ਬੋਗੋਟਾ: 24 ਮਾਰਚ, 2026 : ਕੋਲੰਬੀਆ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫੌਜ ਦਾ ਇੱਕ C-130 ਹਰਕੂਲਸ ਜਹਾਜ਼ ਪੇਰੂ ਦੀ ਸਰਹੱਦ ਦੇ ਨੇੜੇ ਐਮਾਜ਼ਾਨ ਦੇ ਸੰਘਣੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਲਗਭਗ 110 ਸੈਨਿਕ ਸਵਾਰ ਸਨ। ਹਾਦਸੇ ਵਾਲੀ ਥਾਂ ਤੋਂ ਉੱਠ ਰਹੇ ਕਾਲੇ ਧੂੰਏਂ ਦੇ ਗੁਬਾਰ ਨੇ ਘਟਨਾ ਦੀ ਭਿਆਨਕਤਾ ਨੂੰ ਬਿਆਨ ਕੀਤਾ ਹੈ।
ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਪੁਸ਼ਟੀ ਕੀਤੀ ਕਿ ਜਹਾਜ਼ ਨੇ ਪੋਰਟੋ ਲੇਗੁਇਜ਼ਾਮੋ ਤੋਂ ਉਡਾਣ ਭਰੀ ਸੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਫੌਜੀ ਯੂਨਿਟਾਂ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਪਰ ਅਜੇ ਤੱਕ ਜਾਨੀ ਨੁਕਸਾਨ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਧਿਕਾਰਤ ਜਾਣਕਾਰੀ ਆਉਣ ਤੱਕ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਇਸ ਹਾਦਸੇ ਤੋਂ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਕਾਫੀ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਨੇ ਫੌਜੀ ਸਾਜ਼ੋ-ਸਾਮਾਨ ਦੇ ਆਧੁਨਿਕੀਕਰਨ ਵਿੱਚ ਹੋ ਰਹੀ ਦੇਰੀ ਲਈ ਨੌਕਰਸ਼ਾਹੀ ਅਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਪੈਟਰੋ ਨੇ ਕਿਹਾ: "ਜੇਕਰ ਸਿਵਲ ਜਾਂ ਫੌਜੀ ਪ੍ਰਸ਼ਾਸਨਿਕ ਅਧਿਕਾਰੀ ਇਸ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹਨ, ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।"
ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਹਿਰਾਂ ਦੀ ਟੀਮ ਜਾਂਚ ਕਰ ਰਹੀ ਹੈ ਕਿ ਕੀ ਇਹ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਹੋਇਆ ਜਾਂ ਖ਼ਰਾਬ ਮੌਸਮ ਕਰਕੇ। C-130 ਜਹਾਜ਼ 120 ਲੋਕਾਂ ਨੂੰ ਲਿਜਾਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਹਾਦਸੇ ਨੇ ਕੋਲੰਬੀਆ ਦੀ ਫੌਜੀ ਹਵਾਬਾਜ਼ੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Click to Follow Babushahi Facebook page →