ਆੜ੍ਹਤੀ ਵੱਲੋਂ ਮਾਰਕੀਟ ਕਮੇਟੀ ਅਧਿਕਾਰੀਆਂ ’ਤੇ ਚਲਦੇ ਸੀਜ਼ਨ ’ਚ ਫੜ ਨਾ ਦੇਣ ਦਾ ਦੋਸ਼
ਜੇਕਰ ਇਨਸਾਫ ਨਾ ਮਿਲਿਆ ਖੁਦਕੁਸ਼ੀ ਕਰਾਂਗਾ: ਕਰਨੈਲ ਸਿੰਘ
ਜਗਤਾਰ ਸਿੰਘ
ਪਟਿਆਲਾ, 15 ਅਪ੍ਰੈਲ 2026 : ਪਟਿਆਲਾ ਦੇ ਹਲਕਾ ਘਨੌਰ ਦੀ ਮੰਡੀ ਵਿਚ ਆੜ੍ਹਤੀ ਵਜੋਂ ਕੰਮ ਕਰਦੇ ਕਰਨੈਲ ਸਿੰਘ ਭੱਟੀਆਂ ਨੇ ਦੋਸ਼ ਲਾਇਆ ਹੈ ਕਿ ਮਾਰਕੀਟ ਕਮੇਟੀ ਘਨੌਰ ਦੇ ਅਧਿਕਾਰੀ ਕਣਕ ਦੇ ਚਲਦੇ ਸੀਜ਼ਨ ਵਿਚ ਉਸਨੂੰ ਉਸਦੇ ਗਾਹਕ ਜ਼ਿਮੀਂਦਾਰਾਂ ਦੀ ਕਣਕ ਰੱਖਣ ਵਾਸਤੇ ਫੜ ਨਹੀਂ ਦੇ ਰਹੇ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਨੇ ਦੱਸਿਆਕਿ ਉਹਨਾਂ ਨੇ ਬਹੁਤ ਮੁਸ਼ਕਿਲ ਨਾਲ ਆੜ੍ਹਤੀ ਵਜੋਂ ਕੰਮ ਕਰਨ ਦਾ ਲਾਇਸੰਸ ਬਣਵਾਇਆ ਜਿਸ ਉਪਰੰਤ 25 ਲੱਖ ਰੁਪਏ ਖਰਚ ਕੇ ਘਨੌਰ ਮੰਡੀ ਵਿਚ ਸ਼ੋਅ ਰੂਮ ਖਰੀਦਿਆ। ਉਹਨਾਂ ਕਿਹਾ ਕਿ ਉਹਨਾਂ ਦੇ ਨਾਲ 35 ਤੋਂ 40 ਕਿਸਾਨ ਜੁੜੇ ਹੋਏ ਹਨ ਜਿਹਨਾਂ ਨੂੰ ਉਹਨਾਂ ਨੇ ਐਡਵਾਂਸ ਰੂਪ ਵਿਚ ਲੱਖਾਂ ਰੁਪਏ ਦਿੱਤੇ ਤਾਂ ਜੋ ਉਹ ਆਪਣੀ ਕਣਕ ਦੀ ਫਸਲ ਪਾਲ ਸਕਣ। ਉਹਨਾਂ ਕਿਹਾ ਕਿ ਹੁਣ ਜਦੋਂ ਵਾਢੀ ਦਾ ਸੀਜ਼ਨ ਆਇਆ ਹੈ ਤਾਂ ਜ਼ਿਮੀਂਦਾਰਾਂ ਨੂੰ ਕਣਕ ਦੀ ਫਸਲ ਮੰਡੀ ਵਿਚ ਵੇਚਣ ਲਈ ਲਿਆਉਣ ਦੀ ਥਾਂ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਉਹਨਾਂ ਮਾਰਕੀਟ ਕਮੇਟੀ ਦੇ ਸਕੱਤਰ ਤੇ ਸੁਪਰਵਾਈਜ਼ਰ ਨੂੰ ਬਹੁਤ ਵਾਰ ਬੇਨਤੀ ਕੀਤੀ ਕਿ ਉਹਨਾਂ ਨੂੰ ਫੜ ਵਿਚ ਪੱਕੀ ਥਾਂ ਦਿੱਤੀ ਜਾਵੇ। ਉਹਨਾਂ ਕਿਹਾ ਕਿ ਚਾਰ ਵਾਰ ਇਹਨਾਂ ਅਧਿਕਾਰੀਆਂ ਨੇ ਜਿਹੜੀ ਥਾਂ ਦਿੱਤੀ, ਉਸ ’ਤੇ ਹੋਰ ਆੜ੍ਹਤੀਆਂ ਨੇ ਕਬਜ਼ਾ ਕਰ ਲਿਆ।
