ਕਬੱਡੀ ਖਿਡਾਰੀ ਰਾਣਾ ਬਲਾਚੌਰੀਆ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ (ਵੇਖੋ)
Ravi Jakhu
ਮੋਹਾਲੀ/ਚੰਡੀਗੜ੍ਹ, 17 ਦਸੰਬਰ: ਮੋਹਾਲੀ ਵਿੱਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਹਾਲਾਂਕਿ, ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਪਹਿਲਾਂ ਹੀ ਕਰ ਲਈ ਸੀ, ਪਰ ਹੁਣ ਉਨ੍ਹਾਂ ਦੇ ਚਿਹਰੇ ਜਨਤਕ ਕਰ ਦਿੱਤੇ ਗਏ ਹਨ। ਸਾਹਮਣੇ ਆਈਆਂ ਤਸਵੀਰਾਂ ਵਿੱਚ ਉਹ ਦੋਵੇਂ ਮੁਲਜ਼ਮ ਸਾਫ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਕੌਣ ਹਨ ਤਸਵੀਰ ਵਿੱਚ ਦਿਖਣ ਵਾਲੇ ਸ਼ੂਟਰ?
ਦੱਸ ਦੇਈਏ ਕਿ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਕਿ ਸ਼ੂਟਰਾਂ ਦੇ ਨਾਮ ਆਦਿਤਿਆ ਕਪੂਰ ਅਤੇ ਕਰਨ ਪਾਠਕ ਹਨ। ਇਹ ਦੋਵੇਂ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਹਨ।
ਪੁਲਿਸ ਰਿਕਾਰਡ ਮੁਤਾਬਕ, ਇਹ ਦੋਵੇਂ ਪੇਸ਼ੇਵਰ ਅਪਰਾਧੀ ਹਨ; ਆਦਿਤਿਆ 'ਤੇ ਪਹਿਲਾਂ ਤੋਂ 13 ਅਤੇ ਕਰਨ 'ਤੇ 2 ਅਪਰਾਧਿਕ ਮਾਮਲੇ ਦਰਜ ਹਨ।
ਸੈਲਫੀ ਦੇ ਬਹਾਨੇ ਆਏ ਸਨ ਨੇੜੇ
ਜਾਂਚ ਵਿੱਚ ਪਤਾ ਲੱਗਾ ਹੈ ਕਿ ਤਸਵੀਰ ਵਿੱਚ ਦਿਖ ਰਹੇ ਇਹ ਹਮਲਾਵਰ 'ਫੈਨ' ਬਣ ਕੇ ਰਾਣਾ ਦੇ ਕੋਲ ਪਹੁੰਚੇ ਸਨ। ਉਨ੍ਹਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕਿਆ ਅਤੇ ਮੌਕਾ ਮਿਲਦੇ ਹੀ ਸਿਰ ਵਿੱਚ ਪਿੱਛਿਓਂ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ। ਪੁਲਿਸ ਨੇ ਇਹ ਵੀ ਸਾਫ ਕੀਤਾ ਹੈ ਕਿ ਇਸ ਕਤਲ ਦਾ ਕਾਰਨ ਰਾਣਾ ਦਾ ਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਨਾ ਸੀ।
ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸੰਸਕਾਰ
ਉੱਧਰ ਮੰਗਲਵਾਰ ਨੂੰ ਰਾਣਾ ਬਲਾਚੌਰੀਆ ਦਾ ਉਨ੍ਹਾਂ ਦੇ ਜੱਦੀ ਪਿੰਡ ਚਨਕੋਆ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਮਸ਼ਾਨਘਾਟ ਵਿੱਚ ਬੇਹੱਦ ਗਮਗੀਨ ਮਾਹੌਲ ਵਿਚਾਲੇ ਉਨ੍ਹਾਂ ਦੇ ਛੋਟੇ ਭਰਾ ਰਣਵਿਜੇ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਇਹ ਪਲ ਪਰਿਵਾਰ ਲਈ ਬਹੁਤ ਭਾਰੀ ਸੀ ਕਿਉਂਕਿ ਰਾਣਾ ਦੀ ਮਹਿਜ਼ 10 ਦਿਨ ਪਹਿਲਾਂ, 6 ਦਸੰਬਰ ਨੂੰ ਹੀ ਲਵ ਮੈਰਿਜ ਹੋਈ ਸੀ। ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਸਥਾਨਕ ਲੋਕ ਸ਼ਾਮਲ ਹੋਏ।