ਭਾਸ਼ਾ ਵਿਭਾਗ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲਗਾਈ ਪੁਸਤਕ ਪ੍ਰਦਰਸ਼ਨੀ
ਹੁਸ਼ਿਆਰਪੁਰ, 20 ਸਤੰਬਰ 2024 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਪੰਜਾਬੀ ਵਿਭਾਗ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਕਾਲਜ ਦੇ ਵਿਹੜੇ ਵਿਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਅਨੀਤਾ ਸਾਗਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਠਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਸਮੇਂ-ਸਮੇਂ ‘ਤੇ ਪੁਸਤਕ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਭਾਸ਼ਾ ਵਿਭਾਗ ਦੀਆਂ ਪੁਸਤਕਾਂ ਬਹੁਤ ਸਸਤੀਆਂ ਅਤੇ ਮਿਆਰੀ ਹਨ। ਮਨੁੱਖ ਵਿਚ ਸੰਵੇਦਨਾ ਪੈਦਾ ਕਰਨ ਲਈ ਇਨ੍ਹਾਂ ਪੁਸਤਕਾਂ ਨਾਲ ਸਾਂਝ ਪਾਉਣੀ ਬਹੁਤ ਉਪਯੋਗੀ ਹੈ। ਦੁਨੀਆ ਦੇ ਬੇਹਤਰ ਸਮਾਜਾਂ ਦੀ ਬਣਤਰ ਅਤੇ ਬੁਣਤਰ ਪਿੱਛੇ ਕਿਤਾਬਾਂ ਦਾ ਹੀ ਹੱਥ ਹੁੰਦਾ ਹੈ। ਪ੍ਰਸਿੱਧ ਕਹਾਣੀਕਾਰ ਡਾ. ਸਾਵਲ ਧਾਮੀ ਨੇ ਕਿਤਾਬਾਂ ਨੂੰ ਅਜ਼ੀਮ ਖ਼ਜ਼ਾਨਾ ਦੱਸਦਿਆਂ ਕਿਹਾ ਕਿ ਹਰੇਕ ਪੰਜਾਬੀ ਦੇ ਘਰ ਕਿਤਾਬਾਂ ਦਾ ਇੱਕ ਕੋਨਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਦਿਮਾਗ਼ ਦੇ ਕਪਾਟ ਖੋਲ੍ਹਦੀਆਂ ਹਨ। ਕਾਲਜ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਪ੍ਰਦਰਸ਼ਨੀ ਵਿਚ ਡਾਹਡੀ ਰੁਚੀ ਦਿਖਾਉਂਦਿਆਂ ਮਹਾਨ ਕੋਸ਼, ਮੁਹਾਵਰਾ ਕੋਸ਼, ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ, ਪ੍ਰੋ. ਮੋਹਨ ਸਿੰਘ ਕਾਵਿ, ਰਾਮਾਇਣ ਅਤੇ ਵਰ ਘਰ ਵਰਗੀਆਂ ਪੁਸਤਕਾਂ ਦੀ ਦਿਲ ਖੋਲ੍ਹ ਕੇ ਖਰੀਦਦਾਰੀ ਕੀਤੀ।
ਪ੍ਰਿੰਸੀਪਲ ਅਨੀਤਾ ਸਾਗਰ ਨੇ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੀ ਇਸ ਪੁਸਤਕ ਪ੍ਰਦਰਸ਼ਨੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਸ ਦਾ ਆਯੋਜਨ ਕਾਲਜ ਵਿਚ ਹਰ ਮਹੀਨੇ ਕਰ ਲਿਆ ਜਾਵੇ ਤਾਂ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਾਹੇਬੰਦ ਰਹੇਗਾ। ਇਸ ਮੌਕੇ ਲਵਪ੍ਰੀਤ, ਲਾਲ ਸਿੰਘ, ਪ੍ਰੋ. ਸੁਮਨ, ਪ੍ਰੋ. ਸੁਖਦੀਪ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਭੁਪਿੰਦਰ ਕੌਰ ਵੀ ਹਾਜ਼ਰ ਰਹੇ।