ਉਸਕੋ ਭੀ ਅਪਨੇ ਖੁਦਾ ਹੋਨੇ ਪੇ ਇਤਨਾ ਹੀ ਯਕੀਂ ਥਾ
-ਗੁਰਮੀਤ ਸਿੰਘ ਪਲਾਹੀ
ਪਿਛਲੇ ਦਿਨੀਂ ਕੇਂਦਰ ਦੀ ਸੱਤਾ ’ਤੇ ਕਾਬਜ਼ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ’ਤੇ ਦੇਸ਼ ਭਰ ਵਿੱਚ ਮੋਦੀ ਭਗਤਾਂ, ਕਾਰਪੋਰੇਟ ਘਰਾਣਿਆਂ ਅਤੇ ਸਰਕਾਰੀ ਖੁਸ਼ਾਮਦੀਆਂ ਵੱਲੋਂ ਬੜੀ ਧੂਮ-ਧਾਮ ਨਾਲ ਜਸ਼ਨ ਮਨਾਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਏ ਗਏ ਅਤੇ ਉਨ੍ਹਾਂ ਨੂੰ ਅਜੋਕੇ ਭਾਰਤ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਗਿਆ। ਚਾਪਲੂਸੀ ਅਤੇ ਖੁਸ਼ਾਮਦ ਦਾ ਇਹ ਆਲਮ ਦੇਖ ਕੇ ਸਿਆਸੀ ਮਾਹਰਾਂ ਨੂੰ ਵੀ ਹੈਰਾਨੀ ਹੋਈ, ਕਿਉਂਕਿ ਅਜਿਹੀ ਪੂਜਾ ਅਤੇ ਜਸ਼ਨ ਤਾਂ ਭਾਰਤੀ ਇਤਿਹਾਸ ਵਿੱਚ ਆਪਣੇ ਲੰਬੇ ਕਾਰਜਕਾਲ ਦੌਰਾਨ ਲੋਕਤੰਤਰ ਨੂੰ ਛਿੱਕੇ ਟੰਗ ਕੇ ਐਮਰਜੈਂਸੀ (ਆਪਾਤਕਾਲ) ਲਗਾਉਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਨਹੀਂ ਕਰਵਾਏ ਸਨ। ਜਦੋਂ ਸੱਤਾ ਦੇ ਗਲਿਆਰਿਆਂ ਵਿੱਚ ਹਾਕਮਾਂ ਦੀ ਆਰਤੀ ਉਤਾਰੀ ਜਾਣ ਲੱਗੇ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਦੀ ਸਿਹਤ ਠੀਕ ਨਹੀਂ ਹੈ।
ਸਾਲ 2014 ਵਿੱਚ ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ‘ਅੱਛੇ ਦਿਨ’ ਅਤੇ ਵੱਡੇ ਬਦਲਾਅ ਦਾ ਵਾਅਦਾ ਕੀਤਾ ਸੀ। ਅੱਜ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਅੰਕੜੇ ਪੇਸ਼ ਕੀਤੇ ਜਾਂਦੇ ਹਨ-ਜਿਵੇਂ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧ ਕੇ 160 ਹੋ ਗਈ ਹੈ, ਐਕਸਪ੍ਰੈਸਵੇਅ 1000 ਕਿਲੋਮੀਟਰ ਤੋਂ ਵਧ ਕੇ 5700 ਕਿਲੋਮੀਟਰ ਤੱਕ ਫੈਲ ਗਏ ਹਨ, ਅਤੇ ਮੈਟਰੋ ਰੇਲ ਨੈੱਟਵਰਕ ਜੋ ਕਦੇ ਸਿਰਫ਼ 5 ਸ਼ਹਿਰਾਂ ਵਿੱਚ ਸੀ, ਅੱਜ 20 ਵੱਡੇ ਸ਼ਹਿਰਾਂ ਦੀ ਸ਼ਾਨ ਬਣ ਚੁੱਕਾ ਹੈ। ਪਰ ਇਸ ਚਮਕ-ਦਮਕ ਦੇ ਪਿੱਛੇ ਲੁਕੀ ਅਸਲ ਸੱਚਾਈ ਬੇਹੱਦ ਦਰਦਨਾਕ ਹੈ। ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਗਗਨਚੁੰਬੀ ਇਮਾਰਤਾਂ, ਮਹਿੰਗੇ ਐਕਸਪ੍ਰੈਸਵੇਅ ਅਤੇ ਹਵਾਈ ਅੱਡੇ ਦੇਸ਼ ਦੇ ਕਿਸ ਵਰਗ ਲਈ ਬਣਾਏ ਗਏ ਹਨ? ਕੀ ਦੇਸ਼ ਦਾ ਗਰੀਬ, ਮਜ਼ਦੂਰ ਅਤੇ ਮੱਧਮ ਵਰਗ ਇਨ੍ਹਾਂ ਮਹਿੰਗੀਆਂ ਸਹੂਲਤਾਂ ਦਾ ਆਨੰਦ ਲੈਣ ਦੇ ਸਮਰੱਥ ਹੈ?
