ਅੰਮ੍ਰਿਤਸਰ: 19 ਮਾਰਚ 2019 - ਅੱਖਰ ਕਾਵਿ ਕਬੀਲਾ ਅੰਮ੍ਰਿਤਸਰ ਵੱਲੋਂ ਇੰਡੋਜ਼ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ਼, ਖਾਲਸਾ ਕਾਲਜ ਅੰਮ੍ਰਿਤਸਰ ਦੇ ਸੈਮੀਨਾਰ ਹਾਲ ਵਿੱਚ ਸਾਲਾਨਾ ਪ੍ਰਮਿੰਦਰਜੀਤ ਯਾਦਗਾਰੀ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪਰਮਿੰਦਰਜੀਤ ਯਾਦਗਾਰੀ ਸਨਮਾਨ 2018 ਦਾ ਸਨਮਾਨ ਸਾਹਿਤ ਅਕਾਦਮੀ ਇਨਾਮ ਜੇਤੂ ਡਾ.ਮੋਹਨਜੀਤ ਜੀ ਨੂੰ ਅਤੇ ਪ੍ਰਮਿੰਦਰਜੀਤ ਯਾਦਗਾਰੀ ਸਨਮਾਨ 2019 ਡਾ.ਜਗਵਿੰਦਰ ਜੋਧਾ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਸਨ ।
ਦੋ ਭਾਗਾਂ ਵਿੱਚ ਵੰਡੇ ਇਸ ਸਮਾਗਮ ਦੇ ਪਹਿਲੇ ਭਾਗ ਦੀ ਸ਼ੁਰੂਆਤ ਅੱਖਰ ਕਾਵਿ ਕਬੀਲਾ ਦੇ ਪ੍ਰਧਾਨ ਇੰਦਰੇਸ਼ਮੀਤ ਹੋਰਾਂ ਦੇ ਸਵਾਗਤੀ ਭਾਸ਼ਣ ਤੋਂ ਹੋਈ। ਇਸ ਉਪਰੰਤ ਡਾ.ਹੀਰਾ ਸਿੰਘ ਹੋਰਾਂ ਡਾ.ਜਗਵਿੰਦਰ ਜੋਧਾ ਦੀ ਅਤੇ ਸ਼ਾਇਰ ਵਿਸ਼ਾਲ ਹੋਰਾਂ ਡਾ. ਮੋਹਨਜੀਤ ਹੋਰਾਂ ਦੀ ਸਖਸ਼ੀਅਤ ਬਾਰੇ ਆਪਣੇ ਸ਼ਬਦਾਂ ਰਾਹੀਂ ਖੁਰਦਬੀਨੀ ਵਿਸਲੇਸ਼ਣ ਕੀਤੀ। ਡਾ.ਜੋਗਿੰਦਰ ਕੈਰੋਂ ਹੋਰਾਂ ਨੇ ਬੇਬਾਕ ਭਾਸ਼ਾਈ ਸ਼ੈਲੀ 'ਚ ਅਤੇ ਡਾ.ਰਵਿੰਦਰ ਹੋਰਾਂ ਪਰਮਿੰਦਰਜੀਤ ਹੋਰਾਂ ਬਾਰੇ ਤੇ ਉਨਾਂ ਦੀ ਸਾਹਿਤਕ ਘਾਲਣਾ ਬਾਰੇ ਚਾਨਣ ਪਾਇਆ। ਇਸ ਉਪਰੰਤ ਡਾ.ਨਰੇਸ਼ ਹੋਰਾਂ ਅੱਜ ਦੇ ਸਮਾਗਮ ਬਾਰੇ ਅਤੇ ਦੋਨਾਂ ਸਨਮਾਨਿਤ ਸਖਸ਼ੀਅਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਡਾ.ਮੋਹਨਜੀਤ ਹੋਰਾਂ ਦੀ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਉਨ੍ਹਾਂ ਦੇ ਵਡਮੁੱਲੇ ਵਿਚਾਰ ਸੁਣੇ ਗਏ।
ਡਾ.ਜਗਵਿੰਦਰ ਜੋਧਾ ਜੀ ਨੇ ਵੀ ਬੜੀ ਬੇਬਾਕੀ ਨਾਲ਼ ਸਾਹਿੱਤਕ ਖੇਤਰ 'ਚ ਹੰਢਾਈ ਵਿਵਹਾਰਿਕਤਾ ਅਤੇ ਆਪਣੀ ਨਿਜੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਸਾਂਝੇ ਕੀਤੇ। ਇਸ ਉਪਰੰਤ ਮੁਖ ਮਹਿਮਾਨ ਡਾ.ਸੁਰਜੀਤ ਹੋਰਾਂ ਲਫਜ਼ੀ ਜਾਦੂਗਰੀ ਬਿਖੇਰਦੇ ਹੋਏ ਪੂਰੇ ਹਾਲ ਨੂੰ ਕੀਲ ਕੇ ਰੱਖ ਦਿੱਤਾ,ਉਨਾਂ ਦੇ ਭਾਸ਼ਣ ਤੋਂ ਬਾਅਦ ਖਾਲਸਾ ਕਾਲਜ ਦੇ ਪ੍ਰਿੰਸੀਪਲ ਹੋਰਾਂ ਸ.ਮਹਿਲ ਸਿੰਘ ਹੋਰਾਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਈਆਂ ਸਭ ਅਦਬੀ ਸਖਸ਼ੀਅਤਾਂ ਦੇ ਧੰਨਵਾਦ ਕਰਨ ਦੇ ਨਾਲ਼ ਨਾਲ਼ ਭਵਿੱਖ ਵਿੱਚ ਵੀ ਅੱਖਰ ਕਾਵਿ ਕਬੀਲਾ ਦੀ ਸਮੁੱਚੀ ਟੀਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਇਸ ਉਪਰੰਤ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ ਹੋਰਾਂ ਤੇ ਕੁਝ ਹੋਰ ਅਦਬੀ ਸਖਸ਼ੀਅਤਾਂ ਨੇ ਅੱਜ ਦੇ ਸਮਾਗਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੇ ਪਹਿਲੇ ਭਾਗ ਦਾ ਅੰਤ ਡਾ.ਵਿਕਰਮ ਦੇ ਧੰਨਵਾਦੀ ਭਾਸ਼ਣ ਨਾਲ ਹੋਇਆ। ਪਰਵਾਸੀ ਲੇਖਕ ਭੁਪਿੰਦਰ ਦੁਲੇਅ ਨੇ ਵੀ ਹਾਜ਼ਰੀ ਭਰੀ । ਦੁਪਹਿਰ ਦੇ ਖਾਣੇ ਤੋਂ ਬਾਅਦ ਸਮਾਗਮ ਦੇ ਦੂਸਰੇ ਭਾਗ ਕਵੀ ਦਰਬਾਰ ਦੀ ਸ਼ੁਰੂਆਤ ਡਾ.ਆਤਮਜੀਤ ਰੰਧਾਵਾ ਜੀ ਦੀ ਪ੍ਰਧਾਨਗੀ ਹੇਠ ਹੋਈ। ਦੂਰੋਂ ਨੇੜਿਓਂ ਆਏ ਬਹੁਤ ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਪਣੀ ਹਾਜ਼ਰੀ ਲਵਾਈ । ਚੇਤਨਾ ਪ੍ਰਕਾਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਮੰਚ ਸੰਚਾਲਨ ਦੀ ਭੂਮਿਕਾ ਮਲਵਿੰਦਰ ਅਤੇ ਬਲਦੇਵ ਕ੍ਰਿਸ਼ਨ ਨੇ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ ।