"ਮਿਸ਼ਨ ਕਲੀਨ ਪੰਜਾਬ": ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਜੋਤ ਬੈਂਸ ਵੱਲੋਂ ਅੱਧੀ ਰਾਤ ਨੂੰ ਸਫਾਈ ਮੁਹਿੰਮ ਦਾ ਨਿਰੀਖਣ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 16 ਜੂਨ 2026: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ (Local Government Minister) ਹਰਜੋਤ ਸਿੰਘ ਬੈਂਸ ਨੇ 'ਮਿਸ਼ਨ ਕਲੀਨ ਪੰਜਾਬ' (Mission Clean Punjab) ਤਹਿਤ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੀ ਸਫਾਈ ਮੁਹਿੰਮ ਦਾ ਦੇਰ ਰਾਤ ਜਾਇਜ਼ਾ ਲਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਿਰਫ਼ ਇੱਕ ਆਮ ਸ਼ਹਿਰ ਨਹੀਂ, ਸਗੋਂ ਵਿਸ਼ਵ ਭਰ ਦੇ ਲੋਕਾਂ ਲਈ ਅਧਿਆਤਮਿਕਤਾ ਅਤੇ ਸ਼ਰਧਾ ਦਾ ਇੱਕ ਮਹਾਨ ਕੇਂਦਰ ਹੈ। ਇਸ ਦੀ ਪਵਿੱਤਰਤਾ, ਸੁੰਦਰਤਾ ਅਤੇ ਸਫ਼ਾਈ ਨੂੰ ਬਰਕਰਾਰ ਰੱਖਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ।
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਫ਼ਾਈ ਦੀ ਕਾਰਵਾਈ ਨੂੰ ਸਿਰਫ਼ ਦਿਨ ਦੇ ਸਮੇਂ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਇਸ ਨੂੰ ਰਾਤ ਦੇ ਸ਼ਿਫਟ ਵਿੱਚ ਵੀ ਪੂਰੀ ਤਾਕਤ ਨਾਲ ਲਾਗੂ ਕੀਤਾ ਗਿਆ ਹੈ।
ਨਗਰ ਨਿਗਮ ਅਤੇ ਸਫਾਈ ਸੇਵਕਾਂ ਦੀਆਂ ਵਿਸ਼ੇਸ਼ ਟੀਮਾਂ ਰਾਤ 10 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 2 ਵਜੇ ਤੱਕ ਸੜਕਾਂ, ਗਲੀਆਂ ਅਤੇ ਗੁਰੂ ਘਰ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਚਮਕਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।
ਹਰਜੋਤ ਬੈਂਸ ਨੇ ਖ਼ੁਦ ਅੱਧੀ ਰਾਤ ਨੂੰ ਗਰਾਊਂਡ ਜ਼ੀਰੋ 'ਤੇ ਪਹੁੰਚ ਕੇ ਕੰਮ ਦੀ ਗੁਣਵੱਤਾ ਦੇਖੀ ਅਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ 'ਮਿਸ਼ਨ ਕਲੀਨ ਪੰਜਾਬ' ਇੱਕ ਤਕਨਾਲੋਜੀ-ਅਧਾਰਿਤ ਅਤੇ ਜਵਾਬਦੇਹ ਮੁਹਿੰਮ ਹੈ।
ਕੈਬਨਿਟ ਮੰਤਰੀ ਨੇ ਆਪਣਾ ਪੱਕਾ ਸੰਕਲਪ ਦੁਹਰਾਉਂਦੇ ਹੋਏ ਕਿਹਾ ਕਿ "ਮਿਸ਼ਨ ਕਲੀਨ ਪੰਜਾਬ" ਸਿਰਫ਼ ਇੱਕ ਦਿਨ ਦਾ ਕੋਈ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਗੰਦਗੀ ਦੇ ਖ਼ਿਲਾਫ਼ ਇੱਕ ਨਿਰੰਤਰ ਜੰਗ ਹੈ। ਚਾਹੇ ਕੋਈ ਵੀ ਚੁਣੌਤੀ ਆਵੇ, ਸਰਕਾਰ ਪੰਜਾਬ ਦੇ ਹਰ ਇੱਕ ਸ਼ਹਿਰ ਅਤੇ ਕਸਬੇ ਨੂੰ ਪੂਰੀ ਤਰ੍ਹਾਂ ਸਾਫ਼, ਸੁਥਰਾ, ਸੁੰਦਰ ਅਤੇ ਵਿਕਸਤ ਬਣਾ ਕੇ ਹੀ ਦਮ ਲਵੇਗੀ।
- Download Babushahi App
-
-