ਹਕੀਕਤ ਇਹ ਹੈ ਕਿ ਇਸ ਚਮਕਦੀ ਤਸਵੀਰ ਦੇ ਓਹਲੇ ਦੇਸ਼ ਦਾ ਆਮ ਆਦਮੀ, ਮਜ਼ਦੂਰ ਅਤੇ ਕਿਸਾਨ ਅੱਜ ਵੀ ਬੇਹਾਲ ਬਸਤੀਆਂ, ਧੂੜ-ਮਿੱਟੀ ਅਤੇ ਗੰਦੇ ਪਾਣੀ ਨਾਲ ਨਰਕ ਬਣ ਚੁੱਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਸਕੂਲ ਰੱਦੀ ਹਨ, ਜਿੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਅਤੇ ਖਸਤਾਹਾਲ ਸਰਕਾਰੀ ਹਸਪਤਾਲ ਇਸ ਗੱਲ ਦਾ ਸਬੂਤ ਹਨ ਕਿ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਅੱਜ ਵੀ ਜ਼ੀਰੋ ਦੇ ਬਰਾਬਰ ਹਨ। ਕੋਰੋਨਾ ਕਾਲ ਦੇ ਉਸ ਭਿਆਨਕ ਦੌਰ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ, ਜਦੋਂ ਆਕਸੀਜਨ, ਬੈੱਡਾਂ ਅਤੇ ਇਲਾਜ ਦੀ ਘਾਟ ਕਾਰਨ ਲੱਖਾਂ ਲੋਕਾਂ ਨੇ ਦਮ ਤੋੜਿਆ ਅਤੇ ਸਭ ਤੋਂ ਵੱਧ ਮਾਰ ਇਸੇ ਗਰੀਬ ਜਨਤਾ ’ਤੇ ਪਈ ਸੀ। ਆਜ਼ਾਦੀ ਦੇ 70-77 ਸਾਲਾਂ ਬਾਅਦ ਵੀ ਆਮ ਇਨਸਾਨ ਲਈ ‘ਰੋਟੀ ਦੀ ਟੋਕਰੀ’ ਅਤੇ ਸਨਮਾਨਜਨਕ ਜ਼ਿੰਦਗੀ ਉਸ ਦੀ ਪਹੁੰਚ ਤੋਂ ਉਤਨੀ ਹੀ ਦੂਰ ਹੈ, ਜਿੰਨੀ ਪਹਿਲਾਂ ਸੀ। ਇਹ ਕਿਹੋ ਜਿਹਾ ਵਿਕਾਸ ਹੈ ਜੋ ਕਾਰਪੋਰੇਟਾਂ ਦੀਆਂ ਤਿਜੋਰੀਆਂ ਤਾਂ ਭਰਦਾ ਹੈ, ਪਰ ਗ਼ਰੀਬ ਦੀ ਥਾਲੀ ਵਿੱਚੋਂ ਰੋਟੀ ਖੋਹ ਲੈਂਦਾ ਹੈ?
