ਚੋਰਾਂ ਨੇ ਅੱਧੀ ਦਰਜਨ ਤੋਂ ਵੱਧ ਦੁਕਾਨਾਂ 'ਤੇ ਕੀਤੇ ਹੱਥ ਸਾਫ
ਘਟਨਾਵਾਂ ਸੀਸੀਟੀਵੀ ਵਿਚ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਰਾਤ ਦੀਨਾਨਗਰ ਦੇ ਮਗਰਾਲਾ ਰੋਡ ਤੇ ਚੋਰਾਂ ਵਲੋਂ ਅੱਧੀ ਦਰਜਨ ਤੋ ਵੱਧ ਦੁਕਾਨਾ ਦੇ ਤਾਲੇ ਤੋੜ ਕੇ ਚੰਗਾ ਕਹਿਰ ਮਚਾਇਆ ਗਿਆ। ਇਹਨਾਂ ਵਾਰਦਾਤਾਂ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਦੱਸ ਦਈਏ ਕਿ ਦੀਨਾ ਨਗਰ ਥਾਣੇ ਤਹਿਤ ਆਉਂਦੇ ਕਈ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਹਨ ਪਰ ਪੁਲਿਸ ਕੋਈ ਵੀ ਵਾਰਦਾਤ ਸੁਲਝਾਉਣ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਂਟਿਸਟ ਚਰਨਜੀਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕਲੀਨਿਕ ਰਾਤ ਨੂੰ ਬੰਦ ਕਰਕੇ ਗਏ ਸੀ ਤਾਂ ਜਦੋਂ ਉਹਨਾ ਸਵੇਰੇ ਆ ਕੇ ਦੇਖਿਆ ਉਹਨਾ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਹੋਇਆ ਸੀ ਉਹਨਾ ਆਪਣੇ ਗੱਲੇ ਦੀ ਜਾਂਚ ਕੀਤੀ ਤਾਂ ਉਸ ਵਿੱਚ ਪਏ 500 ਰੁਪਏ ਦੇ ਕਰੀਬ ਚੋਰ ਚੋਰੀ ਕਰਕੇ ਲੈਂ ਗਏ ਸਨ। ਇਸੇ ਤਰ੍ਹਾਂ ਹੀ ਉਹਨਾ ਦੇ ਨਾਲ ਦੀ ਬੰਟੀ ਸਲੂਨ ਵਾਲੇ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ਖੜਾ ਮੋਟਰਸਾਈਕਲ ਨੂੰ ਵੀ ਲੈ ਗਏ ਪਰ ਥੋੜੀ ਅੱਗੇ ਜਾ ਕੇ ਜਦੋਂ ਉਹ ਸਟਾਰਟ ਨਹੀਂ ਹੋਇਆ ਤਾਂ ਸੜਕ ਕਿਨਾਰੇ ਉਹ ਝਾੜੀਆਂ ਵਿੱਚ ਸੁੱਟ ਗਏ। ਇਸੇ ਰੋਡ ਤੇ ਇਕ ਹੋਰ ਸੋਨੂੰ ਸਲੂਨ ਵਾਲੇ ਦੀ ਦੁਕਾਨ ਵਿੱਚੋਂ ਚੋਰ ਗੱਲੇ ਵਿੱਚ ਪਿਆ 5 ਹਜਾਰ ਰੁਪਏ ਚੋਰੀ ਕਰਕੇ ਲੈ ਗਏ ਸੋਨੂੰ ਨੇ ਦੱਸਿਆ ਕਿ ਇਹ ਪੈਸੇ ਉਹਨਾ ਆਪਣੀ ਬੇਟੀ ਦੀ ਫੀਸ ਵਾਸਤੇ ਰੱਖੇ ਹੋਏ ਸਨ। ਮਨਿਆਰੀ ਦੀ ਦੁਕਾਨ ਦੇ ਮਾਲਕ ਬਲਦੇਵ ਰਾਜ ਨੇ ਦੱਸਿਆ ਕਿ ਉਹਨਾਂ ਦੇ ਵੀ ਤਾਲੇ ਤੋੜ ਕੇ ਚੋਰ 2500 ਰੁਪਏ ਚੋਰੀ ਕਰਕੇ ਲੈ ਗਏ । ਇਸ ਦੁਕਾਨ ਦੀ ਫ੍ਰਿਜ ਵਿੱਚ ਰੱਖਿਆ ਖਾਣ ਪੀਣ ਦਾ ਸਮਾਨ ਵੀ ਚੋਰਾਂ ਨੇ ਨਹੀਂ ਛੱਡਿਆ । ਇਹਨਾਂ ਦੁਕਾਨਾਂ ਤੋਂ ਇਲਾਵਾ ਚੋਰਾ ਵੱਲੋ ਸੋਢੀ ਇਲੈਕਟ੍ਰੀਸ਼ਨ ਦੀ ਦੁਕਾਨ,ਸਤਨਾਮ ਡੇਹਰੀ,ਹੰਸ ਰਾਜ ਦੀ ਦੁਕਾਨ ਅਤੇ ਡੈਂਟਿਸਟ ਨੇਹਾ ਕਰਲੂਪੀਆ ਦੀ ਦੁਕਾਨਾਂ ਦੇ ਵੀ ਤਾਲੇ ਤੋੜੇ ਗਏ ਪਰ ਚੋਰਾਂ ਵੱਲੋ ਇਹਨਾਂ ਦੁਕਾਨਾਂ ਵਿਚ ਕੁਝ ਵੀ ਸਮਾਨ ਚੋਰੀ ਨਹੀਂ ਕੀਤਾ ਗਿਆ। ਚੋਰਾਂ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। ਜਿਸ ਵਿਚ ਉਹਨਾਂ ਇੱਕ ਕਪੜੇ ਨਾਲ ਆਪਣਾ ਮੂੰਹ ਸਿਰ ਲਪੇਟਿਆ ਹੋਇਆ ਹੈ। ਦੁਕਾਨਦਾਰਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਜੇਲ੍ਹ ਦੀ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਉਹਨਾ ਦੀ ਦੁਕਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।