ਉਸ ਵੀਡੀਓ 'ਚ ਮੈਂ ਹੈ ਹੀ ਨਹੀਂ..! CM ਮਾਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ 'ਤੇ ਪਹਿਲਾ ਵੱਡਾ ਬਿਆਨ (ਵੇਖੋ ਵੀਡੀਓ)
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਦਾ ਹੈ, ਪਰ ਉੱਥੇ ਬੈਠੀਆਂ ਸਿਆਸੀ ਨਿਯੁਕਤੀਆਂ ਦੇ ਫੈਸਲਿਆਂ ਨੂੰ ਸੰਗਤ ਭਲੀਭਾਂਤ ਜਾਣਦੀ ਹੈ: ਮੁੱਖ ਮੰਤਰੀ
ਮੈਂ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀ ਅਤੇ ਬਾਣੀ ਦੀ ਰਾਖੀ ਲਈ ਫੈਸਲੇ ਲਏ, ਜੋ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੇ
2 ਦਸੰਬਰ ਨੂੰ ਬੇਅਦਬੀਆਂ ਤੇ ਗੋਲੀਕਾਂਡ ਮੰਨਣ ਵਾਲਿਆਂ ਖ਼ਿਲਾਫ਼ ਕੋਈ ਫੈਸਲਾ ਨਹੀਂ, ਸਿਰਫ਼ ਮੈਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਧਰਮ: CM ਮਾਨ
ਚੰਡੀਗੜ੍ਹ, 16 ਜੂਨ 2026- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਤੇ ਕੱਲ੍ਹ ਸੁਣਾਏ ਗਏ ਸਖ਼ਤ ਹੁਕਮਨਾਮੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਗਿਆ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਪੂਰੇ ਮਾਮਲੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਆਪਣੇ ਖ਼ਿਲਾਫ਼ ਇੱਕ ਸਿਆਸੀ ਸਾਜ਼ਿਸ਼ ਅਤੇ ਕੂੜ ਪ੍ਰਚਾਰ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਵਿੱਚ ਕਿਹਾ, "ਪਿਛਲੇ ਦਿਨੀਂ ਸਿੰਘ ਸਾਹਿਬ ਵੱਲੋਂ ਇੱਕ ਵੀਡੀਓ ਨੂੰ ਲੈ ਕੇ ਮੇਰੇ ਪ੍ਰਤੀ ਕੁਝ ਹੁਕਮਨਾਮੇ ਜਾਰੀ ਕੀਤੇ ਗਏ ਹਨ। ਮੈਂ ਪਹਿਲਾਂ ਵੀ ਜਦੋਂ ਅਕਾਲ ਤਖ਼ਤ ਸਾਹਿਬ ਗਿਆ ਸੀ, ਉਦੋਂ ਵੀ ਸਪਸ਼ਟ ਕਰਕੇ ਆਇਆ ਸੀ ਕਿ ਉਸ ਵੀਡੀਓ ਵਿੱਚ ਮੈਂ ਹੈ ਹੀ ਨਹੀਂ। ਜਿਹੜਾ ਵਿਅਕਤੀ ਉਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ, ਨਾ ਤਾਂ ਮੇਰਾ ਚਿਹਰਾ-ਮੋਹਰਾ ਉਸ ਨਾਲ ਮਿਲਦਾ ਹੈ ਅਤੇ ਨਾ ਹੀ ਮੇਰੀ ਸਰੀਰਕ ਬਣਤਰ ਉਸ ਵਰਗੀ ਹੈ।" ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਧਰਮ ਦੇ ਐਡੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੈਨੂੰ ਬਦਨਾਮ ਕਰਨ ਲਈ ਅਜਿਹਾ ਝੂਠਾ ਪ੍ਰੋਪੋਗੰਡਾ ਕਰ ਰਹੇ ਹਨ।
ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਅਕੀਦਤ ਪ੍ਰਗਟ ਕਰਦੇ ਹੋਏ ਕਿਹਾ, "ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦਾ ਹਾਂ, ਮੇਰਾ ਸਿਰ ਉੱਥੇ ਝੁਕਦਾ ਹੈ। ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਗੱਲ ਤਾਂ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਪਰ ਉੱਥੇ ਜੋ ਸਿਆਸੀ ਨਿਯੁਕਤੀਆਂ (Political Appointments) ਹੋਈਆਂ ਹਨ, ਉਹ ਕਿਸ ਤਰ੍ਹਾਂ ਦੇ ਫੈਸਲੇ ਕਰਦੀਆਂ ਹਨ, ਇਸ ਗੱਲ ਨੂੰ ਸਿੱਖ ਸੰਗਤ ਭਲੀਭਾਂਤ ਜਾਣਦੀ ਹੈ।"
ਮੁੱਖ ਮੰਤਰੀ ਨੇ ਵਿਰੋਧੀਆਂ ਅਤੇ ਪ੍ਰਬੰਧਕਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਇਹੀ ਪ੍ਰਬੰਧਕ (ਚਾਹੇ SGPC ਦੇ ਹੋਣ ਜਾਂ ਅਕਾਲ ਤਖ਼ਤ ਸਾਹਿਬ ਦੇ) ਕਹਿੰਦੇ ਸਨ ਕਿ ਸਰਕਾਰ ਬੇਅਦਬੀ ਦੇ ਵਿਰੁੱਧ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਉਂਦੀ। ਪਰ ਜਦੋਂ ਸਾਡੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ, ਤਾਂ ਹੁਣ ਇਹ ਕਹਿ ਰਹੇ ਹਨ ਕਿ ਸਾਨੂੰ ਪੁੱਛੇ ਬਿਨਾਂ ਕਿਉਂ ਬਣਾਇਆ, ਅਸੀਂ ਇਸ ਨੂੰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਮੇਰੀ ਰੋਮ-роਮ ਅਤੇ ਦਿਲ ਦੀ ਧੜਕਣ ਵਿੱਚ ਪੰਜਾਬ ਵੱਸਦਾ ਹੈ। ਮੈਂ ਪੰਜਾਬ ਦੇ ਪਾਣੀਆਂ, ਕਿਸਾਨੀ, ਜਵਾਨੀ ਅਤੇ ਗੁਰੂ ਸਾਹਿਬ ਦੀ ਬਾਣੀ ਦੀ ਰਾਖੀ ਲਈ ਵੱਡੇ ਫੈਸਲੇ ਲਏ ਹਨ, ਜੋ ਇਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਹੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ 'ਤੇ ਸਿੱਧਾ ਹਮਲਾ ਕਰਦਿਆਂ CM ਮਾਨ ਨੇ ਕਿਹਾ ਕਿ ਗੁਰੂ ਨਾਨਕ ਲੇਵਾ ਸੰਗਤ ਸਭ ਜਾਣਦੀ ਹੈ ਕਿ ਇੱਥੇ ਕਿਵੇਂ ਫੈਸਲੇ ਬਦਲੇ ਜਾਂਦੇ ਹਨ। ਕਿਵੇਂ ਕਿਸੇ ਨੂੰ ਬਿਨਾਂ ਮਾਫ਼ੀ ਮੰਗੇ ਮਾਫ਼ ਕਰ ਦਿੱਤਾ ਜਾਂਦਾ ਹੈ ਅਤੇ ਕਿਵੇਂ ਮਾਫ਼ੀ ਕੈਂਸਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, "ਜਿਹੜੇ ਲੋਕ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਖੁਦ ਮੰਨ ਗਏ ਕਿ ਉਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਗੋਲੀਆਂ ਚਲਵਾਈਆਂ ਅਤੇ ਦੋਸ਼ੀ ਅਫ਼ਸਰਾਂ ਨੂੰ ਨਿਯੁਕਤੀਆਂ ਤੇ ਟਿਕਟਾਂ ਦਿੱਤੀਆਂ, ਪਰ ਤੀਜੇ-ਚੌਥੇ ਦਿਨ ਆਪਣੇ ਬਿਆਨ ਤੋਂ ਮੁੱਕਰ ਗਏ; ਉਨ੍ਹਾਂ ਪ੍ਰਤੀ ਕੋਈ ਫੈਸਲਾ ਲੈਣ ਦਾ ਇਰਾਦਾ ਨਹੀਂ ਦਿਖਾਇਆ ਜਾ ਰਿਹਾ। ਸਿਰਫ਼ ਮੇਰੇ ਖ਼ਿਲਾਫ਼ ਹੀ ਹੱਥਕੰਡੇ ਵਰਤੇ ਜਾ ਰਹੇ ਹਨ।"
ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਨਾਨਕ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੋਝੀਆਂ ਚਾਲਾਂ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਆਖਰੀ ਫੈਸਲਾ ਸੰਗਤ ਹੀ ਕਰੇਗੀ ਅਤੇ ਜਿੰਨਾ ਚਿਰ ਜਨਤਾ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਉਹ ਪੰਜਾਬ ਦੇ ਹੱਕ ਵਿੱਚ ਬਿਨਾਂ ਡਰੇ ਫੈਸਲੇ ਲੈਂਦੇ ਰਹਿਣਗੇ।
- Download Babushahi App
-
-