ਦਰਅਸਲ, ਇਹ ਮਨਾਏ ਜਾ ਰਹੇ ਜਸ਼ਨ ਦੇਸ਼ ਦੇ ਅਸਲ ਵਿਕਾਸ ਦੇ ਨਹੀਂ, ਸਗੋਂ ਵਿਰੋਧੀ ਧਿਰਾਂ ਨੂੰ ਕੁਚਲਣ ਅਤੇ ਆਪਣੀ ਸਿਆਸੀ ਸਰਦਾਰੀ ਕਾਇਮ ਕਰਨ ਦੇ ਹਨ। ਪੱਛਮੀ ਬੰਗਾਲ ਵਿੱਚ ਮਮਤਾ ਬਨਰਜੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਅਜਿੱਤ ਕਿਲੇ ਨੂੰ ਢਾਹੁਣ ਲਈ ਸਰਕਾਰ ਨੇ ਸਾਮ, ਦਾਮ, ਡੰਡ, ਭੇਦ ਸਭ ਨੀਤੀਆਂ ਦਾ ਨੰਗਾ ਨਾਚ ਕੀਤਾ। ਵਿਧਾਨ ਸਭਾ ਚੋਣ ਉਪਰੰਤ ਟੀ.ਐੱਮ.ਸੀ. ਦੇ 20 ਸੰਸਦ ਮੈਂਬਰਾਂ ਨੂੰ ਬਾਗੀ ਕਰਵਾ ਕੇ ਤ੍ਰਿਪੁਰਾ ਦੀ ਖੇਤਰੀ ਪਾਰਟੀ ‘ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ’ ਵਿੱਚ ਸ਼ਾਮਲ ਕਰਵਾ ਦਿੱਤਾ ਗਿਆ। ਇਸ ਵੱਡੀ ਸਿਆਸੀ ਤੋੜ-ਭੰਨ੍ਹ ਦੇ ਪਿੱਛੇ ਇੱਕ ਬਹੁਤ ਹੀ ਗੰਭੀਰ ਅਤੇ ਖ਼ਤਰਨਾਕ ਚਾਲ ਲੁਕੀ ਹੋਈ ਹੈ। ਸਰਕਾਰ ਲੋਕ ਸਭਾ ਅਤੇ ਰਾਜ ਸਭਾ-ਦੋਵਾਂ ਸਦਨਾਂ ਵਿੱਚ ‘ਦੋ-ਤਿਹਾਈ ਬਹੁਮਤ’ ਹਾਸਲ ਕਰਨਾ ਚਾਹੁੰਦੀ ਹੈ। ਰਾਜ ਸਭਾ ਵਿੱਚ ਭਾਜਪਾ ਬਹੁਮਤ ਦੇ ਬੇਹੱਦ ਨਜ਼ਦੀਕ ਪਹੁੰਚ ਰਹੀ ਹੈ, ਜਿਸ ਤੋਂ ਬਾਅਦ ਦੇਸ਼ ਦੇ ਪਵਿੱਤਰ ਸੰਵਿਧਾਨ ਨੂੰ ਆਪਣੀ ਇੱਛਾ ਅਤੇ ‘ਹਿੰਦੂਤਵਵਾਦੀ ਨੀਤੀਆਂ’ ਅਨੁਸਾਰ ਬਦਲਣ ਜਾਂ ਨਵੇਂ ਸਿਰੇ ਤੋਂ ਲਿਖਣ ਦਾ ਰਸਤਾ ਸਾਫ਼ ਹੋ ਜਾਵੇਗਾ। ਇਹ ਕੋਸ਼ਿਸ਼ ਦੇਸ਼ ਦੇ ਬਹੁ-ਸੱਭਿਆਚਾਰਕ, ਧਰਮ-ਨਿਰਪੱਖ ਅਤੇ ਜਮਹੂਰੀ ਢਾਂਚੇ ਲਈ ਘਾਤਕ ਸਿੱਧ ਹੋ ਸਕਦੀ ਹੈ, ਜੋ ਦੇਸ਼ ਦੇ ਟੁਕੜੇ-ਟੁਕੜੇ ਕਰਨ ਦੀ ਸਮਰੱਥਾ ਰੱਖਦੀ ਹੈ।
