SGPC ਪ੍ਰਧਾਨ ਤਾਂ ਸ਼ਰੇਆਮ ਅਕਾਲੀ ਦਲ ਦੇ ਪ੍ਰਚਾਰਕ ਬਣੇ, ਹੁਣ ਬਾਦਲ ਨੂੰ ਵੋਟਾਂ ਪਾਉਣ ਦਾ ਹੁਕਮਨਾਮਾ ਆਉਣਾ ਹੀ ਬਾਕੀ- CM ਮਾਨ ਦਾ ਵੱਡਾ ਹਮਲਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ 'ਤੇ ਤਿੱਖਾ ਸਿਆਸੀ ਨਿਸ਼ਾਨਾ
"ਬੱਸ ਹੁਣ ਜਥੇਦਾਰ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਕਰਵਾਉਣਾ ਬਾਕੀ ਹੈ ਕਿ ਵੋਟਾਂ ਸੁਖਬੀਰ ਬਾਦਲ ਨੂੰ ਪਾਓ, ਨਹੀਂ ਤਾਂ ਪੰਥ ਖ਼ਤਰੇ 'ਚ ਹੈ"
ਚੋਣਾਂ ਦੇ ਮਾਹੌਲ ਦਰਮਿਆਨ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਗਰਮਾਈ
ਚੰਡੀਗੜ੍ਹ, 16 ਜੂਨ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਅਤੇ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਇੱਕ ਵਾਰ ਫਿਰ ਵੱਡਾ ਸਿਆਸੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਮਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਐਸ.ਜੀ.ਪੀ.ਸੀ. ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਅਤੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਸਮੇਂ ਇੱਕ ਨਿਰਪੱਖ ਧਾਰਮਿਕ ਸੰਸਥਾ ਦੇ ਮੁਖੀ ਵਜੋਂ ਨਹੀਂ, ਬਲਕਿ ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰਕ ਵਜੋਂ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਤਨਜ਼ ਕਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦੇ ਪੱਖ ਵਿੱਚ ਪ੍ਰਚਾਰ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਬੱਸ ਹੁਣ ਆਪਣੇ ਜਥੇਦਾਰ ਸਾਹਿਬ ਤੋਂ ਇੱਕ ਰਸਮੀ ਹੁਕਮਨਾਮਾ ਜਾਰੀ ਕਰਵਾਉਣਾ ਹੀ ਬਾਕੀ ਰਹਿ ਗਿਆ ਹੈ। ਮਾਨ ਨੇ ਕਿਹਾ, "ਹੁਣ ਤਾਂ ਬੱਸ ਇਹ ਹੁਕਮਨਾਮਾ ਆਉਣਾ ਬਾਕੀ ਹੈ ਕਿ ਵੋਟਾਂ ਸੁਖਬੀਰ ਸਿੰਘ ਬਾਦਲ ਨੂੰ ਪਾਓ, ਨਹੀਂ ਤਾਂ ਪੰਥ ਖ਼ਤਰੇ ਵਿੱਚ ਹੈ।" ਉਨ੍ਹਾਂ ਖ਼ਦਸ਼ਾ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਸੇ ਵੀ ਸਮੇਂ ਅਜਿਹਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਵੀ ਕਈ ਵਾਰ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਆਪਸੀ ਸਬੰਧਾਂ ਨੂੰ ਲੈ ਕੇ ਘੇਰਿਆ ਜਾਂਦਾ ਰਿਹਾ ਹੈ। ਚੋਣਾਂ ਦੇ ਇਸ ਗਰਮਾ-ਗਰਮ ਮਾਹੌਲ ਵਿੱਚ ਮੁੱਖ ਮੰਤਰੀ ਵੱਲੋਂ ਸਿੱਧੇ ਤੌਰ 'ਤੇ ਹੁਕਮਨਾਮੇ ਅਤੇ 'ਪੰਥ ਖ਼ਤਰੇ ਵਿੱਚ ਹੈ' ਵਰਗੇ ਸੰਵੇਦਨਸ਼ੀਲ ਮੁਦਿਆਂ ਨੂੰ ਲੈ ਕੇ ਕੀਤਾ ਗਿਆ ਇਹ ਕਟਾਖਸ਼ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਗਿਆ ਹੈ। ਫਿਲਹਾਲ ਮੁੱਖ ਮੰਤਰੀ ਦੇ ਇਸ ਤਿੱਖੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵੱਲੋਂ ਕੋਈ ਪਲਟਵਾਰ ਸਾਹਮਣੇ ਨਹੀਂ ਆਇਆ ਹੈ।
- Download Babushahi App
-
-