਾਨ ਅਤੇ ਨਵੀਂ ਉਮੀਦ ਦੇਣਾ ਵੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਅੱਜ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿੱਚ ਕੁਦਰਤੀ ਆਫ਼ਤਾਂ, ਜੰਗੀ ਹਾਲਾਤਾਂ, ਹੜ੍ਹਾਂ ਅਤੇ ਭੂਚਾਲ ਵਰਗੇ ਸੰਕਟਾਂ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸੇਵਾ ਕਾਰਜਾਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਪੱਕੇ ਮਕਾਨਾਂ ਦੀ ਉਸਾਰੀ, ਖੇਤੀਬਾੜੀ ਸਹਾਇਤਾ ਅਤੇ ਹੜ੍ਹ ਰੋਕੂ ਸਥਾਈ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਲੰਬੇ ਸਮੇਂ ਲਈ ਸਹਾਰਾ ਮਿਲ ਸਕੇ।
ਸੁਰੱਖਿਅਤ ਵਤਨ ਪਰਤੇ ਨੌਜਵਾਨਾਂ ਵਿੱਚ ਕਰਮ ਸਿੰਘ (ਪਟਿਆਲਾ), ਦਲਵੀਰ ਸਿੰਘ (ਜਲੰਧਰ), ਹਰਜਿੰਦਰ ਕੁਮਾਰ (ਜਲੰਧਰ), ਜਸਪ੍ਰੀਤ ਸਿੰਘ (ਪਟਿਆਲਾ) ਅਤੇ ਵਿਚਿੱਤਰ ਸਿੰਘ (ਹੁਸ਼ਿਆਰਪੁਰ) ਸ਼ਾਮਲ ਹਨ।
- Download Babushahi App
-
-