ਕੀ ਦੂਜੀਆਂ ਪਾਰਟੀਆਂ ਵਿੱਚ ਅਜਿਹੀ ਫੁੱਟ ਪਾਉਣਾ ਅਤੇ ਜਨਾਦੇਸ਼ ਦਾ ਅਪਮਾਨ ਕਰਨਾ ਗ਼ੈਰ-ਲੋਕਤੰਤਰਿਕ ਨਹੀਂ ਹੈ? ਅੱਜ ਲੋਕਤੰਤਰ ਦੀ ਦੁਹਾਈ ਦੇਣ ਵਾਲੀ ਸਰਕਾਰ ਵਿਰੋਧੀਆਂ ਨੂੰ ਝੁਕਾਉਣ ਲਈ ਈ.ਡੀ., ਸੀ.ਬੀ.ਆਈ. ਅਤੇ ਇੱਥੋਂ ਤੱਕ ਕਿ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਸ਼ਰੇਆਮ ਅਤੇ ਸ਼ਰਮਨਾਕ ਵਰਤੋਂ ਕਰ ਰਹੀ ਹੈ। ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਣਾ, ਉਨ੍ਹਾਂ ਦੇ ਫੰਡ ਫ੍ਰੀਜ਼ ਕਰਨਾ ਅਤੇ ਰਾਤੋ-ਰਾਤ ਪਾਰਟੀਆਂ ਨੂੰ ਤੋੜਨਾ ਸਿੱਧੀ ਤਾਨਾਸ਼ਾਹੀ ਵੱਲ ਇਸ਼ਾਰਾ ਕਰਦਾ ਹੈ। ਅੱਜ ਦੀਆਂ ਸੰਸਥਾਵਾਂ ਨਿਰਪੱਖ ਹੋਣ ਦੀ ਬਜਾਏ ਸੱਤਾਧਾਰੀ ਪਾਰਟੀ ਦੇ ਵਿੰਗ ਵਜੋਂ ਕੰਮ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਹਾਲਾਂਕਿ, ਇਹ ਬਿਮਾਰੀ ਭਾਰਤੀ ਰਾਜਨੀਤੀ ਵਿੱਚ ਪੁਰਾਣੀ ਹੈ। ਕਾਂਗਰਸ ਦੇ ਰਾਜ ਦੌਰਾਨ ਵੀ ਵਿਰੋਧੀ ਸਰਕਾਰਾਂ ਨੂੰ ਧਾਰਾ 356 ਦੀ ਦੁਰਵਰਤੋਂ ਕਰਕੇ ਬੇਰਹਿਮੀ ਨਾਲ ਡਿਗਾਇਆ ਜਾਂਦਾ ਸੀ ਅਤੇ ਇੰਦਰਾ ਗਾਂਧੀ ਨੇ ਵੀ ਸੱਤਾ ਵਿੱਚ ਬਣੇ ਰਹਿਣ ਲਈ ਸੀ.ਬੀ.ਆਈ. ਨੂੰ ‘ਪਿੰਜਰੇ ਦਾ ਤੋਤਾ’ ਬਣਾ ਕੇ ਰੱਖਿਆ ਸੀ। ਅੱਜ ਦੇ ਹਾਕਮਾਂ ਨੇ ਉਸੇ ਪੁਰਾਣੇ ਤਾਨਾਸ਼ਾਹੀ ਮਾਡਲ ਨੂੰ ਹੋਰ ਵੀ ਆਧੁਨਿਕ ਅਤੇ ਮਾਰੂ ਬਣਾ ਕੇ ਪੇਸ਼ ਕਰ ਦਿੱਤਾ ਹੈ।
ਪਰ ਮੌਜੂਦਾ ਦੌਰ ਦੀ ਸਥਿਤੀ ਹੋਰ ਵੀ ਭਿਆਨਕ ਇਸ ਲਈ ਹੈ ਕਿਉਂਕਿ ਹੁਣ ਸੱਤਾ ਦੀ ਹਵਸ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਦੀ ਸਰਕਾਰ ਨੇ ਪਹਿਲਾਂ ਧਰਮ ਦੇ ਨਾਂ ’ਤੇ ਸਮਾਜ ਵਿੱਚ ਨਫ਼ਰਤ ਦਾ ਅਜਿਹਾ ਪਾੜਾ ਪਾਇਆ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਵੋਟਾਂ ਹਥਿਆਉਣ ਲਈ ਬਹੁਗਿਣਤੀ ਭਾਵਨਾਵਾਂ ਨੂੰ ਭੜਕਾਇਆ ਗਿਆ, ਫਿਰ ਜਾਤ-ਪਾਤ ਦੇ ਵਰਤਾਰੇ ਨੂੰ ਹਵਾ ਦਿੱਤੀ ਗਈ ਅਤੇ ਹੁਣ ਹਰ ਉੱਠਣ ਵਾਲੀ ਵਿਰੋਧੀ ਅਤੇ ਸੱਚੀ ਆਵਾਜ਼ ਨੂੰ ਦੇਸ਼-ਧ੍ਰੋਹ ਦਾ ਲੇਬਲ ਲਗਾ ਕੇ ਖ਼ਤਮ ਕੀਤਾ ਜਾ ਰਿਹਾ ਹੈ। ਚਰਚਾ ਤਾਂ ਇੱਥੋਂ ਤੱਕ ਹੈ ਕਿ ਦੇਸ਼ ਦੀ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਵੀ ਹੌਲੀ-ਹੌਲੀ ਖ਼ਤਮ ਕਰਕੇ ਉਸ ਨੂੰ ਸਰਕਾਰੀ ਇੱਛਾ ਅਨੁਸਾਰ ਢਾਲਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਚੌਥਾ ਸਤੰਭ ਕਹਾਉਣ ਵਾਲਾ ਮੀਡੀਆ ਅੱਜ ‘ਗੋਦੀ ਮੀਡੀਆ’ ਬਣ ਕੇ ਸੱਤਾ ਦੇ ਸੋਹਲੇ ਗਾ ਰਿਹਾ ਹੈ ਅਤੇ ਜਨਤਾ ਦੇ ਅਸਲ ਸਵਾਲਾਂ ਨੂੰ ਗਾਇਬ ਕਰ ਚੁੱਕਾ ਹੈ। ਅਜਿਹਾ ਘੁੱਟਣ ਭਰਿਆ ਅਤੇ ਦਮਨਕਾਰੀ ਮਾਹੌਲ ਭਾਰਤੀ ਲੋਕਤੰਤਰ ਦੇ ਪਿਛਲੇ 77 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਸ਼ਾਸਨ ਵਿੱਚ ਦੇਖਣ ਨੂੰ ਨਹੀਂ ਮਿਲਿਆ।
ਦੇਸ਼ ਦੀ ਜਨਤਾ ਨੇ ਇੱਕ ‘ਚਾਹ ਵੇਚਣ ਵਾਲੇ’ ਦੇ ਸਾਧਾਰਨ ਅਤੇ ਗਰੀਬ ਪਿਛੋਕੜ ਤੋਂ ਪ੍ਰਭਾਵਿਤ ਹੋ ਕੇ, ਉਸ ਦੇ ਹੰਝੂਆਂ ’ਤੇ ਵਿਸ਼ਵਾਸ ਕਰਕੇ ਦੇਸ਼ ਦੀ ਕਮਾਨ ਸੌਂਪੀ ਸੀ। ਪਰ ਅੱਜ ਉਹ ਪ੍ਰਧਾਨ ਮੰਤਰੀ, ਉਨ੍ਹਾਂ ਦੇ ਮੰਤਰੀ, ਸੰਸਦ ਮੈਂਬਰ ਅਤੇ ਮੋਦੀ ਭਗਤ ਕਿਸੇ ਤਾਨਾਸ਼ਾਹ ਰਾਜੇ-ਮਹਾਰਾਜੇ ਵਾਂਗ ਅਲੀਸ਼ਾਨ ਬੰਗਲਿਆਂ, ਅਰਬਾਂ ਰੁਪਏ ਦੇ ਹਵਾਈ ਜਹਾਜ਼ਾਂ ਅਤੇ ਮਹਿੰਗੀਆਂ ਗੱਡੀਆਂ ਦੇ ਕਾਫ਼ਲਿਆਂ ਵਿੱਚ ਰਹਿੰਦੇ ਹਨ। ਜਦੋਂ ਇਨ੍ਹਾਂ ਦੇ ਵੀ.