ਕੈਬਨਿਟ ਮੰਤਰੀ ਲਾਲ ਸਿੰਘ ਕਟਾਰੂਚਕ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਮੇਅਰ ਦੀ ਚੋਣ
ਡਿਪਟੀ ਮੇਅਰ ਦੀ ਚੋਣ ਹੋਈ ਅੱਜ ਪਹਿਲੇ ਹੀ ਦਿਨ ਸਟਰੀਟ ਲਾਈਟਾਂ ਠੀਕ ਕਰਨ ਵਾਲੀ ਅਤਿ ਆਧੁਨਿਕ ਟੈਲੀਸਕੋਪਿਕ ਸਕਾਈ ਲਿਫਟ ਮਸ਼ੀਨ ਬਟਾਲਾ ਵਾਸੀਆਂ ਨੂੰ ਕੀਤੀ ਸਮਰਪਿਤ
ਰੋਹਿਤ ਗੁਪਤਾ
ਬਟਾਲਾ, 12 ਜੂਨ
ਬਟਾਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਅੱਜ ਚੁਣੇ ਗਏ ਕੌਂਸਲਰਾਂ ਦੀ ਸਰਬਸੰਮਤੀ ਨਾਲ ਸਫਲਤਾਪੂਰਵਕ ਸੰਪੰਨ ਹੋਈ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਸਿੰਘ ਕਟਾਰੂਚੱਕ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਰਾਮ ਅਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਗੁਰਸਿਮਰਨ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਨਗਰ ਨਿਗਮ ਦੇ ਨਵ-ਚੁਣੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਬਾਜਵਾ ਨੂੰ ਬਟਾਲਾ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ। ਇਸ ਦੇ ਨਾਲ ਹੀ ਸ੍ਰੀਮਤੀ ਸੁਖਰਾਜ ਕੌਰ ਸੀਨੀਅਰ ਡਿਪਟੀ ਮੇਅਰ ਅਤੇ ਸ੍ਰੀਮਤੀ ਨੀਲਮ ਚੌਹਾਨ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਸਿੰਘ ਕਟਾਰੂਚੱਕ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਟਾਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਟੀਮ ਪੂਰੀ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਾਰਟੀ 'ਤੇ ਜੋ ਭਰੋਸਾ ਜਤਾਇਆ ਹੈ, ਉਸ 'ਤੇ ਖਰਾ ਉਤਰਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਨਵੇਂ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਪਾਰਟੀ ਹਾਈਕਮਾਂਡ, ਕੈਬਨਿਟ ਮੰਤਰੀ ਲਾਲ ਸਿੰਘ ਕਟਾਰੂਚੱਕ, ਵਿਧਾਇਕ ਸ਼ੈਰੀ ਕਲਸੀ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਟਾਲਾ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ।
ਇਸ ਤੋਂ ਪਹਿਲਾਂ ਸਵੇਰੇ ਨਗਰ ਨਿਗਮ ਬਟਾਲਾ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਵਿਧਾਇਕ ਸ਼ੈਰੀ ਕਲਸੀ ਵਲੋਂ ਨਵ-ਨਿਯੁਕਤ ਸਮੂਹ ਕੌਂਸਲਰਾਂ ਨਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਮਾਤਾ ਕਾਲੀ ਦੁਆਰਾ ਮੰਦਿਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।
ਨਗਰ ਨਿਗਮ ਬਟਾਲਾ ਦੇ ਮੇਅਰ ਦੀ ਚੋਣ ਉਪਰੰਤ ਅੱਜ ਪਹਿਲੇ ਦਿਨ ਹੀ ਸਟਰੀਟ ਲਾਈਟਾਂ ਠੀਕ ਕਰਨ ਵਾਲੀ ਅਤਿ ਆਧੁਨਿਕ ਟੈਲੀਸਕੋਪਿਕ ਸਕਾਈ ਲਿਫਟ ਮਸ਼ੀਨ ਬਟਾਲਾ ਵਾਸੀਆਂ ਨੂੰ ਸਮਰਪਿਤ ਕੀਤੀ ਗਈ।
- Download Babushahi App
-
-