ਵੱਡੀ ਖ਼ਬਰ: ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਮਿਲਿਆ 'ਪਵਿੱਤਰ ਸ਼ਹਿਰ' ਦਾ ਦਰਜਾ; CM ਮਾਨ ਨੇ ਕਿਹਾ- ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 21 ਦਸੰਬਰ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖ ਸੰਗਤ ਲਈ ਇੱਕ ਇਤਿਹਾਸਕ ਫੈਸਲੇ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਸਿੱਖ ਧਰਮ ਨਾਲ ਸਬੰਧਿਤ ਪੰਜਾਬ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਨੂੰ ਅਧਿਕਾਰਤ ਤੌਰ 'ਤੇ 'ਪਵਿੱਤਰ ਸ਼ਹਿਰ' (Holy City) ਦਾ ਦਰਜਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਅਨੁਸਾਰ, ਪੰਜਾਬ ਵਿੱਚ ਮੌਜੂਦ ਤਿੰਨ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ; ਸ੍ਰੀ ਅੰਮ੍ਰਿਤਸਰ ਸਾਹਿਬ (ਵਾਲਡ ਸਿਟੀ/ਅੰਦਰੂਨੀ ਸ਼ਹਿਰ) - ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਸੁਸ਼ੋਭਿਤ ਹੈ। ਸ੍ਰੀ ਅਨੰਦਪੁਰ ਸਾਹਿਬ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ। ਤਲਵੰਡੀ ਸਾਬੋ (ਦਮਦਮਾ ਸਾਹਿਬ) - ਗੁਰੂ ਕੀ ਕਾਂਸ਼ੀ ਵਜੋਂ ਜਾਣਿਆ ਜਾਂਦਾ ਤਖ਼ਤ ਸਾਹਿਬ।
ਮੀਟ, ਸ਼ਰਾਬ ਅਤੇ ਤੰਬਾਕੂ 'ਤੇ ਸੰਪੂਰਨ ਪਾਬੰਦੀ
ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਇਹਨਾਂ ਤਿੰਨਾਂ ਸ਼ਹਿਰਾਂ ਦੀਆਂ ਹੱਦਾਂ ਦੇ ਅੰਦਰ ਮੀਟ, ਸ਼ਰਾਬ ਅਤੇ ਤੰਬਾਕੂ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਹੋਵੇਗੀ। ਕਿਸੇ ਵੀ ਤਰ੍ਹਾਂ ਦੀਆਂ ਹੋਰ ਨਸ਼ੀਲੀਆਂ ਵਸਤਾਂ ਦੇ ਵਪਾਰ ਜਾਂ ਵਰਤੋਂ 'ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ। ਦੁਨੀਆ ਭਰ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹਨਾਂ ਸ਼ਹਿਰਾਂ ਵਿੱਚ ਈ-ਰਿਕਸ਼ਾ, ਮਿੰਨੀ ਬੱਸਾਂ ਅਤੇ ਸ਼ਟਲ ਬੱਸਾਂ ਵਰਗੇ ਜਨਤਕ ਆਵਾਜਾਈ ਦੇ ਸਾਧਨ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣਗੇ। ਸ਼ਰਧਾਲੂਆਂ ਨੂੰ ਨਤਮਸਤਕ ਹੋਣ ਵੇਲੇ ਕਿਸੇ ਵੀ ਕਿਸਮ ਦੀ ਆਵਾਜਾਈ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਦਾ ਐਲਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ, "ਮੈਂ ਬਹੁਤ ਵਡਭਾਗਾ ਹਾਂ ਕਿ ਪਰਮਾਤਮਾ ਨੇ ਮੈਨੂੰ ਇਹ ਬਲ ਅਤੇ ਸਮੱਤ ਬਖਸ਼ੀ ਕਿ ਮੈਂ ਇਸ ਇਤਿਹਾਸਕ ਫੈਸਲੇ ਨੂੰ ਲਾਗੂ ਕਰ ਸਕਿਆ। ਇਹ ਸ਼ਹਿਰ ਸਾਡੇ ਧਾਰਮਿਕ ਅਕੀਦੇ ਦੇ ਨਾਲ-ਨਾਲ ਸਾਡੇ ਸੱਭਿਆਚਾਰਕ ਵਿਰਸੇ ਦੇ ਵੀ ਪ੍ਰਤੀਕ ਹਨ।" ਉਨ੍ਹਾਂ ਭਰੋਸਾ ਦਿੱਤਾ ਕਿ ਇਹਨਾਂ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।