ਆਈ.ਪੀ. ਕਾਫ਼ਲੇ ਸੜਕਾਂ ’ਤੇ ਹੂਟਰ ਵਜਾਉਂਦੇ, ਟ੍ਰੈਫਿਕ ਰੋਕ ਕੇ ਨਿਕਲਦੇ ਹਨ, ਤਾਂ ਆਮ ਜਨਤਾ ਕੜਕਦੀ ਧੁੱਪ ਵਿੱਚ ਜਾਮ ਵਿੱਚ ਫਸੀ ਪਰੇਸ਼ਾਨ ਹੁੰਦੀ ਹੈ-ਉਹ ਜਨਤਾ ਜੋ ਮਹਿੰਗਾਈ, ਆਟੇ-ਦਾਲ ਦੇ ਭਾਅ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਹੀ ਹੈ। ਇਹ ਲੋਕਤੰਤਰ ਨਹੀਂ, ਸਗੋਂ ਜਨਤਾ ਦੇ ਪੈਸੇ ’ਤੇ ਪਲ ਰਹੀ ਇੱਕ ਨਵੀਂ ‘ਰਾਜਸ਼ਾਹੀ’ ਹੈ।
ਕੀ ਮੋਦੀ ਜੀ ਦੇਸ਼ ਦੇ ਇਸ ਲੜਖੜਾਉਂਦੇ ਅਤੇ ਅਧਮੋਏ ਹੋ ਚੁੱਕੇ ਲੋਕਤੰਤਰ ਤੋਂ ਅਣਜਾਣ ਹਨ? ਉਹ ਭਾਵੇਂ ਵਿਦੇਸ਼ੀ ਮੰਚਾਂ ’ਤੇ ਜਾ ਕੇ ਭਾਰਤ ਨੂੰ ‘ਲੋਕਤੰਤਰ ਦੀ ਜਨਨੀ’ ਕਹਿਣ ਅਤੇ ਦੇਸ਼ ਦੀਆਂ ਰੈਲੀਆਂ ਵਿੱਚ ਲੱਖਾਂ ਪ੍ਰਾਪਤੀਆਂ ਦੇ ਦਾਅਵੇ ਕਰਨ, ਪਰ ਜਦੋਂ ਦੇਸ਼ ਦੀ ਅਸਲ ਸਥਿਤੀ, ਬੇਰੁਜ਼ਗਾਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਡਿੱਗਦੀ ਆਰਥਿਕਤਾ ’ਤੇ ਤਿੱਖੇ ਸਵਾਲ ਉੱਠਦੇ ਹਨ, ਤਾਂ ਉਹ ਜਨਤਾ ਅਤੇ ਸੁਤੰਤਰ ਪੱਤਰਕਾਰਾਂ ਦੇ ਸਾਹਮਣੇ ਇੱਕ ਵੀ ਖੁੱਲ੍ਹੀ ਪ੍ਰੈੱਸ ਕਾਨਫਰੰਸ ਕਰਨ ਤੋਂ ਕੰਨੀ ਕਤਰਾਉਂਦੇ ਹਨ। ਦੇਸ਼ ਦਾ ਪੜ੍ਹਿਆ-ਲਿਖਿਆ ਨੌਜਵਾਨ ਅੱਜ ਡਿਗਰੀਆਂ ਹੱਥਾਂ ਵਿੱਚ ਲੈ ਕੇ ਨੌਕਰੀਆਂ ਨਾ ਮਿਲਣ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ। ਆਪਣੀ ਇਸੇ ਮਜਬੂਰੀ, ਨਿਰਾਸ਼ਾ ਅਤੇ ਸਿਸਟਮ ਖ਼ਿਲਾਫ਼ ਗੁੱਸੇ ਨੂੰ ਪ੍ਰਗਟ ਕਰਨ ਲਈ ਨੌਜਵਾਨਾਂ ਨੇ ਹੁਣ ‘ਕਾਕਰੋਚ ਪਾਰਟੀ’ ਵਰਗੇ ਅਨੋਖੇ ਅਤੇ ਵਿਅੰਗਆਤਮਕ ਤਰੀਕੇ ਅਪਣਾ ਕੇ ਮੋਦੀ ਸਿਸਟਮ ’ਤੇ ਚੋਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਨੌਜਵਾਨਾਂ ਦੀ ਮਜਬੂਰੀ ਦੀ ਚੀਕ ਹੈ, ਉਨ੍ਹਾਂ ਦੇ ਸੁਪਨਿਆਂ ਦੇ ਟੁੱਟਣ ਦਾ ਆਵਾਜ਼ ਹੈ ਅਤੇ ਹਾਕਮਾਂ ਲਈ ਇੱਕ ਬਹੁਤ ਵੱਡੀ ਚੇਤਾਵਨੀ ਹੈ।
ਜਸ਼ਨਾਂ ਵਿੱਚ ਡੁੱਬੇ ਅਤੇ ਹੰਕਾਰ ਦੇ ਨਸ਼ੇ ਵਿੱਚ ਅੰਨ੍ਹੇ ਹੋ ਚੁੱਕੇ ਸ਼ਾਸਕਾਂ ਨੂੰ ਇਹ ਗੱਲ ਚੇਤੇ ਰੱਖਣੀ ਪਵੇਗੀ ਕਿ ਜਨਤਾ ਅੱਤ ਦੀ ਤਾਨਾਸ਼ਾਹੀ, ਜ਼ੁਲਮ ਅਤੇ ਹੰਕਾਰ ਨੂੰ ਕਦੇ ਲੰਬੇ ਸਮੇਂ ਤੱਕ ਬਰਦਾਸ਼ਤ ਨਹੀਂ ਕਰਦੀ। ਭਾਰਤੀ ਵੋਟਰ ਸ਼ਾਂਤ ਰਹਿ ਕੇ ਸਭ ਦੇਖਦਾ ਹੈ, ਪਰ ਜਦੋਂ ਉਹ ਬਦਲਾਅ ਦੀ ਕਰਵਟ ਲੈਂਦਾ ਹੈ, ਤਾਂ ਵੱਡੇ-ਵੱਡੇ ਸੂਰਮਿਆਂ ਦਾ ਹੰਕਾਰ ਅਤੇ ਉਨ੍ਹਾਂ ਦੇ ਤਖ਼ਤ-ਓ-ਤਾਜ ਮਿੱਟੀ ਵਿੱਚ ਮਿਲ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਹੰਕਾਰ ਭਾਵੇਂ ਰਾਵਣ ਦਾ ਹੋਵੇ ਜਾਂ ਹਿਟਲਰ ਦਾ, ਉਹ ਕਦੇ ਸਲਾਮਤ ਨਹੀਂ ਰਿਹਾ। ਸ਼ਾਇਦ ਇਸੇ ਲਈ, ਮੋਦੀ ਜੀ ਅਤੇ ਉਨ੍ਹਾਂ ਦੇ ਅੰਨ੍ਹੇ ਭਗਤਾਂ ਨੂੰ ਸੱਤਾ ਦੇ ਨਸ਼ੇ ਵਿੱਚੋਂ ਬਾਹਰ ਕੱਢਣ ਅਤੇ ਆਈਨਾ ਦਿਖਾਉਣ ਲਈ ਕਿਸੇ ਨੇ ਇਹ ਪ੍ਰਸਿੱਧ ਸ਼ੇਅਰ ਯਾਦ ਕਰਵਾਇਆ ਹੈ:
ਤੁਮ ਸੇ ਪਹਿਲੇ ਵੋ ਜੋ ਏਕ ਸ਼ਖ਼ਸ ਯਹਾਂ ਤਖ਼ਤ ਨਸ਼ੀਂ ਥਾ,
ਉਸ ਕੋ ਭੀ ਅਪਨੇ ਖੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ।

-
-ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.