ਉਹਨਾਂ ਕਿਹਾ ਕਿ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਈ ਮੇਲ ਵੀ ਕੀਤੀਆਂ ਪਰ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਉਹਨਾਂ ਨੇ ਸਕੱਤਰ ਤੇ ਸੁਪਰਵਾਈਜ਼ਰ ਨੂੰ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਦੇ ਗਾਹਕ ਜ਼ਿਮੀਂਦਾਰ ਦੂਜੇ ਆੜ੍ਹਤੀਆਂ ਕੋਲ ਜਿਣਸ ਸੁੱਟਣ ਵਾਸਤੇ ਮਜਬੂਰ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਜਿਸਦੇ ਜ਼ਿੰਮੇਵਾਰ ਇਹ ਅਧਿਕਾਰੀ ਹੋਣਗੇ।
ਉਹਨਾਂ ਕਿਹਾ ਕਿ ਕਣਕ ਦਾ ਸੀਜ਼ਨ ਖਤਮ ਹੋਣ ਕੰਢੇ ਹੈ ਤੇ ਸਿਰਫ ਪੰਜ ਸੱਤ ਦਿਨਾਂ ਦੀ ਖਰੀਦ ਬਾਕੀ ਰਹਿ ਗਈ ਹੈ, ਅਜਿਹੇ ਵਿਚ ਉਹਨਾਂ ਦੇ ਨੁਕਸਾਨ ਦੀ ਪੂਰਤੀ ਹੋਣੀ ਸੰਭਵ ਨਹੀਂ ਹੈ।
ਡੱਬੀ
ਸਕੱਤਰ ਤੇ ਸੁਪਰਵਾਈਜ਼ਰ ਦਾ ਪੱਖ
ਇਸ ਮਾਮਲੇ ਵਿਚ ਜਦੋਂ ਮਾਰਕੀਟ ਕਮੇਟੀ ਘਨੌਰ ਦੇ ਸਕੱਤਰ ਜਸਵਿੰਦਰ ਸਿੰਘ ਤੇ ਸੁਪਰਵਾਈਜ਼ਰ ਸ੍ਰੀ ਸੰਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ ਕਰਨੈਲ ਸਿੰਘ ਨੂੰ ਫੜ ਵਿਚ ਥਾਂ ਅਲਾਟ ਕਰ ਚੁੱਕੇ ਹਨ ਪਰ ਅਜਿਹਾ ਜਾਪਦਾ ਹੈ ਕਿ ਉਹ ਖੁਦ ਕੰਮ ਕਰਨ ਵਿਚ ਦਿਲਚਸਪੀ ਨਹੀਂ ਰੱਖਦੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਆੜ੍ਹਤੀਆਂ ਦੀ ਆਪਸ ਵਿਚ ਖਿੱਚੋਤਾਣ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਤਾਂ ਹੁਣ ਵੀ ਥਾਂ ਖਾਲੀ ਹੈ, ਅਸੀਂ ਅਲਾਟ ਕਰਨ ਵਾਸਤੇ ਤਿਆਰ ਹਾਂ ਤੇ ਇਸਦੀ ਲਿਖਤੀ ਸੂਚਨਾ ਵੀ ਕਰਨੈਲ ਸਿੰਘ ਨੂੰ ਦਿੱਤੀ ਹੈ।
Click to Follow Babushahi Facebook page →