ਪੰਜਾਬੀ ਸ਼ਾਇਰੀ ਦੇ ਵੇਗਮੱਤੇ, ਉੱਚ ਦੋਮਾਲੜੇ ਪਰਪੱਕ ਸ਼ਾਇਰ ਡਾ: ਜਗਤਾਰ ਦੀ ਅੱਜ ਬਰਸੀ ਹੈ।
ਨਤਮਸਤਕ ਹਾਂ। ਉਨ੍ਹਾਂ ਦੀ ਅਮਰ ਕਵਿਤਾ ਵਸੀਅਤ ਪੜ੍ਹੋ।
ਵਸੀਅਤ (ਡਾ: ਜਗਤਾਰ)
ਮੈਂ ਅਪਣਾ ਕ਼ਤਲਨਾਮਾ ਪੜ੍ਹ ਲਿਆ ਹੈ
ਜ਼ਰਾ ਠਹਿਰੋ !
ਕੋਈ ਬਸਤੀ 'ਚ ਤਾਂ ਬਾਕੀ ਨਹੀਂ ਬਚਿਆ
ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ ।
.........
ਮਿਰੋ ਯਾਰੋ !
ਮਿਰੇ ਪਿੱਛੋਂ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਚਰਖ਼ਾ ਵੀ ਬਣਨਾ ਹੈ
ਤੁਸੀਂ ਰੰਗੀਲ-ਪੀੜ੍ਹਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀਂ ਬਣਨਾ ।
...........
ਮਿਰੇ ਯਾਰੋ !
ਮਿਰੇ ਪਿੱਛੋਂ
ਤੁਸੀਂ ਹਰ ਹਾਲ
ਡਿਗਦੀ ਛੱਤ ਹੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ ।
-----
ਮਿਰੇ ਯਾਰੋ !
ਮਿਰੇ ਪਿੱਛੋਂ
ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ
ਦਰੋਣਾਚਾਰੀਆ ਦੀ ਢਾਲ ਨਾ ਬਣਨਾ ।
ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ
ਕਿਸੇ ਰਾਮ ਦੇ ਪਊਏ ਨਹੀਂ ਬਣਨਾ
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ
ਤਿਲਕ ਵੇਲ਼ੇ-
ਕਿਸੇ ਦੇ ਰਾਜ ਘਰ ਵਿਚ ਪਰ
ਸ਼ਹਾਦਤ ਦੀ ਕਦੇ ਉਂਗਲ਼ੀ ਨਹੀਂ ਬਣਨਾ ।
..........
ਮਿਰੇ ਯਾਰੋ !
ਮਿਰੇ ਪਿੱਛੋਂ
ਤੁਸੀਂ ਛਾਵਾਂ ਦੇ ਰੂਪ ਅੰਦਰ
ਤੁਸੀਂ ਪੌਣਾਂ ਦੇ ਰੂਪ ਅੰਦਰ
ਤੁਸੀਂ ਫੁੱਲਾਂ, ਫ਼ਲਾਂ, ਮਹਿਕਾਂ ਦੇ ਰੂਪ ਅੰਦਰ
ਦੁਆਵਾਂ ਹੀ ਬਣੇ ਰਹਿਣਾ
ਕਦੇ ਤੂਫ਼ਾਨ ਨਾ ਬਣਨਾ ।
.............
ਮਿਰੇ ਯਾਰੋ !
ਮਿਰੇ ਪਿੱਛੋਂ
ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ
ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਕੇ ਆਵਣ
ਤੁਸੀਂ ਇਕ ਜਸ਼ਨ ਕਰਨਾ
ਓਸ ਮਿੱਟੀ ਦਾ
ਜੋ ਪੀਲ਼ੇ ਮੌਸਮਾਂ ਵਿਚ ਕ਼ਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫ਼ੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ਼ ਸ਼ਕਲਾਂ ਬਦਲਦੀ ਹੈ......!
*******
ਡਾ. ਜਗਤਾਰ